ਚੰਡੀਗੜ੍ਹ – ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਫੈਸਲਾ ਕਰੇਗਾ ਕਿ 60 ਉਮੀਦਵਾਰ ਵਿਧਾਇਕ ਚੁਣੇ ਜਾਂਦੇ ਹਨ ਜਾਂ ਨਹੀਂ। ਪੰਜਾਬ ‘ਚ ਸਰਕਾਰ ਬਣਾਉਣ ਲਈ 117 ਮੈਂਬਰੀ ਵਿਧਾਨ ਸਭਾ ‘ਚ 59 ਸੀਟਾਂ ‘ਤੇ ਜਿੱਤ ਜ਼ਰੂਰੀ ਹੈ ਅਤੇ ਸਿੱਧੂ ਵੱਲੋਂ ਦੱਸਿਆ ਗਿਆ 60 ਦਾ ਅੰਕੜਾ ਇਸ ਤੋਂ ਇਕ ਸੀਟ ਵੱਧ ਹੈ। ਸੂਬੇ ‘ਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਪੰਜਾਬ ‘ਚ ਚਰਨਜੀਤ ਸਿੰਘ ਚੰਨੀ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਹੋ ਸਕਦੇ ਹਨ। ਸੂਤਰਾਂ ਮੁਤਾਬਕ ਚੰਨੀ ਨੂੰ ਸਰਵੇ ‘ਚ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ਯਾਨੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੀਐਮ ਉਮੀਦਵਾਰ ਬਣਨ ਦੀ ਦੌੜ ਵਿੱਚ ਪਿੱਛੇ ਰਹੇ ਗਏ ਹਨ। ਲੰਬੇ ਸਮੇਂ ਤੋਂ ਕਾਂਗਰਸ ਵਿੱਚ ਮੁੱਖ ਮੰਤਰੀ ਉਮੀਦਵਾਰ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸ ਦਾ ਅਧਿਕਾਰਤ ਐਲਾਨ ਅੱਜ ਐਤਵਾਰ ਨੂੰ ਦੁਪਹਿਰ 2 ਵਜੇ ਕੀਤਾ ਜਾਵੇਗਾ।
ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਸੂਤਰਾਂ ਮੁਤਾਬਕ ਕਾਂਗਰਸ ਨੇ ਪੰਜਾਬ ਚੋਣਾਂ ਨੂੰ ਲੈ ਕੇ ਆਪਣੇ ਪੋਸਟਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਕੜੀ ‘ਚ ‘ਸਾਡਾ ਚੰਨੀ-ਸਾਡਾ ਮੁੱਖ ਮੰਤਰੀ’ ਦੇ ਥੀਮ ‘ਤੇ ਕਈ ਥਾਵਾਂ ‘ਤੇ ਪ੍ਰਚਾਰ ਸਮੱਗਰੀ ਬਣਾਈ ਜਾ ਰਹੀ ਹੈ। ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਹੋਈ ਜ਼ੁਬਾਨੀ ਜੰਗ ਤੋਂ ਬਾਅਦ ਚੰਨੀ ਨੂੰ ਪਿਛਲੇ ਸਾਲ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ। ਰਾਹੁਲ ਗਾਂਧੀ ਨੇ 27 ਜਨਵਰੀ ਨੂੰ ਆਪਣੀ ਪੰਜਾਬ ਫੇਰੀ ਦੌਰਾਨ ਐਲਾਨ ਕੀਤਾ ਸੀ ਕਿ ਕਾਂਗਰਸ ਵਿਧਾਨ ਸਭਾ ਚੋਣਾਂ ਲਈ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਕਰੇਗੀ ਅਤੇ ਪਾਰਟੀ ਵਰਕਰਾਂ ਨਾਲ ਸਲਾਹ-ਮਸ਼ਵਰਾ ਕਰਕੇ ਜਲਦੀ ਹੀ ਕੋਈ ਫੈਸਲਾ ਲਿਆ ਜਾਵੇਗਾ। ਲੰਬੇ ਸਮੇਂ ਤੋਂ ਕਾਂਗਰਸ ਮੁੱਖ ਮੰਤਰੀ ਦੀ ਚੋਣ ਲਈ ਲੋਕਾਂ ਦੀ ਰਾਏ ਜਾਣ ਰਹੀ ਹੈ। ਪਾਰਟੀ ਨੇ ਇਸ ਦੇ ਲਈ IVR ਸਰਵੇਖਣ ਕਰਵਾਇਆ ਸੀ। ਚੰਨੀ ਦੇ 111 ਦਿਨਾਂ ਦੇ ਮੁੱਖ 23 ਫੈਸਲਿਆਂ ਨਾਲ ਕਾਂਗਰਸ ਪਾਰਟੀ ਦਾ ਪੋਸਟਰ ਲਾਂਚ ਕੀਤਾ ਗਿਆ ਹੈ। ਚੰਨੀ ਦੇ ਨਾਂ ਦੇ ਪੋਸਟਰ, ਹੋਡਿੰਗ ਸਣੇ ਹੋਰ ਪ੍ਰਚਾਰ ਸਮੱਗਰੀ ਪੰਜਾਬ ਦੇ 117 ਹਲਕਿਆਂ ‘ਚ ਚੋਣ ਪ੍ਰਚਾਰ ਲਈ ਭੇਜੀ ਗਈ ਹੈ। ਚਰਚਾ ਹੈ ਕਿ ਐਲਾਨ ਤੋਂ ਬਾਅਦ ਪਾਰਟੀ ਚੰਨੀ ਦੇ ਪ੍ਰਚਾਰ ‘ਤੇ ਜ਼ੋਰ ਦੇਵੇਗੀ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਚਿਹਰੇ ਲਈ ਚੰਨੀ ਦਾ ਨਾਂ ਫਾਈਨਲ ਹੋ ਗਿਆ ਹੈ। ਕਾਂਗਰਸ ਪਾਰਟੀ ਵੱਲੋਂ ਕਰਵਾਏ ਸਰਵੇਖਣ ਵਿੱਚ ਵੀ ਚੰਨੀ ਨੂੰ ਭਾਰੀ ਗਿਣਤੀ ਵਿੱਚ ਵੋਟਾਂ ਪਈਆਂ।
ਇਸ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਉਹ ਪਾਰਟੀ ਦੇ ਹਰ ਫੈਸਲੇ ਨਾਲ ਡਟੇ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਐਤਵਾਰ ਨੂੰ ਸੀਐਮ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਸਕਦੀ ਹੈ। ਪੰਜਾਬ ਵਿੱਚ 20 ਫਰਵਰੀ ਨੂੰ ਇੱਕ ਪੜਾਅ ਵਿੱਚ ਵੋਟਾਂ ਪੈਣਗੀਆਂ। ਸਿੱਧੂ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਲਏ ਗਏ ਹਰ ਫੈਸਲੇ ਦੀ ਪਾਲਣਾ ਕਰਨਗੇ। ਉਨ੍ਹਾਂ ਕਿਹਾ, ‘ਮੈਂ ਚਾਰ ਦਿਨਾਂ ਲਈ ਕਾਂਗਰਸ ‘ਚ ਨਹੀਂ ਆਇਆ ਹਾਂ।’ ਹਾਲ ਹੀ ਵਿੱਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਸੂਬੇ ਵਿੱਚ ਕਾਂਗਰਸ ਦੇ ਸੀਐਮ ਉਮੀਦਵਾਰ ਨੂੰ ਲੈ ਕੇ ਸੀਐਮ ਚੰਨੀ ਅਤੇ ਸਿੱਧੂ ਵਿਚਾਲੇ ਤਣਾਅ ਚੱਲ ਰਿਹਾ ਹੈ। ਇੰਨਾ ਹੀ ਨਹੀਂ, ਦੋਵੇਂ ਨੇਤਾ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਤੋਂ ਸੂਬੇ ‘ਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਦੀ ਮੰਗ ਕਰ ਰਹੇ ਸਨ।