ਬਰਤਾਨੀਆ ਦੇ ਮੋਟਰ ਕਾਰ ਮਾਲਕਾਂ ਨੂੰ ਹਮੇਸ਼ਾ ਮਕੈਨਿਕਾਂ ਤੋਂ ਸਾਵਧਾਨ ਰਹਿਣ ਦੀ ਸਖਤ ਲੋੜ ।
ਉਪਜਣ, ਵਿਗਸਣ ਤੇ ਵਿਨਸਣ ਕੁਦਰਤ ਦਾ ਅਟੱਲ ਨਿਯਮ ਹੈ । ਦੁਨੀਆ ਦੀ ਹਰ ਸ਼ੈ ਇਸੇ ਪ੍ਰਕਿਰਿਆ ‘ਚੋ ਵਿਚਰਦੀ ਹੋਈ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੀ ਹੈ ।ਬਾਬਾ ਫਰੀਦ ਦੇ ਸਲੋਕਾਂ ਚ ਇਸ ਪ੍ਰਕਿਰਿਆ ਦਾ ਜ਼ਿਕਰ ਮਨੁੱਖੀ ਨਾਸ਼ਵਾਨਤਾ ਦੇ ਪ੍ਰਸੰਗ ਵਿੱਚ ਵਾਰ ਵਾਰ ਆਇਆ ਹੈ । ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿਚ ਫੁਰਮਾਇਆ ਬੈ ਕਿ
“ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥ (Whoever has come, shall depart; all shall have their turn.) (ਅੰਗ 474).
ਪੰਜਾਬੀ ਬੋਲੀ ਚ ਆਮ ਮੁਹਰਾ ਹੈ ਕਿ “ਜੋ ਭਾਂਡਾ ਬਣਿਆ ਹੈ ਇਕ ਨਾ ਇਕ ਦਿਨ ਟੁੱਟਕੇ ਹੀ ਰਹੇਗਾ ।” ਇਸ ਉਕਤ ਸਾਰੇ ਵਿਸਥਾਰ ਦਾ ਸਾਰਤੱਤ ਏਹੀ ਹੈ ਕਿ ਕਿਸੇ ਚੀਜ, ਵਸਤ ਜਾਂ ਸ਼ੈ ਦੀ ਇਸ ਸੰਸਾਰ ਚ ਕੋਈ ਗਰੰਟੀ ਨਹੀ ਹੈ, ਪਰ ਹਥਲੀ ਚਰਚਾ ਵਿਚ ਵਿਚ ਮੈ ਜਿਸ ਚੀਜ/ਵਸਤ ਦਾ ਜਿਕਰ ਕਰਨ ਜਾ ਰਿਹਾ ਹਾਂ, ਉਸ ਦੀ ਗਰੰਟੀ ਉਸ ਪਰੋਡਕਟ ਦਾ ਉਤਪਾਦਨ ਕਰਨ ਵਾਲਿਆਂ ਵਲੋ ਅਕਸਰ ਹੀ ਲਾਈਫ਼ ਟਾਈਮ ਦੀ ਦਿੱਤੀ ਜਾਂਦੀ ਹੈ ਤੇ ਉਹ ਪਰੋਡਕਟ ਹੈ ਕੈਟਾਲਿਕ ਕਨਵਰਟਰ (Catalytic converter).
