Punjab

ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਵਿੱਚ 69.65 ਫੀਸਦੀ ਵੋਟਿੰਗ !

ਚੰਡੀਗੜ੍ਹ – ਪੰਜਾਬ ‘ਚ 117 ਵਿਧਾਨ ਸਭਾ ਹਲਕਿਆਂ ‘ਚ ਵਿਧਾਇਕਾਂ ਦੀ ਚੋਣ ਲਈ ਇਕ ਪੜਾਅ ‘ਚ ਵੋਟਾਂ ਪਈਆਂ ਅਤੇ ਆਖਰੀ ਜਾਣਕਾਰੀ ਮਿਲਣ ਤੱਕ 69.65 ਫੀਸਦੀ ਵੋਟਿੰਗ ਦਰਜ ਕੀਤੀ ਗਈ ਜਦਕਿ ਪੰਜਾਬ ਦੀਆਂ 2017 ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੋਲਿੰਗ 78.57 ਫੀਸਦੀ ਵੋਟਿੰਗ ਅਤੇ ਇਸਤੋਂ ਪਹਿਲਾਂ 2012 ਵਿੱਚ 77.40 ਫੀਸਦੀ ਵੋਟਿੰਗ ਰਿਕਾਰਡ ਕੀਤੀ ਗਈ।

ਸਵੇਰੇ 8 ਵਜੇ ਤੋਂ ਹੀ ਲੋਕ ਵੋਟ ਪਾਉਣ ਲਈ ਲਾਈਨਾਂ ਵਿਚ ਲੱਗਣੇ ਸ਼ੁਰੂ ਹੋ ਗਏ। ਚੋਣ ਕਮਿਸ਼ਨ ਵਲੋਂ ਵੋਟਾਂ ਦੇ ਕੰਮ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਚੋਣਾਂ ਦੌਰਾਨ ਕੁਝ ਥਾਵਾਂ ਛੋਟੀਆਂ-ਮੋਟੀਆਂ ਘਟਨਾਵਾਂ ਸਾਹਮਣੇ ਆਈਆਂ ਅਤੇ ਚੋਣਾਂ ਦੌਰਾਨ ਅਣਸੁਖਾਵੀਆਂ ਘਟਾਨਾਵਾਂ ਨੂੰ ਰੋਕਣ ਲਈ 18 ਐਫਆਈਆਰਜ਼ ਦਰਜ ਕੀਤੀਆਂ ਗਈਆਂ। ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜੇ 10 ਮਾਰਚ ਨੂੰ ਜਾਰੀ ਕੀਤੇ ਜਾਣਗੇ।

ਪੰਜਾਬ ਦੇ ਵਿੱਚ ਵੋਟਾਂ ਖ਼ਤਮ ਹੁੰਦੇ ਹੀ ਜਨਤਾ ਦਾ ਫ਼ੈਸਲਾ ਈਵੀਐੱਮ ਮਸ਼ੀਨਾਂ ਦੇ ਵਿੱਚ ਬੰਦ ਹੋ ਗਿਆ ਹੈ। ਇਸ ਦੇ ਨਾਲ ਸਿਆਸੀ ਆਗੂਆਂ ਤੇ ਪਾਰਟੀਆਂ ਦੇ ਦਾਅਵਿਆਂ ਦਾ ਪਿਟਾਰਾ 10 ਮਾਰਚ ਨੂੰ ਖੁੱਲ੍ਹੇਗਾ ਅਤੇ ਉਸ ਦਿਨ ਇਹ ਪਤਾ ਲੱਗੇਗਾ ਕਿ ਕਿਸਦੇ ਦਾਅਵੇ ’ਚ ਕਿੰਨਾ ਦਮ ਸੀ ਤੇ ਸਿਆਸਤ ਦੇ ਇਸ ਖੇਡ ’ਚ ਅਸਲੀ ਖਿਡਾਰੀ ਦੀ ਭੂਮਿਕਾ ਨਿਭਾਉਣ ਵਾਲੇ ਮਤਦਾਤਾ ਨੇ ਕਿਸ ਨੂੰ ਪੰਜਾਬ ਦਾ ਸਰਤਾਜ ਬਣਾਇਆ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਵੇਰੇ ਟਵੀਟ ਕਰ ਕੇ ਜਿੱਥੇ ਪੰਜਾਬ ਦੇ ਭਵਿੱਖ ਲਈ ਵੋਟ ਪਾਉਣ ਦੀ ਅਪੀਲ ਕੀਤੀ, ਉੱਥੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਵਾਂ ਸੀਟਾਂ ਤੋਂ ਜਿੱਤ ਦਾ ਦਾਅਵਾ ਕੀਤਾ। ਲੰਬੀ ’ਚ ਬਾਦਲ ਪਰਿਵਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਉਨ੍ਹਾਂ ਦੀ ਧੀ ਹਰਕੀਰਤ ਕੌਰ ਬਾਦਲ ਨੇ ਇਕੱਠੇ ਮਤਦਾਨ ਕੀਤਾ।

ਪੰਜਾਬ ਵਿਚ ਵੋਟਿੰਗ ਵਿਚ ਇੱਕਾ-ਦੁੱਕਾ ਹਿੰਸਾ ਵੀ ਹੋਈ। ਬਠਿੰਡਾ ਅਤੇ ਫਿਰੋਜ਼ਪੁਰ ਵਿਚ ਗੋਲ਼ੀਆਂ ਚੱਲੀਆਂ। ਫਿਰੋਜ਼ਪੁਰ ਵਿਚ ਅਕਾਲੀ ਦਲ ਅਤੇ ਕਾਂਗਰਸ ਦੇ ਕਾਰਕੁੰਨਾਂ ਵਿਚ ਵੋਟਿੰਗ ਦੌਰਾਨ ਹੋਏ ਵਿਵਾਦ ਵਿਚ ਹਵਾਈ ਫਾਇਰਿੰਗ ਹੋਈ। ਹਾਲਾਂਕਿ ਕੋਈ ਜ਼ਖ਼ਮੀ ਨਹੀਂ ਹੋਇਆ। ਬਠਿੰਡਾ ਵਿਚ ਅਕਾਲੀ ਦਲ ਅਤੇ ਭਾਜਪਾ ਨੇ ਕਾਂਗਰਸੀ ਵਰਕਰਾਂ ’ਤੇ ਪੈਸੇ ਵੰਡਣ ਤੇ ਫਾਇਰਿੰਗ ਦਾ ਦੋਸ਼ ਲਗਾਇਆ। ਉੱਥੇ, ਅੰਮ੍ਰਿਤਸਰ ਵਿਚ ਅਕਾਲੀ ਦਲ ਤੇ ਕਾਂਗਰਸੀ ਕਾਰਕੁੰਨਾਂ ਵਿਚ ਇੱਟਾਂ-ਪੱਥਰ ਚੱਲੇ। ਇਕ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਗਿਆ। ਕੋਈ ਜ਼ਖ਼ਮੀ ਨਹੀਂ ਹੋਇਆ। ਲੁਧਿਆਣਾ ਵਿਚ ਕਾਂਗਰਸ, ‘ਆਪ’ ਤੇ ਭਾਜਪਾ ਕਾਰਕੁੰਨਾਂ ਵਿਚ ਤਲਵਾਰਾਂ ਚੱਲਣ ਨਾਲ ਦੋ ਲੋਕ ਜ਼ਖ਼ਮੀ ਹੋ ਗਏ। ਪਟਿਆਲਾ ਵਿਚ ਇਕ ਪੋਲਿੰਗ ਬੂਥ ਦੇ ਬਾਹਰ ਕਾਂਗਰਸੀ ਪੰਚ, ਉਸ ਦੇ ਪਿਤਾ ਤੇ ਭਰਾ ਤਲਵਾਰ ਲੱਗਣ ਨਾਲ ਜ਼ਖ਼ਮੀ ਹੋ ਗਏ। ਹਮਲੇ ਦਾ ਦੋਸ਼ ਅਕਾਲੀ ਦਲ ’ਤੇ ਹੈ। ਇੱਥੇ ਇਕ ਅਕਾਲੀ ਕਾਰਕੁੰਨ ਵੀ ਜ਼ਖ਼ਮੀ ਹੋ ਗਿਆ। ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ ਵਿਚ ਭਾਜਪਾ ਤੇ ਕਾਂਗਰਸ ਵਿਚ ਫਰਜ਼ੀ ਵੋਟ ਪਾਉਣ ਦੇ ਦੋਸ਼ ਵਿਚ ਝੜਪ ਹੋ ਗਈ।

ਪੰਜਾਬ ਵਿਧਾਨ ਸਭਾ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ਤੋਂ 1304 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿਚੋਂ 231 ਕੌਮੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ ਜਦਕਿ 461 ਆਜ਼ਾਦ ਉਮੀਦਵਾਰ ਹਨ। ਜਦਕਿ ਇਨ੍ਹਾਂ ਵਿਚੋਂ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।

