ਅੰਮ੍ਰਿਤਸਰ – ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸੰਨ ’84 ਦੇ ਸਿੱਖ ਕਤਲੇਆਮ ਮਾਮਲੇ ’ਚ ਕਾਨੂੰਨੀ ਪ੍ਰੀਕ੍ਰਿਆ ’ਚੋਂ ਗੁਜ਼ਰ ਰਹੇ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਦਿੱਲੀ ਦੀ ਰਾਊਸ ਐਵੀਨਿਊ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਫੈਸਲਾ ਦਾ ਸਵਾਗਤ ਕਰਦਿਆਂ ਕਿਹਾ ਕਿ ਹਰੇਕ ਇਨਸਾਨ ਨੂੰ ਉਸ ਦੇ ਕੀਤੇ ਗਏ ਜੁਰਮਾਂ ਦੀ ਸਜ਼ਾ ਇਕ ਨਾ ਇਕ ਦਿਨ ਜਰੂਰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ 84 ਦੇ ਸਿੱਖ ਪੀੜਤ ਪਰਿਵਾਰਾਂ ਨੂੰ ਕੁਝ ਇਨਸਾਨ ਤਾਂ ਮਿਲਿਆ ਹੈ।
ਸ: ਛੀਨਾ ਨੇ ਜਾਰੀ ਆਪਣੇ ਪ੍ਰੈਸ ਬਿਆਨ ’ਚ ਕਿਹਾ ਕਿ ’84 ਦੇ ਕਤਲੇਆਮ ਦੌਰਾਨ ਬੇਕਸੂਰ ਸਿੱਖਾਂ ਨੂੰ ਦਿੱਲੀ ਦੀਆਂ ਸੜਕਾਂ ’ਤੇ ਜਿੰਦਾ ਸਾੜਿਆ ਗਿਆ, ਜਿਸ ’ਚ ਕਾਂਗਰਸ ਦੇ ਬਹੁਤ ਸਾਰੇ ਆਗੂ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਕੇਂਦਰ ’ਚ ਸੱਤਾਧਾਰੀ ਪਾਰਟੀ ਰਹੀ ਹੈ, ਇਸ ਲਈ ਦੋਸ਼ੀਆਂ ਖਿਲਾਫ਼ ਕਾਰਵਾਈ ਨਹੀਂ ਹੋਈ ਅਤੇ ਇਹ ਸਾਰੇ ਦੋਸ਼ੀ ਆਗੂ ਸੱਤਾ ਦਾ ਆਨੰਦ ਮਾਣਦੇ ਰਹੇ। ਪਰ 2014 ਤੋਂ ਬਾਅਦ ਕੇਂਦਰ ’ਚ ਭਾਜਪਾ ਦੀ ਮੋਦੀ ਸਰਕਾਰ ਦੇ ਸੱਤਾ ’ਚ ਆਉਣ ਉਪਰੰਤ ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ਼ ਸਜ਼ਾਵਾਂ ਦਾ ਸਿਲਸਿਲਾ ਸ਼ੁਰੂ ਹੋਇਆ। ਉਨ੍ਹਾਂ 84 ਦੌਰਾਨ ਸੱਜਣ ਕੁਮਾਰ ਦੁਆਰਾ ਕੀਤੀਆਂ ਗਈਆਂ ਅਤਿ ਨਿੰਦਨਯੋਗ ਅਤੇ ਦੁਖਦਾਈ ਕਾਰਵਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਮਰ ਕੈਦ ਹੋਣਾ ਪ੍ਰਤੱਖ ਕਰਦਾ ਹੈ ਕਿ ਕਤਲੇਆਮ ’ਚ ਉਹ ਮਾਸਟਰ ਮਾਈੰਡ ਰਿਹਾ, ਪਰ ਕਾਂਗਰਸ ਪਾਰਟੀ ਦੀ ਛੱਤਰ-ਛਾਇਆ ਹੇਠ ਬਚਿਆ ਹੀ ਨਹੀਂ, ਬਲਕਿ ਬੇਕਸੂਰ ਮਾਸੂਮ ਸਿੱਖਾਂ ਨੂੰ ਕਤਲ ਕਰਨ ਲਈ ਸਰਕਾਰ ਅਤੇ ਪਾਰਟੀ ਨੇ ਉਸ ਨੂੰ ਬਹੁਤ ਸਾਰੇ ਉਚ ਅਹੱੁਦਿਆਂ ਨਾਲ ਨਿਵਾਜਿਆ।