ਨਵੀਂਆਂ ਕਾਰਾਂ ‘ਚ ਧੂੰਆਂ ਨਿਕਾਸੀ ਪਾਇਪ ਦੇ ਪਹਿਲੇ ਹਿੱਸੇ ‘ਚ ਇੰਜਨ ਦੇ ਬਿਲਕੁਲ ਨੇੜੇ ਫਿੱਟ ਕੀਤਾ ਜਾਣ ਵਾਲਾ ਇਹ ਪਾਰਟ, ਕਾਰ ਦੇ ਧੂੰਏਂ ਵਿਚਲੇ ਜ਼ਹਿਰੀਲੇਪਨ ਨੂੰ ਖਤਮ ਕਰਕੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਚ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ । ਇਹ ਪਾਰਟ ਇਕ ਡੱਬੇ ਵਰਗਾ ਹੁੰਦਾ ਹੈ ਜਿਸ ਦੇ ਉੱਤੇ ਆਕਸੀਜਨ ਸੈਂਸਰ ਫਿੱਟ ਕੀਤਾ ਗਿਆ ਹੁੰਦਾ ਹੈ, ਜੋ ਕਾਰ ਦੇ ਆਈ ਸੀ ਯੂ ਯੂਨਿਟ ਨੂੰ ਕਾਰ ਵਿੱਚੋਂ ਨਿਕਲ ਰਹੇ ਧੂੰਏਂ ਵਿਚਲੀਆਂ ਜਹਿਰੀਲੀਆ ਗੈਸਾਂ ਤੇ ਕੈਟਾਲਿਕ ਕਨਵਰਟਰ ਵਲੋਂ ਉਹਨਾ ਗੈਸਾਂ ਨਾਲ ਯੁਕਤ ਧੂੰਏਂ ਨੂੰ ਸਾਫ ਕਰਨ ਵਾਰੇ ਪਲ-ਪਲ ਦੀ ਜਾਣਕਾਰੀ ਪ੍ਰਦਾਨ ਕਰਦਾ ਰਹਿੰਦਾ ਹੈ ।
ਸਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਕਾਰ ਦਾ ਇਹ ਪਾਰਟ ਕਾਰ ਚ ਲਾਈਫ ਟਾਈਮ ਗਰੰਟੀ ਨਾਲ ਫਿੱਟ ਕੀਤਾ ਗਿਆ ਹੁੰਦਾ ਹੈ, ਦੂਜੇ ਸ਼ਬਦਾਂ ‘ਚ ਇੰਜ ਵੀ ਕਹਿ ਸਕਦੇ ਹਾਂ ਇਸ ਪਾਰਟ ਨੂੰ ਕਦੇ ਵੀ ਬਦਲਣ ਦੀ ਲੋੜ ਨਹੀਂ ਪੈਂਦੀ ਕਿਉਕਿ ਇਸ ਦੀ ਉਮਰ, ਕਾਰ ਦੀ ਐਵਰੇਜ ਉਮਰ ਦੇ ਮੁਤਾਬਿਕ ਹੀ ਮਾਪੀ ਗਈ ਹੁੰਦੀ ਹੈ । ਇਹ ਪਾਰਟ ਕਾਫ਼ੀ ਮਹਿੰਗਾ ਹੁੰਦਾ ਹੈ, ਪਰ ਕਾਰਾਂ ਦੇ ਮਕੈਨਿਕ ਗਰਾਹਕਾ ਦੀ ਇਸ ਉਕਤ ਅਣਜਾਣਤਾ ਦਾ ਲਾਹਾ ਲੈਂਦਿਆਂ, ਇਸ ਨੂੰ ਵੀ ਕਈ ਵਾਰ ਬਿਨਾ ਮਤਲਬ ਬਦਲਕੇ ਗਰਾਹਕਾਂ ਦੀ ਇੰਨਾਂ ਲੁੱਟ ਮਚਾਉਂਦੇ ਹਨ ਤੇ ਕੁੱਝ ਸਾਲ ਪਹਿਲਾਂ ਇਕ ਅਜਿਹੀ ਹੀ ਘਟਨਾ ਮੇਰੇ ਨਾਲ ਵੀ ਵਾਪਰੀ ।