ਸੂਬੇ ‘ਚ ਇਸ ਵਾਰ ਕੁੱਲ 2,14,99,804 ਵੋਟਰ ਹਨ, ਜਿਨ੍ਹਾਂ ‘ਚ 1,12,98,081 ਪੁਰਸ਼, 1,02,00,996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿਚ 1304 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ‘ਚ 1209 ਪੁਰਸ਼, 93 ਔਰਤਾਂ ਅਤੇ 2 ਟਰਾਂਸਜੈਂਡਰ ਸ਼ਾਮਲ ਹਨ। ਚੋਣ ਕਮਿਸ਼ਨ ਮੁਤਾਬਕ ਕੁੱਲ 1304 ਉਮੀਦਵਾਰਾਂ ‘ਚੋਂ 231 ਰਾਸ਼ਟਰੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ, ਜਦਕਿ 461 ਆਜ਼ਾਦ ਉਮੀਦਵਾਰ ਇਸ ਵਾਰ ਚੋਣ ਮੈਦਾਨ ਵਿਚ ਹਨ। ਚੋਣ ਲੜ ਰਹੇ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।
ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੂਲਤ ਲਈ ਸੂਬੇ ਭਰ ਵਿੱਚ ਪੋਲਿੰਗ ਸਟੇਸ਼ਨਾਂ ਵਾਲੀਆਂ 14684 ਥਾਵਾਂ ‘ਤੇ 24689 ਪੋਲਿੰਗ ਸਟੇਸ਼ਨ ਅਤੇ 51 ਆਗਜ਼ੀਲਰੀ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ‘ਚੋਂ 2013 ਦੀ ਪਛਾਣ ਗੰਭੀਰ, ਜਦਕਿ 2952 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਵਜੋਂ ਕੀਤੀ ਗਈ ਹੈ। ਇਸ ਵਾਰ ਸੂਬੇ ਦੇ ਵਿੱਚ 1196 ਮਾਡਲ ਪੋਲਿੰਗ ਸਟੇਸ਼ਨ, 196 ਮਹਿਲਾ ਪ੍ਰਬੰਧਤ ਪੋਲਿੰਗ ਸਟੇਸ਼ਨ ਅਤੇ 70 ਦਿਵਿਆਂਗਾਂ ਦੁਆਰਾ ਸੰਚਾਲਿਤ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ। ਇਸ ਵਾਰ ਦੀਆਂ ਚੋਣਾਂ ਦੇ ਵਿੱਚ ਕੋਵਿਡ-19 ਹਦਾਇਤਾਂ ਦਾ ਵੀ ਖ਼ਾਸ ਧਿਆਨ ਰੱਖਿਆ ਗਿਆ। ਇਸ ਚੋਣ ਵਿੱਚ ਚੋਣ ਕਮਿਸ਼ਨ ਦੇ 65 ਜਨਰਲ ਅਬਜ਼ਰਵਰ, 29 ਪੁਲਿਸ ਅਬਜ਼ਰਵਰ ਅਤੇ 50 ਖਰਚਾ ਅਬਜ਼ਰਬਰ ਤੋਂ ਇਲਾਵਾ 8784 ਮਾਈਕਰੋ-ਅਬਜ਼ਰਵਰਾਂ ਦੀ ਤਾਇਨਾਤ ਕੀਤੇ ਗਏ ਸਨ ਅਤੇ ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈੱਬਕਾਸਟਿੰਗ ਕੀਤੀ ਗਈ। ਵੋਟਿੰਗ ਦੌਰਾਨ ਸੂਬੇ ਦੀਆਂ ਸਾਰੀਆਂ ਦੁਕਾਨਾਂ ਤੇ ਵਪਾਰਕ ਅਦਾਰੇ ਵੀ ਬੰਦ ਰਹੇ। ਮੁਲਾਜ਼ਮ ਵੀ ਵੋਟਿੰਗ ਕਰ ਸਕਣ ਇਸ ਲਈ ਚੀਫ ਸੈਕ੍ਰੇਟਰੀ ਵੱਲੋਂ ਉਨ੍ਹਾਂ ਨੂੰ ਪੇਡ ਛੁੱਟੀ ਦਿੱਤੀ ਗਈ।

