ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਜਦੋਂ ਮਨੁੱਖ ਚੰਦਰਮਾ ਤੱਕ ਪਹੁੰਚ ਕੇ ਅਤੇ ਹੋਰ ਵੱਖ ਵੱਖ ਗ੍ਰਹਿ ਉੱਪਰ ਜੀਵਨ ਦੀ ਤਲਾਸ਼ ਕਰ ਰਿਹਾ ਹੈ।ਇਹ ਸੁਣ ਅਤੇ ਸੋਚ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਸਾਡੇ ਭਾਰਤੀ ਲੋਕ ਇਸ ਅਗਾਂਹਵਧੂ ਆਧੁਨਿਕ ਯੁੱਗ ਵਿੱਚ ਅਜੇ ਵੀ ਵੱਖ ਵੱਖ ਪ੍ਰਕਾਰ ਦੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ।ਉਹ ਆਪਣੇ ਦੁੱਖ ਅਤੇ ਪ੍ਰੇਸ਼ਾਨੀਆਂ ਦਾ ਹੱਲ ਵਿਗਿਆਨਕ ਢੰਗ ਨਾਲ ਕੱਢਣ ਦੀ ਬਜਾਏ ਅੱਜ ਵੀ ਅੰਧਵਿਸ਼ਵਾਸ ਦੇ ਟੋਟਕੇ ਹੀ ਅਪਣਾਉਂਦੇ ਹਨ।ਵਿਗਿਆਨ ਦੇ ਇਸ ਯੁੱਗ ਵਿੱਚ ਜਦੋਂ ਮਨੁੱਖ ਦਾ ਹੱਥ ਪੁਲਾੜ ਨੂੰ ਛੂਹ ਰਿਹਾ ਹੈ।ਇਸ ਵਿਚਕਾਰ ਸਾਡੇ ਭਾਰਤੀ ਲੋਕ ਹਾਲੇ ਤੱਕ ਸੂਰਜ ਅਤੇ ਚੰਦਰਮਾ ਨੂੰ ਹੀ ਪਾਣੀ ਦੇਣ ਵਿੱਚ ਉਲਝੇ ਹੋਏ ਹਨ।ਇਹੀ ਨਹੀਂ ਬੜੇ ਵਿਸ਼ਵਾਸ ਨਾਲ ਇਹ ਦਾਅਵਾ ਵੀ ਕਰਦੇ ਹਨ ਕਿ ਉਹਨਾਂ ਵੱਲੋਂ ਹੇਠਾਂ ਨੂੰ ਡੋਲਿਆ ਪਾਣੀ ਉਪਰ ਨੂੰ ਜਾਕੇ ਸੂਰਜ ਅਤੇ ਚੰਦਰਮਾ ਦੀ ਪਿਆਸ ਬੁਝਾ ਰਿਹਾ ਹੈ।ਸਾਡੇ ਭਾਰਤੀ ਲੋਕ ਨਿੰਬੂ ਤੇ ਮਿਰਚ ਨੂੰ ਆਮ ਤੌਰ ਤੇ ਆਪਣਾ ਪੱਕਾ ਬਾਡੀਗਾਰਡ ਮੰਨਦੇ ਹਨ। ਅਤੇ ਇਹ ਸਮਝਦੇ ਹਨ ਕਿ ਇਸ ਨਾਲ ਸਾਡਾ ਕਾਰੋਬਾਰ ਵਧੇਗਾ ਫੁਲੇਗਾ ਨਾਲ ਦੀ ਨਾਲ ਬੁਰੀ ਨਜ਼ਰ ਤੋਂ ਵੀ ਬਚੇ ਰਹਾਂਗੇ।