ਪਿਤਾ ਦਿਵਸ ਵਾਲੇ ਦਿਨ ਮੈਂ ਇਕ ਕਵਿਤਾ ‘ਮੇਰੇ ਪਿਤਾ’ ਲਿਖ ਕੇ ਫੇਸ ਬੁੱਕ ਤੇ ਪੋਸਟ ਕਰ ਦਿੱਤੀ। ਘੰਟੇ ਕੁ ਪਿੱਛੋਂ ਮੇਰੀ ਪਤਨੀ ਦੇ ਚਾਚੇ ਦੇ ਮੁੰਡੇ ਮੁਨੀਸ਼ ਦਾ ਫੋਨ ਆ ਗਿਆ।ਆਖਣ ਲੱਗਾ, “ਜੀਜਾ ਜੀ, ਤੁਹਾਡੀ ਕਵਿਤਾ ਮੈਨੂੰ ਬਹੁਤ ਵਧੀਆ ਲੱਗੀ। ਪਰ ਮੈਨੂੰ ਇਕ ਇਤਰਾਜ਼ ਆ।”
“ਕੀ ਇਤਰਾਜ਼ ਆ?” ਮੈਂ ਉਤਸੁਕਤਾ ਨਾਲ ਪੁੱਛਿਆ।
“ਤੁਸੀਂ ਆਪਣੀ ਕਵਿਤਾ ਵਿੱਚ ਪਿਤਾ ਲਈ ਤੂੰ ਸ਼ਬਦ ਦੀ ਵਰਤੋਂ ਕੀਤੀ ਆ, ਜੋ ਕਿ ਠੀਕ ਨਹੀਂ।ਤੁਹਾਨੂੰ ਆਪਣੇ ਪਿਤਾ ਲਈ ਤੁਸੀਂ ਸ਼ਬਦ ਦੀ ਵਰਤੋਂ ਕਰਨੀ ਚਾਹੀਦੀ ਸੀ।”
“ਗੁਰੁ ਗ੍ਰੰਥ ਸਾਹਿਬ ਵਿੱਚ ਪ੍ਰਮਾਤਮਾ ਨੂੰ ਗੁਰੂਆਂ ਨੇ ਵੀ ਤੂੰ ਸ਼ਬਦ ਨਾਲ ਵਾਰ ਵਾਰ ਪੁਕਾਰਿਆ ਆ। ਫਿਰ ਤੂੰ ਸ਼ਬਦ ਦੀ ਵਰਤੋਂ ਪਿਤਾ ਲਈ ਠੀਕ ਕਿਉਂ ਨਹੀਂ?”
“ਪਰ ਮੈਂ ਤਾਂ ਆਪਣੇ ਪਿਤਾ ਨੂੰ ਹਮੇਸ਼ਾ ਤੁਸੀਂ ਕਹਿ ਕੇ ਬੁਲਾਂਦਾ ਆਂ।”
“ਤੁਸੀਂ ਆਪਣੇ ਪਿਤਾ ਨੂੰ ਤੁਸੀਂ ਕਹਿ ਕੇ ਜ਼ਰੂਰ ਬੁਲਾਂਦੇ ਹੋ, ਪਰ ਉਹ ਤੁਹਾਨੂੰ ਕਈ ਸਾਲਾਂ ਤੋਂ ਹੱਦੋਂ ਵੱਧ ਸ਼ਰਾਬ ਪੀਣ ਤੋਂ ਰੋਕ ਰਹੇ ਆ, ਤੁਸੀਂ ਹਾਲੇ ਤੱਕ ਉਨ੍ਹਾਂ ਦਾ ਕਹਿਣਾ ਕਿਉਂ ਨਹੀਂ ਮੰਨਿਆ?ਫਿਰ ਉਨ੍ਹਾਂ ਨੂੰ ਤੁਸੀਂ ਕਹਿ ਕੇ ਬੁਲਾਣ ਦਾ ਕੀ ਲਾਭ? ਤੁਸੀਂ ਆਪਣੇ ਸਾਰੇ ਪਰਿਵਾਰ ਦੀ ਜ਼ਿੰਦਗੀ ਨਰਕ ਬਣਾ ਛੱਡੀ ਆ। ਇਕ ਦਿਨ ਤੁਹਾਨੂੰ ਇਸ ਸ਼ਰਾਬ ਨੇ ਲੈ ਬਹਿਣਾ।”
ਏਨਾ ਸੁਣਦੇ ਸਾਰ ਹੀ ਮੁਨੀਸ਼ ਨੇ ਫੋਨ ਕੱਟ ਦਿੱਤਾ।
– ਮਹਿੰਦਰ ਸਿੰਘ ਮਾਨ, ਰੱਕੜਾਂ ਢਾਹਾ