
ਫਿਰੋਜ਼ਪੁਰ
ਪਿਛਲੇ ਕੁਝ ਦਿਨਾਂ ਤੋਂ ਭਾਰਤ/ਚੀਨ ਦਰਮਿਆਨ LAC (Line of Actual Control)ਵਿਵਾਦ ਬਹੁਤ ਭੱਖਿਆ ਹੋਇਆ ਸੀ। ਪਰੰਤੂ ਦੇਸ਼ ਦੇ ਦਿਲ ਦੇ ਡੂੰਘੀ ਸੱਟ ਉਦੋਂ ਵੱਜੀ, ਜਦੋਂ ਚੀਨੀ ਘੁਸਪੈਠੀਏ ਸੈਨਿਕਾਂ ਵੱਲੋਂ ਸਾਡੇ ਤਕਰੀਬਨ 20 ਜਵਾਨ ਸ਼ਹੀਦ ਅਤੇ ਕਈ ਜ਼ਖਮੀ ਕਰ ਦੇਣ ਦੀ ਖ਼ਬਰ ਨਿਕਲ ਕੇ ਸਾਹਮਣੇ ਆਈ।ਗੱਲ ਹੈਰਾਨ ਕਰਨ ਵਾਲੀ ਸੀ ਕਿ ਭਾਵੇਂ ਸਮੇਂ-ਸਮੇਂ ਤੇ ਭਾਰਤੀ ਅਤੇ ਚੀਨੀ ਫੋਜੀਆਂ ਵਿਚਾਲੇ ਮਾਮੂਲੀ ਹੱਥੋਪਾਈ ਹੁੰਦੀ ਹੀ ਰਹਿੰਦੀ ਹੈ।ਪਰੰਤੂ (1967 ਦੇ ਸਿੱਕਮ ਵਿਵਾਦ) ਤੋਂ ਬਾਅਦ ਪਿਛਲੇ ਕਈ ਦਹਾਕਿਆਂ ਤੋਂ ਜਿਸ ਸੀਮਾ ਉਪਰ ਇੱਕ ਗੋਲੀ ਤੱਕ ਨਹੀਂ ਚੱਲੀ ਸੀ।ਉਸੇ ਹੀ ਸੀਮਾ ਤੇ ਭਾਰਤੀ ਜਵਾਨਾਂ ਉਤੇ ਛੂਰੀਆਂ ਅਤੇ ਬਲੇਡ ਲੱਗੇ ਡੰਡੇਆਂ ਨਾਲ ਹਮਲਾ ਕਰਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ।ਇਸਦਾ ਮੁੱਖ ਕਾਰਨ ਕੀ ਸੀ, ਕਿ ਚੀਨ ਨੇ ਇੰਨਾ ਵੱਡਾ ਕਦਮ ਬਿੰਨਾ ਕਿਸੇ ਹਿਚਕਚਾਹਟ ਦੇ ਹੀ ਚੁੱਕ ਲਿਆ। ਇਸ ਵਿੱਚ ਕੋਈ ਦੁਹਰਾਵਾ ਨਹੀ ਕਿ ਇਹ ਐਕਸ਼ਨ ਚੀਨ ਦੀ ਆਰਮੀ ਨੂੰ ਉਥੋਂ ਦੀ ਸਰਕਾਰ ਨੇ ਪੂਰੀ ਛੂਟ ਦੇਕੇ ਕਰਵਾਇਆ ਹੈ। ਮੇਰੇ ਆਪਣੇ ਮੁਤਾਬਿਕ ਕਰੋਨਾ ਵਾਇਰਸ ਕਾਰਨ ਜੋ ਚੀਨ ਉੱਪਰ ਵਿਸ਼ਵ ਦੇ ਦੂਜੇ ਮੁਲਕਾਂ ਦਾ ਦਬਾਅ ਵੱਧ ਰਿਹਾ ਸੀ,ਹੋ ਸਕਦਾ ਹੈ ਪਾਸੋਂ ਧਿਆਨ ਭਟਕਾਉਣ ਲਈ ਇਹ ਕੋਈ ਚੀਨੀ ਚਾਲ ਹੋਵੇ।ਪਰੰਤੂ ਵਿਸ਼ਵ ਦੀ ਇੱਕ ਵੱਡੀ ਸ਼ਕਤੀ ਵੱਜੋਂ ਉਭਰ ਰਹੇ ਭਾਰਤ ਅਤੇ ਉਸਦੇ ਸੈਨਿਕਾਂ ਨਾਲ ਅਜਿਹੀ ਬਰਬਰਤਾ। ਇਸਦਾ ਕੀ ਮਤਲਬ ਕੱਢਿਆ ਜਾਵੇ ਕਿ ਚੀਨ ਨੇ ਭਾਰਤੀ ਸਰਕਾਰ ਦੇ ਸੀਮਾ ਸੁਰੱਖਿਆ ਅਤੇ ਦੇਸ਼ ਰੱਖਿਆ ਦੇ ਦਾਅਵਿਆਂ ਅਤੇ ਬਿਆਨਾਂ ਨੂੰ ਬਸ ਟਿੱਚ ਹੀ ਸਮਝਿਆ।