ਬਲਕਿ ਇਸ ਤੋਂ ਉਲਟ ਸਭ ਤੋਂ ਵੱਧ ਚੋਰੀ ਅਤੇ ਠੱਗੀ ਦਾ ਸ਼ਿਕਾਰ ਹੀ ਇਹ ਨਿੰਬੂ ਮਿਰਚ ਨੂੰ ਆਪਣਾ ਚੌਂਕੀਦਾਰ ਸਮਝਣ ਵਾਲੇ ਹੁੰਦੇ ਹਨ।ਅੱਜ ਵੀ ਸਾਡੇ ਦੇਸ਼ ਦਾ ਵੱਡਾ ਹਿੱਸਾ ਰਾਸ਼ੀਫਲ ਵਰਗੀਆਂ ਮਨਘੜਤ ਗੱਲਾਂ ਉਪਰ ਯਕੀਨ ਕਰਦਾ ਹੈ।ਜਿੰਨਾ ਚਿਰ ਉਹ ਰਾਸ਼ੀ ਨਾ ਦੇਖ ਲੈਣ ਉਨ੍ਹਾ ਸਮਾਂ ਉਹਨਾਂ ਨੂੰ ਚੈਨ ਨਹੀਂ ਆਉਂਦਾ।ਜੇਕਰ ਰਾਸ਼ੀ ਵਿੱਚ ਕੋਈ ਮਾੜੀ ਘਟਨਾ ਦੱਸ ਦਿੱਤੀ ਜਾਵੇ ਤਾਂ ਫਿਰ ਉਹ ਸਾਰਾ ਦਿਨ ਘਰੋਂ ਬਾਹਰ ਹੀ ਨਹੀਂ ਨਿਕਲਦੇ। ਜਿਆਦਾਤਰ ਇਹਨਾਂ ਰਾਸ਼ੀ ਦੱਸਣ ਵਾਲਿਆਂ ਦੇ ਬਿਆਨ ਹੀ ਆਪਸ ਵਿੱਚ ਨਹੀਂ ਮਿਲ ਰਹੇ ਹੁੰਦੇ।ਇਕ ਜਿਸ ਰਾਸ਼ੀ ਦਾ ਦਿਨ ਚੰਗਾ ਦੱਸਦਾ ਹੈ ਦੂਸਰਾ ਉਸੇ ਦਾ ਹੀ ਮਾੜਾ।ਫਿਰ ਵੀ ਸਾਡੇ ਲੋਕ ਇਹ ਸਭ ਖੇਡ ਨਹੀਂ ਸਮਝਦੇ।ਸਾਡਾ ਦੇਸ਼ ਤਾਂ ਅਜਿਹਾ ਹੈ ਕਿ ਜਿੱਥੇ ਲੋਕ ਛਿੱਕ ਆਉਣ ਅਤੇ ਬਿੱਲੀ ਦੇ ਰਸਤਾ ਕੱਟ ਜਾਣ ਨੂੰ ਵੀ ਅਸ਼ੁੱਬ ਮੰਨਕੇ ਕਿਸੇ ਕੰਮ ਨੂੰ ਜਾਂਦੇ ਜਾਂਦੇ ਵਾਪਸ ਘਰ ਪਰਤ ਆਉਂਦੇ ਹਨ।ਇਹ ਮਸਲਾ ਸਾਇੰਸ ਤੋਂ ਅਣਜਾਣ ਜਾਂ ਅਨਪੜ੍ਹ ਵਰਗ ਦਾ ਹੀ ਨਹੀਂ ਬਲਕਿ ਕਈ ਖੁਦ ਨੂੰ ਪੜੇ ਲਿਖੇ ਕਹਿਣ ਵਾਲੇ ਵੀ ਇਸ ਅੰਧਵਿਸ਼ਵਾਸ ਅਤੇ ਢੌਂਗ ਦੇ ਚੱਕਰਾਂ ਵਿੱਚ ਪਏ ਹੋਏ ਹਨ।ਇਸ ਤੋਂ ਇਲਾਵਾ ਨਾ ਹੀ ਇਹ ਵਿਸ਼ਾ ਕਿਸੇ ਇੱਕ ਧਰਮ ਦਾ ਹੈ, ਬਲਕਿ ਸਾਰੇ ਧਰਮ, ਜਾਤ ਦੇ ਸੂਝਵਾਨ ਲੋਕਾਂ ਨੂੰ ਹੀ ਮਿਲਕੇ ਹੀ ਇਸ ਵੱਡੀ ਸਮਾਜਿਕ ਬੁਰਾਈ ਨੂੰ ਉਖਾੜ ਸੁੱਟਣ ਲਈ ਹੰਭਲਾ ਮਾਰਨਾ ਪਵੇਗਾ।