ਸ: ਛੀਨਾ ਨੇ ਕਿਹਾ ਕਿ ਸੱਜਣ ਕੁਮਾਰ ਤੋਂ ਇਲਾਵਾ ਹੋਰ ਕਾਂਗਰਸੀ ਆਗੂਆਂ ਜਿਨ੍ਹਾਂ ’ਚ ਕਮਲ ਨਾਥ ਅਤੇ ਜਗਦੀਸ਼ ਟਾਈਟਲਰ ਵੀ ਸ਼ਾਮਿਲ ਸਨ, ਦੇ ਖਿਲਾਫ਼ ਵੀ ਵੱਖ-ਵੱਖ ਅਦਾਲਤਾਂ ’ਚ ਕੇਸ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ ਆਸ ਹੈ ਆਉਣ ਵਾਲੇ ਸਮੇਂ ’ਚ ਇਨ੍ਹਾਂ ਵਿਅਕਤੀਆਂ ਖਿਲਾਫ਼ ਅਦਾਲਤ ਠੋਸ ਫੈਸਲੇ ਸੁਣਾਏਗੀ। ਉਨ੍ਹਾਂ ਦਿੱਲੀ ਸਰਕਾਰ ਨੂੰ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਦਿਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦੋਸ਼ੀ ਮੌਤ ਦੀ ਸਜ਼ਾ ਦਾ ਹੱਕਦਾਰ ਹੈ, ਇਸ ਲਈ ਉਸ ਨੂੰ ਹੋਰ ਸਖਤ ਸਜ਼ਾ ਦੇਣ ਲਈ ਹਾਈਕੋਰਟ ਦਾ ਦਰਵਾਜਾ ਖਟਖਟਾਉਣਾ ਚਾਹੀਦਾ ਹੈ। ਉਨ੍ਹਾਂ ਸਿੱਖ ਕਤਲੇਆਮ ਦੇ ਕੇਸਾਂ ’ਚ ਦਿੱਲੀ ਹਾਈਕੋਰਟ ਵੱਲੋਂ ਬਰੀ ਕੀਤੇ ਗਏ ਲੋਕਾਂ ਖਿਲਾਫ਼ ਸੁਪਰੀਮ ਕੋਰਟ ’ਚ ਦਿੱਲੀ ਪੁਲਿਸ ਵੱਲੋਂ ਕੀਤੀ ਖਾਨਾਪੂਰਤੀ ਦੀ ਥਾਂ ਇਨਸਾਫ਼ ਲਈ ਦਿੱਲੀ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ’ਚ ਵਰਤੀ ਗਈ ਢਿੱਲੀ ਕਾਰਗੁਜ਼ਾਰੀ ਸਮੂਹ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਦਾ ਕਾਰਨ ਬਣਨ ਦੇ ਨਾਲ-ਨਾਲ ਭਾਰਤੀ ਇਨਸਾਫ਼ ਵਿਵਸਥਾ ਨਾਲ ਖਿਲਵਾੜ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ 84 ਵੇਲੇ ਸਿੱਖਾਂ ’ਤੇ ਅਣਮਨੁੱਖੀ ਤਸ਼ੱਦਦ ਢਾਹਉਂਦਿਆਂ ਜਿਊਂਦੇ ਹੀ ਪੈਟਰੋਲ ਪਾ ਕੇ ਅਤੇ ਗੱਲਾਂ ’ਚ ਟਾਇਰ ਪਾ ਕੇ ਅੱਗ ਲਗਾਉਣ ਤੋਂ ਇਲਾਵਾ ਧੀਆਂ-ਭੈਣਾਂ ਦੀ ਦਿਨ ਦਿਹਾੜੇ ਬੇਪਤੀ ਕੀਤੀ, ਉਹ ਰੂਹ ਕੰਬਾਉਣ ਵਾਲਾ ਦ੍ਰਿਸ਼ ਸੀ। ਉਨ੍ਹਾਂ ਕਿਹਾ ਕਿ ‘ਬੜਾ ਦਰੱਖਤ ਗਿਰਤਾ ਹੈ, ਤੋਂ ਧਰਤੀ ਹਿਲਤੀ ਹੈ’ ਰਾਜੀਵ ਗਾਂਧੀ ਦੇ ਅਜਿਹੇ ਲਫ਼ਜ਼ਾਂ ਨੇ ਕਾਤਲਾਂ ਨੂੰ ਹੱਲਾਸ਼ੇਰੀ ਦਿੱਤੀ। ਉਨ੍ਹਾਂ ਕਿਹਾ ਕਿ ਨਾਨਾਵਤੀ ਕਮਿਸ਼ਨ ਨੇ ਦਿਨ ਦਿਹਾੜੇ ਹਜ਼ਾਰਾਂ ਨਿਰਦੋਸ਼ਾਂ ਦੇ ਕਤਲਾਂ ਲਈ ਮੌਕੇ ਦੀ ਕਾਂਗਰਸ ਸਰਕਾਰ ਅਤੇ ਕਾਂਗਰਸੀ ਆਗੂਆਂ ਦੀ ਸਖ਼ਤ ਆਲੋਚਨਾ ਕੀਤੀ। ਪਰ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਸਬੰਧੀ ਕਾਂਗਰਸ ਸਰਕਾਰ ਨੇ ਇਨਕਾਰ ਤਾਂ ਕੀਤਾ ਹੀ, ਸਗੋਂ ਉਨ੍ਹਾਂ ਨੂੰ ਕਲੀਨ ਚਿੱਟ ਵੀ ਦਿੱਤੀ ਅਤੇ ਨਾਲ ਹੀ ਸੱਜਣ ਕੁਮਾਰ, ਕਮਲ ਨਾਥ, ਐੱਚ. ਕੇ. ਐੱਲ. ਭਗਤ ਅਤੇ ਜਗਦੀਸ਼ ਟਾਈਟਲਰ ਵਰਗਿਆਂ ਨੂੰ ਉੱਚ ਸਿੰਘਾਸਨਾਂ ’ਤੇ ਬਿਠਾ ਕੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਣਨ ਵਾਲੀ ਭੂਮਿਕਾ ਨਿਭਾਈ।