ਹੋਇਆ ਇੰਜ ਕਿ ਮੇਰੀ ਕਾਰ ਦੀ ਧੂੰਆ ਨਿਕਾਸੀ ਪਾਇਪ ਦਾ ਪਹਿਲਾ ਹਿੱਸਾ ਜਿਸ ਨੂੰ ਹਾਊਸਿੰਗ ਕਹਿੰਦੇ ਹਨ, ਜੰਗਾਲ਼ ਨਾਲ ਖ਼ਰਾਬ ਹੋ ਗਿਆ । ਉਸ ਹਿੱਸੇ ਨੂੰ ਨਵਾਂ ਪੁਆਉਣ ਵਾਸਤੇ ਮੈਂ ਆਪਣੀ ਕਾਰ ਇਕ ਚੰਗੇ ਗੈਰੇਜ ਚ ਸਵੇਰ ਵੇਲੇ ਛੱਡ ਆਇਆ । ਸ਼ਾਮ ਨੂੰ ਗੈਰੇਜ ਤੋਂ ਫ਼ੋਨ ਆਇਆ ਕਿ ਕਾਰ ਤਿਆਰ ਹੈ, ਬਿਲ ਦਾ ਭੁਗਤਾਨ ਕਰਕੇ ਕਾਰ ਲੈ ਜਾਓ । ਮੈਂ ਗੈਰੇਜ ਪਹੁੰਚਿਆ ਤਾਂ ਉਹਨਾ ਮੇਰੇ ਹੱਥ £750.00 ਦਾ ਬਿਲ ਫੜਾ ਦਿੱਤਾ । ਮੈਂ ਆਪਣੀ ਆਮ ਆਦਤ ਮੁਤਾਬਕ ਬਿੱਲ ਨੂੰ ਅਦਾ ਕਰਨ ਤੋਂ ਪਹਿਲਾਂ ਚੰਗੀ ਤਰਾਂ ਪੜਿਆ ਤਾਂ ਕਿ ਪਤਾ ਲੱਗ ਸਕੇ ਕਿ ਏਨਾ ਵੱਡਾ ਬਿੱਲ ਕਿਵੇਂ ਬਣਾ ਦਿੱਤਾ ਗਿਆ ਹੈ । ਬਿੱਲ ਪੜ੍ਹ ਲੈਣ ਉਪਰੰਤ ਪਤਾ ਲੱਗਾ ਕਿ ਗੈਰੇਜ ਵਾਲਿਆਂ ਨੇ ਹਾਊਸਿੰਗ ਦੇ ਨਾਲ ਨਾਲ ਕਾਰ ਦਾ ਕੈਟਾਲਿਕ ਕਨਵਰਟਰ ਵੀ ਬਦਲ ਦਿੱਤਾ ਸੀ ।
ਕਸਟਮਰ ਸਰਵਿਸ ‘ਤੇ ਬੈਠੇ ਗੋਰੇ ਜੈਂਟਲਮੈਨ ਜੋ ਕਿ ਬਿਲ ਦੇ ਭੁਗਤਾਨ ਚ ਮੇਰੀ ਉਡੀਕ ਕਰ ਰਿਹਾ ਸੀ, ਤੋਂ ਬਿਲ ਦਾ ਸ਼ਪੱਸ਼ਟੀਕਰਨ ਮੰਗਦਿਆਂ, ਮੈਂ ਉਸ ਨੂੰ ਕੈਟਾਲਿਕ ਕਨਵਰਟਰ ਨੂੰ ਬਦਲਣ ਦਾ ਕਾਰਨ ਵੀ ਪੁੱਛ ਲਿਆ ਤਾਂ ਉਸ ਨੇ ਕਿਹਾ ਕਿ ਕੈਟਾਲਿਕ ਕਨਵਰਟਰ ਧੂੰਆਂ ਨਿਕਾਸੀ ਪਾਇਪ ਦੇ ਉਸ ਹਿੱਸੇ ਅਰਥਾਤ ਹਾਊਸਿੰਗ ਦਾ ਪਾਰਟ ਸੀ ਜਿਸ ਕਰਕੇ ਉਸ ਨੂੰ ਵੀ ਬਦਲਣਾ ਜ਼ਰੂਰੀ ਸੀ ਤਾਂ ਕਿ ਕਾਰ ਨੂੰ ਪੂਰੀ ਤਰਾਂ ਨੁਕਸ ਰਹਿਤ ਕੀਤਾ ਜਾ ਸਕੇ ।