ਦਿੱਗਜ਼ ਨੇਤਾਵਾਂ ਦੇ ਹਲਕਿਆਂ ਵਿਚ ਵੋਟਿੰਗ ਫ਼ੀਸਦੀ

ਪ੍ਰਕਾਸ਼ ਸਿੰਘ ਬਾਦਲ (ਲੰਬੀ) – 72.40
ਕੈਪਟਨ ਅਮਰਿੰਦਰ ਸਿੰਘ (ਪਟਿਆਲਾ ਸ਼ਹਿਰੀ) – 59.50
ਚਰਨਜੀਤ ਸਿੰਘ ਚੰਨੀ (ਚਮਕੌਰ ਸਾਹਿਬ – 68 (ਭਦੌੜ) 71.30
ਭਗਵੰਤ ਮਾਨ (ਧੂਰੀ) – 68.0
ਸੁਖਬੀਰ ਸਿੰਘ ਬਾਦਲ (ਜਲਾਲਾਬਾਦ) – 77.0
ਨਵਜੋਤ ਸਿੰਘ ਸਿੱਧੂ (ਅੰਮ੍ਰਿਤਸਰ ਈਸਟ) – 53.0
ਜ਼ਿਲਿ੍ਹਆਂ ਵਿਚ ਕਿੰਨੇ ਫ਼ੀਸਦੀ ਪਈਆਂ ਵੋਟਾਂ
ਅੰਮ੍ਰਿਤਸਰ – 57.74
ਬਰਨਾਲਾ – 68.03
ਬਠਿੰਡਾ – 70.07
ਫ਼ਰੀਦਕੋਟ – 66.54
ਫ਼ਤਹਿਗੜ੍ਹ ਸਾਹਿਬ – 67.56
ਫਾਜ਼ਿਲਕਾ – 73.59
ਫਿਰੋਜ਼ਪੁਰ – 66.26
ਗੁਰਦਾਸਪੁਰ – 65.24
ਹੁਸ਼ਿਆਰਪੁਰ – 62.91
ਜਲੰਧਰ – 60.96
ਕਪੂਰਥਲਾ – 62.46
ਲੁਧਿਆਣਾ – 59.45
ਮਾਨਸਾ – 75.24
ਮੋਗਾ – 61.24
ਮਾਲੇਰਕੋਟਲਾ – 72.84
ਪਠਾਨਕੋਟ – 67.72
ਪਟਿਆਲਾ – 65.89
ਰੂਪਨਗਰ – 66.31
ਮੋਹਾਲੀ – 53.10
ਸੰਗਰੂਰ – 70.40
ਨਵਾਂਸ਼ਹਿਰ – 64.03
ਮੁਕਤਸਰ – 72.01
ਤਰਨਤਾਰਨ – 60.47

ਪੰਜਾਬ ਦੇ ਵਿੱਚ ਪਿਛਲੇ ਸਮੇਂ ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਪਈਆਂ ਵੋਟਾਂ ਦਾ ਵੇਰਵਾ:

1951 – 57.85
1957 – 57.72
1992 – 63.44
1967 – 71.18
1969 – 72.27
1972 – 68.63
1977 – 65.37
1980 – 64.33
1985 – 67.53
1992 – 23.82 (ਅਕਾਲੀ ਦਲ ਨੇ ਬਾਈਕਾਟ ਕੀਤਾ ਸੀ)
1997 – 68.73
2002 – 65.14
2007 – 75.49
2012 – 78.30
2017 – 77.40

2017 ਵਿਚ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ

(ਕੁੱਲ ਵੋਟਾਂ ਪਾਈਆਂ : 77.40 ਫ਼ੀਸਦੀ)

  • ਕਾਂਗਰਸ – 77
    ਅਕਾਲੀ ਦਲ – 15
    ਆਪ – 20
    ਭਾਜਪਾ – 03
    ਲੋਕ ਇਨਸਾਫ਼ ਪਾਰਟੀ – 2
    2017 ਜ਼ੋਨ ਵਾਈਜ਼ ਸਥਿਤੀ
    ਪਾਰਟੀ-ਮਾਝਾ-ਦੋਆਬਾ-ਮਾਲਵਾ
    ਕਾਂਗਰਸ – 22-15-40
    ਅਕਾਲੀ ਦਲ – 02-05-08
    ਆਪ – 02 – 0 – 18
    ਭਾਜਪਾ – 01 – 01 – 01
    ਲੋਕ ਇਨਸਾਫ਼ ਪਾਰਟੀ – 00-00-02

Related posts

ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸਿੱਖ ਪੰਥ ਦੇ ਨਾਂ ਸੰਦੇਸ਼ !

admin

ਸਪੈਸ਼ਲ ਟਾਸਕ ਫੋਰਸ ਦਾ ਕੰਮ ਹੁਣ ਵਧੇਰੇ ਪਾਰਦਰਸ਼ੀ ਹੋਵੇਗਾ

admin

ਜੂਆਲੋਜਿਕਲ ਸੋਸਾਇਟੀ ਨੇ ‘ਸੇਵਾ ਪਾਰਵ ਅਤੇ ਵਿਸ਼ਵ ਓਜ਼ੋਨ ਦਿਵਸ’ ਮਨਾਇਆ

admin