ਬਰਲਿਨ – ਬਾਇਰਨ ਮਿਊਨਿਖ ਨੇ ਬਾਯਰ ਲੀਵਰਕੂਸੇਨ ਨੂੰ 4-2 ਨਾਲ ਹਰਾ ਕੇ ਜਰਮਨ ਲੀਗ ਦੇ 20ਵੇਂ ਖਿਤਾਬ ਦੇ ਨਾਲ ਘਰੇਲੂ ਖਿਤਾਬ ਦਾ ‘ਡਬਲ’ ਪੂਰਾ ਕੀਤਾ। ਖਿਡਾਰੀਆਂ ਨੇ ਹਾਲਾਂਕਿ ਘਰੇਲੂ ਸੈਸ਼ਨ ਵਿਚ ਲਗਾਤਾਰ ਦੂਜੇ ਖਿਤਾਬ ਦਾ ਜਸ਼ਨ ਖਾਲੀ ਸਟੇਡੀਅਮ ਵਿਚ ਮਨਾਇਆ। ਇਹ ਪਹਿਲੀ ਵਾਰ ਸੀ ਜਦੋਂ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਕੱਪ ਫਾਈਨਲ ਦਾ ਆਯੋਜਨ ਖਾਲੀ ਸਟੇਡੀਅਮ ਵਿਚ ਕਰਵਾਉਣਾ ਪਿਆ।
ਪਹਿਲਾਂ ਹੀ ਲਗਾਤਾਰ ਅੱਠਵਾਂ ਬੁੰਦੇਸਲੀਗਾ ਖਿਤਾਬ ਜਿੱਤ ਚੁੱਕੇ ਬਾਇਰਨ ਵਲੋਂ ਰਾਬਰਟੋ ਲੇਵਾਨਦੋਵਸਕੀ ਨੇ ਦੋ ਜਦਕਿ ਡੇਵਿਡ ਅਲਾਬਾ ਤੇ ਸਰਜ ਗ੍ਰੇਬ੍ਰੀ ਨੇ ਇਕ-ਇਕ ਗੋਲ ਕੀਤਾ। ਲੇਵਾਨਦੋਵਸਕੀ ਨੇ ਇਸਦੇ ਨਾਲ ਹੀ ਇਸ ਸੈਸ਼ਨ ਵਿਚ ਗੋਲ ਦਾ ਅਰਧ ਸੈਂਕੜਾ ਵੀ ਪੂਰਾ ਕੀਤਾ। ਬਾਇਰਨ ਨੇ ਲਗਾਤਾਰ ਦੂਜੇ ਸਾਲ ਲੀਗ ਤੇ ਕੱਪ ਖਿਤਾਬ ਦਾ ‘ਡਬਲ’ ਪੂਰਾ ਕੀਤਾ ਹੈ। ਟੀਮ ਨੇ ਕੁਲ 13ਵੀਂ ਵਾਰ ਇਹ ਖਿਤਾਬ ਹਾਸਲ ਕੀਤਾ।