ਸਾਡੇ ਲੋਕਾਂ ਦੇ ਇਸ ਅੰਧਵਿਸ਼ਵਾਸ ਨੇ ਹੀ ਕਈ ਤੰਤਰ-ਮੰਤਰ ਕਰਨ ਵਾਲੇ ਆਖੌਤੀ ਬਾਬਿਆਂ ਨੂੰ ਜਨਮ ਦਿੱਤਾ।ਜੋ ਪਹਿਲਾਂ ਤਾਂ ਲੋਕਾਂ ਨੂੰ ਆਪਣੇ ਮੱਕੜ ਜਾਲ ਵਿੱਚ ਫਸਾਉਂਦੇ ਹਨ ਅਤੇ ਫਿਰ ਉਹੀ ਬਾਬੇ ਲੋਕਾਂ ਦੇ ਗਲੇ ਦੀ ਹੱਡੀ ਬਣ ਜਾਂਦੇ ਨੇ।ਇਸ ਅੰਧਵਿਸ਼ਵਾਸ ਨੇ ਪਤਾ ਨਹੀਂ ਕਿੰਨੇ ਹੀ ਘਰ ਉਜਾੜ ਦਿੱਤੇ।ਫਿਰ ਵੀ ਸਾਡੇ ਲੋਕ ਕਿਸੇ ਦੀ ਨਹੀਂ ਸੁਣਦੇ ਅਤੇ ਇਹਨਾਂ ਝਾੜ-ਫੁਕ ਕਰਨ ਵਾਲੇ ਆਖੌਤੀ ਬਾਬਿਆਂ ਦੀ ਚੌਂਕੀ ਭਰਦੇ ਹਨ।ਦੂਜੇ ਪਾਸੇ ਸਾਡੇ ਦੇਸ਼ ਦੀਆਂ ਅਨਪੜ੍ਹ ਬੀਬੀਆਂ ਇਕ ਸਾਧਾਰਨ ਜਿਹੇ ਬੰਦੇ ਨੂੰ ਰੱਬ ਦਾ ਦਰਜਾ ਦੇਣ ਲੱਗਿਆ ਬਹੁਤਾ ਸਮਾਂ ਨਹੀਂ ਲਾਉਂਦੀਆਂ।ਜੇਕਰ ਕੋਈ ਸੂਝਵਾਨ ਵਿਅਕਤੀ ਇੰਨਾ ਅੰਧਵਿਸ਼ਵਾਸ ਦੇ ਸ਼ਿਕਾਰ ਹੋਇਆਂ ਨੂੰ ਇਹਨਾਂ ਆਖੌਤੀ ਬਾਬਿਆਂ ਕੋਲ ਜਾਣ ਤੋਂ ਰੋਕਦਾ ਹੈ।ਤਾਂ ਉਸਦੀ ਸੁਣਨ ਦੀ ਬਜਾਏ ਉਲਟਾ ਉਸਨੂੰ ਹੀ ਇਕ ਵਾਰ ਚੱਲ ਕੇ ਤਾਂਤਰਿਕ ਬਾਬੇ ਦੇ ਰਹੱਸਮਈ ਚਮਤਕਾਰ ਦੇਖਣ ਦੀ “ਫਿੱਟੇਮੂੰਹ” ਵਾਲੀ ਸਲਾਹ ਦਿੰਦੇ ਹਨ। ਇਹ ਤਾਂਤਰਿਕ ਬਾਬੇ ਲੋਕਾਂ ਦੀ ਆਪਣੇ ਭਵਿੱਖ ਬਾਰੇ ਜਾਣਨ ਦੀ ਚਾਹਤ, ਰਾਤੋ ਰਾਤ ਅਮੀਰ ਬਣਨ ਦੀ ਲਾਲਸਾ ਅਤੇ ਅਗਲੇ ਪਿਛਲੇ ਜਨਮ ਨੂੰ ਜਾਣਨ ਦੀ ਝੂਠੀ ਤਾਂਘ ਕਾਰਨ ਉਹਨਾਂ ਨੂੰ ਇਸ ਅੰਧਵਿਸ਼ਵਾਸ ਦੇ ਚੱਕਰ ਵਿੱਚ ਫਸਾ ਕੇ ਰੱਖਦੇ ਹਨ। ਇਕ ਦਿਹਾੜੀ ਕਰਨ ਵਾਲਾ ‘ਤਿੰਨ ਸੌ ਰੁਪਏ’ ਦੀ ਮਜਦੂਰੀ ਵਿੱਚੋ ‘ਪੰਜਾਹ ਰੁਪਏ’ ਕਿਸੇ ਆਖੌਤੀ ਬਾਬੇ ਦੀ ਝੋਲੀ ਵਿੱਚ ਪਾਕੇ ਕਦੀ ਨਾ ਮਾਣੀਆਂ ਖੁਸ਼ੀਆਂ ਅਤੇ ਹਵਾਈ ਦੁਆਵਾਂ ਲੈਕੇ ਜਾਂਦਾ ਹੈ। ਦੂਜੇ ਪਾਸੇ ਉਹੀ ਢੋਂਗੀ ਬਾਬਾ ਸ਼ਾਮ ਤੱਕ ‘ਦੋ ਹਜ਼ਾਰ ਰੁਪਏ’ ਬਿਨਾ ਕਿਸੇ ਹੱਥ ਪੈਰ ਮਾਰੇ ਹੀ ਕਮਾ ਲੈਂਦਾ ਹੈ।ਇਸ ਲਈ ਹੁਣ ਇਹ ਸਮੇਂ ਦੀ ਮੰਗ ਅਤੇ ਜਰੂਰੀ ਹੈ ਕਿ ਸਮਾਜ ਵਿਚ ਇਸ ਮਸਲੇ ਪ੍ਰਤੀ ਵਧੇਰੇ ਜਾਗਰੂਕਤਾ ਲਿਆਂਦੀ ਜਾਵੇ।ਇਸ ਅੰਧਵਿਸ਼ਵਾਸ ਦੀ ਦੁਕਾਨ ਨੂੰ ਬੰਦ ਕਰਵਾਉਣ ਲਈ ਸਾਰੀਆਂ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆ ਨੂੰ ਅੱਗੇ ਆਉਣਾ ਚਾਹੀਦਾ ਹੈ।ਹਰ ਇਕ ਵਿਅਕਤੀ ਨੂੰ ਚੰਗਾ ਪੜ੍ਹਨ ਅਤੇ ਸੁਣਨ ਦੀ ਜਰੂਰਤ ਹੈ।ਕਿਉਂਕਿ ਇਹ ਅੰਧਵਿਸ਼ਵਾਸ ਜਦੋਂ ਵੀ ਕਿਸੇ ਦੇ ਘਰ ਅੰਦਰ ਵੜ ਜਾਂਦਾ ਹੈ ਫਿਰ ਇਹ ਪੀੜ੍ਹੀ-ਦਰ-ਪੀੜ੍ਹੀ ਨੂੰ ਆਪਣੀ ਲਪੇਟ ਵਿੱਚ ਲੈਕੇ ਸਿਉਂਕ ਵਾਂਗ ਖਾਂਦਾ ਹੈ।ਸਮੇਂ ਦੇ ਅਨੁਸਾਰ ਸਾਨੂੰ ਜਾਗਰੂਕ ਹੋਣ ਅਤੇ ਕਰਨ ਦੀ ਲੋੜ ਹੈ।ਕਿਤੇ ਇਹ ਨਾ ਹੋਵੇ ਕਿ ਪਿਛਲੀਆਂ ਸਦੀਆਂ ਵਾਂਗ ਭਾਰਤ ਦੀ ਇਹ 21ਵੀਂ ਸਦੀ ਵੀ ਇੰਨਾ ਢੋਂਗੀ ਤਾਂਤਰਿਕਾਂ ਅਤੇ ਆਖੌਤੀ ਸਾਧਾਂ ਨੂੰ ਹੀ ਰੱਬ ਮੰਨਕੇ ਪਤਿਆਉਣ ਵਿੱਚ ਗੁਜ਼ਰ ਜਾਵੇ।
previous post
next post