ਇਸਦਾ ਸਭ ਤੋਂ ਵੱਡਾ ਕਾਰਨ ਜੋ ਮੈਨੂੰ ਸਮਝ ਆਉਂਦਾ ਹੈ,ਉਹ ਹੈ ਭਾਰਤ ਦੀ ਵਿਦੇਸ਼ ਨੀਤੀ ਜੋ ਦੋ ਮੁਲਕਾਂ ਦੀ ਵਿਦੇਸ਼ ਨੀਤੀ ਤੋਂ ਹੱਟਕੇ ਕਿਸੇ ਵਿਅਕਤੀ ਵਿਸ਼ੇਸ਼ ਦੀ ਵਿਦੇਸ਼ ਨੀਤੀ ਬਣਕੇ ਰਹਿ ਗਈ ਹੈ।ਚੀਨੀ ਰਾਸ਼ਟਰਪਤੀ ਦੀ ਭਾਰਤ ਫੇਰੀ ਦੌਰਾਨ ਚੀਨ/ਭਾਰਤ ਨੂੰ ਚੰਗਾ ਦੋਸਤ ਕਹਿਣ ਦੀ ਬਜਾਏ ਚੀਨੀ ਰਾਸ਼ਟਰਪਤੀ ਸ਼ੀ ਜੀਨਪੀਂਗ ਅਤੇ ਪੀ.ਐਮ ਮੋਦੀ ਨੂੰ ਚੰਗੇ ਮਿੱਤਰ ਕਿਹਾ ਜਾ ਰਿਹਾ ਸੀ। ਇਸੇ ਤਰ੍ਹਾ ਅਮਰੀਕਾ ਨੂੰ ਭਾਰਤ ਦਾ ਚੰਗਾ ਅਤੇ ਸੱਚਾ ਮਿੱਤਰ ਕਹਿਣ ਦੀ ਥਾਂ ਟਰੰਪ ਅਤੇ ਮੋਦੀ ਨੂੰ ਚੰਗਾ ਮਿੱਤਰ ਕਿਹਾ ਜਾ ਰਿਹਾ ਸੀ।ਜਿਸਦਾ ਨਤੀਜਾ ਵੀ ਜਲਦੀ ਹੀ ਸਾਹਮਣੇ ਆ ਗਿਆ ਜਦੋਂ ਆ ਗਿਆ।ਜਦੋਂ ਰਾਸ਼ਟਰਪਤੀ ਟਰੰਪ ਨੇ ਮੋਦੀ ਸਾਬ੍ਹ ਨੂੰ ਤਾਂ ਹੋ ਸਕਦਾ ਧਮਕੀ ਨਾ ਹੀ ਦਿੱਤੀ ਹੋਵੇ,ਪਰੰਤੂ ਭਾਰਤ ਨੂੰ ਧਮਕੀ ਜਰੂਰ ਦਿੱਤੀ ਕਿ ਸਾਨੂੰ ਦਵਾਈਆਂ ਜਲਦੀ ਭੇਜੋ ਨਹੀਂ ਤਾਂ ਨਤੀਜਾ ਭੁਗਤਣ ਲਈ ਤਿਆਰ ਰਹਿਣਾ।ਦੱਸੋ ਇਹ ਕਿਹੋ ਜਿਹੀ ਵਿਦੇਸ਼ ਨੀਤੀ ਹੈ ਜੋ ਟੇਬਲ ਟਾਲਕ ਕਰਨ ਤੋਂ ਮਹਿਜ਼ ਦੋ ਦਿਨ ਬਾਅਦ ਹੀ ਆਪਣੇ 20 ਕੋਹਿਨੂਰ ਵਰਗੇ ਜਵਾਨ ਮਰਵਾ ਦੇਵੇ।ਸਾਡੇ ਤਾਂ ਪੰਜਾਬੀ ਦੀ ਬੜੀ ਮਸ਼ਹੂਰ ਕਹਾਵਤ ਹੈ ਕਿ “ਜਿਹਨੂੰ ਜ਼ਿਆਦਾ ਸਿਰ ਚੜਾਵਾੰਗੇ, ਉਹ ਤੁਹਾਡੀਆਂ ਹੀ ਜੜ੍ਹਾਂ ਕਮਜੋਰ ਕਰੇਗਾ”।ਦੇਖੋ ਮਿੱਤਰਤਾ ਨਿਭਾਉਣੀ ਇਕ ਅਲੱਗ ਵਿਸ਼ਾ ਹੈ ਪਰੰਤੂ ਦੇਸ਼ਾ ਨੂੰ ਇਕਸਾਰਤਾ ਦੇਣਾ ਅਤੇ ਨੀਤੀਆਂ ਬਣਾਉਣਾ ਇਕ ਵੱਖਰਾ ਵਿਸ਼ਾ ਹੈ।ਸੱਤਾ ਕਰਨ ਵਾਲੇ ਬਦਲਦੇ ਹੀ ਰਹਿਣਗੇ ਪਰੰਤੂ ਦੇਸ਼ ਉਹੀ ਰਹਿਣਗੇ,ਇਸ ਲਈ ਸਾਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀ ਬਲਕਿ ਦੇਸ਼ ਦੇ ਦੂਰਅੰਦੇਸ਼ੀ ਵਿਸ਼ਿਆ ਨੂੰ ਅੱਗੇ ਰੱਖਕੇ ਨੀਤੀ ਬਣਾਉਣੀ ਚਾਹੀਦੀ ਹੈ।