ਵਿਜੈਵਾੜਾ – ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਇਲਾਕੇ ਤੋਂ ਇਨਸਾਨੀਅਤ ਨੂੰ ਸਲਾਮ ਕਰਦੀ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਇਕ ਵਾਰ ਸਾਬਿਤ ਕਰ ਦਿੱਤਾ ਹੈ ਕਿ ਡਾਕਟਰ ਨੂੰ ਆਖ਼ਿਰ ਕਿਉਂ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ। ਅਸਲ ’ਚ ਵਿਜੈਵਾੜਾ ’ਚ ਕਰੀਬ 6 ਸਾਲਾ ਇਕ ਬੱਚਾ, ਜਿਸ ਨੂੰ ਬਿਜਲੀ ਦਾ ਝਟਕਾ ਲੱਗਿਆ ਸੀ, ਉਹ ਸੜਕ ਕੰਢੇ ਹੀ ਬੇਹੋਸ਼ ਹੋ ਕੇ ਡਿੱਗ ਗਿਆ ਸੀ।
ਉਸ ਦੇ ਮਾਪਿਆਂ ਨੇ ਉਸ ਨੂੰ ਉਠਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਦੀ ਧੜਕਣ ਮੱਠੀ ਹੁੰਦੀ ਜਾ ਰਹੀ ਸੀ। ਅਜਿਹੇ ’ਚ ਉਨ੍ਹਾਂ ਨੇ ਉਸ ਨੂੰ ਹਸਪਤਾਲ ਲਿਜਾਣਾ ਹੀ ਸਹੀ ਸਮਝਿਆ। ਉਹ ਪੁੱਤਰ ਨੂੰ ਮੋਢੇ ’ਤੇ ਚੁੱਕ ਕੇ ਹਸਪਤਾਲ ਵੱਲ ਨੂੰ ਪੈਰ ਕੱਢੇ ਤਾਂ ਇਕ ਮਹਿਲਾ ਡਾਕਟਰ ਉਨ੍ਹਾਂ ਨੂੰ ਦੇਖ ਕੇ ਰੁਕ ਗਈ।
ਜਾਣਕਾਰੀ ਮੁਤਾਬਕ ਇਸ ਡਾਕਟਰ ਦਾ ਨਾਂ ਨਨਾਪਾਨੇਨੀ ਰਾਵਲੀ ਹੈ ਤੇ ਉਹ ਮੈਡਸੀ ਹਸਪਤਾਲ ਵਿਖੇ ਆਪਸਟੈਟ੍ਰੀਸ਼ੀਅਨ ਵਜੋਂ ਕੰਮ ਕਰਦੀ ਹੈ। ਉਸ ਨੇ ਉੱਥੇ ਰੁਕ ਕੇ ਪੁੱਛਿਆ ਕਿ ਬੱਚੇ ਨੂੰ ਕੀ ਹੋਇਆ ਹੈ, ਤਾਂ ਉਨ੍ਹਾਂ ਨੇ ਆਪਣੇ ਬੱਚੇ ਦੀ ਮੌਜੂਦਾ ਹਾਲਾਤ ਬਾਰੇ ਦੱਸਿਆ। ਉਸ ਨੇ ਤੁਰੰਤ ਬੱਚੇ ਨੂੰ ਸੜਕ ’ਤੇ ਲਿਟਾਇਆ ਤੇ ਉਸ ਨੂੰ ਉਸ ਦੀ ਛਾਤੀ ਦਬਾ ਕੇ ਸੀ.ਪੀ.ਆਰ. ਦੇ ਕੇ ਉਸ ਦੀ ਜਾਨ ਬਚਾ ਲਈ ਤੇ ਬੱਚੇ ਦੀ ਧੜਕਨ ਮੁੜ ਚੱਲ ਪਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ।
