ਇੰਫਾਲ – ਮਣੀਪੁਰ ਪੁਲਸ ਨੇ ਥੌਬਲ ਜ਼ਿਲ੍ਹੇ ‘ਚ ਪਾਬੰਦੀਸ਼ੁਦਾ ਸੰਗਠਨ ਯੂਨਾਈਟੇਡ ਲਿਬਰੇਸ਼ਨ ਫਰੰਟ ਆਫ਼ ਮਣੀਪੁਰ (ਪਾਂਬੇਈ) ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤੇ। ਮੰਗਲਵਾਰ ਨੂੰ ਇਕ ਅਧਿਕਾਰਤ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ। ਬਿਆਨ ‘ਚ ਕਿਹਾ ਗਿਆ ਹੈ ਕਿ ਯੂਐੱਨਐੱਲਐੱਫ (ਪੀ) ਦ ਮੈਂਬਰਾਂ ਨੂੰ ਲੋਕਾਂ ਨੂੰ ਧਮਕਾਉਣ ਅਤੇ ਥੌਬਲ ਜ਼ਿਲ੍ਹੇ ‘ਚ ਜ਼ਮੀਨ ਹੱਦਬੰਦੀ ਦੀ ਪ੍ਰਕਿਰਿਆ ਨੂੰ ਰੋਕਣ ਦੇ ਦੋਸ਼ ‘ਚ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਿਆਨ ਅਨੁਸਾਰ, ਉਨ੍ਹਾਂ ਦੇ ਕਬਜ਼ੇ ਤੋਂ ਤਿੰਨ ਏ.ਕੇ. 47 ਰਾਈਫਲ, 2 ਏਕੇ 56 ਰਾਈਫਲ, ਇਕ ਐੱਮ-16 ਰਾਈਫਲ, 9 ਐੱਮਐੱਮ ਦੀ ਇਕ ਪਿਸਤੌਲ ਨਾਲ ਗੋਲਾ ਬਾਰੂਦ ਅਤੇ 16 ਮੋਬਾਇਲ ਅਤੇ ਇਕ ਐੱਸਯੂਵੀ ਜ਼ਬਤ ਕੀਤੀ ਗਈ। ਯੂਐੱਨਐੱਲਐੱਫ ਦੇ ਪਾਂਬੇਈ ਸਮੂਹ ਨੇ 2023 ‘ਚ ਕੇਂਦਰ ਨਾਲ ਜੰਗਬੰਦੀ ਸਮਝੌਤੇ ‘ਤੇ ਦਸਤਖ਼ਤ ਕੀਤੇ ਸਨ। ਪੁਲਸ ਨੇ ਸੋਮਵਾਰ ਨੂੰ ਇੰਫਾਲ ਵੈਸਟ ਦੇ ਟਾਪ ਲੀਰਾਕ ਮਾਚਿਨ ਖੇਤਰ ਤੋਂ ਪਾਬੰਦੀਸ਼ੁਦਾ ਪੀਪਲਜ਼ ਲਿਬਰੇਸ਼ਨ ਆਰਮੀ ਦੇ ਇਕ ਅੱਤਵਾਦੀ ਨੂੰ ਵੀ ਗ੍ਰਿਫ਼ਤਾਰ ਕੀਤਾ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਅੱਤਵਾਦੀ ਇੰਫਾਲ ਖੇਤਰ ‘ਚ ਜ਼ਬਰਨ ਵਸੂਲੀ ਦੀਆਂ ਗਤੀਵਿਧੀਆਂ ‘ਚ ਸ਼ਾਮਲ ਸੀ।