ਮੇਰਾ ਉਸ ਗੋਰੇ ਨੂੰ ਅਗਲਾ ਸਵਾਲ ਇਹ ਸੀ ਕਿ ਕੀ ਜੇਕਰ ਕਿਸੇ ਖ਼ਰਾਬ ਪਾਰਟ ਦੇ ਨਾਲ ਲੱਗਿਆ ਕੋਈ ਦੂਸਰਾ ਪਾਰਟ ਨੁਕਸ ਰਹਿਤ ਹੋਵੇ ਤਾਂ ਕੀ ਉਸ ਨੂੰ ਵੀ ਬਦਲਣਾ ਜ਼ਰੂਰੀ ਹੁੰਦਾ ਹੈ ਤਾਂ ਉਸ ਗੋਰੇ ਨੇ ਮੈਨੂੰ ਕੋਈ ਸ਼ਪੱਸ਼ਟ ਜਵਾਬ ਨਾ ਦਿੱਤਾ । ਮੇਰੇ ਦੁਬਾਰਾ ਪੁੱਛਣ ‘ਤੇ ਵੀ ਉਹ ਗੱਲ ਗੋਲ ਮੋਲ ਕਰਦਾ ਰਿਹਾ ।
ਉਂਜ ਉਸ ਨੂੰ ਮੇਰੀ ਗੱਲ ਸਮਝ ਆ ਗਈ ਸੀ ਕਿ ਮੈਂ ਕਹਿਣਾ ਕੀ ਚਾਹੁੰਦਾ ਹਾਂ, ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਲਗਦਾ ਸੀ ਕਿ ਚੋਰੀ ਫੜੀ ਜਾ ਚੁੱਕੀ ਹੈ, ਪਰ ਫਿਰ ਵੀ ਲੱਲੇ ਭੱਬੇ ਮਾਰਕੇ ਮੈਥੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਤੇ ਮੇਰੇ ਵਾਸਤੇ ਹੁਣ ਮੌਕਾ ਸੀ ਕਿ ਗੈਰੇਜ ਵਾਲੇ ਗੋਰੇ ਨੂੰ ਸਾਰੀ ਗੱਲ ਸ਼ਪੱਸ਼ਟ ਸ਼ਬਦਾਂ ਚ ਸਮਝਾ ਦਿੱਤੀ ਜਾਵੇ ਤੇ ਮੈਂ ਉਸ ਨੂੰ ਦੱਸਿਆ ਕਿ ਗੈਰੇਜ ਨੂੰ ਸਿਰਫ ਕਾਰ ਦਾ ਧੂੰਆਂ ਨਿਕਾਸੀ ਵਾਲਾ ਹਾਊਸਿੰਗ ਬਦਲਣ ਬਾਰੇ ਕਿਹਾ ਗਿਆ ਸੀ, ਨਾ ਤਾਂ ਮੇਰੇ ਵੱਲੋਂ ਕੈਟਾਲਿਕ ਕਨਵਰਟਰ ਬਦਲੀ ਕਰਨ ਦਾ ਆਰਡਰ ਕੀਤਾ ਗਿਆ, ਨਾ ਹੀ ਗੈਰੇਜ ਨੇ ਅਜਿਹਾ ਕਰਨ ਤੋਂ ਪਹਿਲਾ ਮੈਨੂੰ ਸੂਚਿਤ ਕਰਕੇ ਮੇਰੀ ਸਹਿਮਤੀ ਲਈ ਹੈ । ਸੋ ਦੋਵੇਂ ਤਰਾਂ ਹੀ ਤੁਸੀਂ ਕੰਜਿਊਮਰ ਐਕਟ 1974 ਦੀ ਉਲੰਘਣਾ ਕੀਤੀ ਹੈ ਤੇ ਉੱਤੋਂ ਜੋ ਪਾਰਟ ਤੁਸੀਂ ਧੂਆਂ ਨਿਕਾਸੀ ਪਾਇਪ ਦੇ ਪਹਿਲੇ ਹਿੱਸੇ ਦੇ ਨਾਲ ਬਿਨਾ ਦੱਸੇ ਪੁੱਛੇ ਬਦਲੀ ਕੀਤਾ ਹੈ, ਉਹ ਕਦੇ ਵੀ ਖਰਾਬ ਹੀ ਨਹੀਂ ਹੁੰਦਾ ਕਿਉਕਿ ਉਹ ਪਾਰਟ ਲਾਈਫਟਾਈਮ ਗਰੰਟੀ ਨਾਲ ਫਿੱਟ ਕੀਤਾ ਗਿਆ ਹੁੰਦਾ ਹੈ । ਮੇਰੀ ਉਕਤ ਗੱਲ ਸੁਣਕੇ ਗੈਰੇਜ ਵਾਲੇ ਉਸ ਗੋਰੇ, ਜਿਸਦਾ ਨਾਮ ਉਸ ਦੀ ਯੂਨੀਫ਼ਾਰਮ ਉੱਤੇ ਲੱਗੀ ਪਲੇਟ ‘ਤੇ ਕੈਬਿਨ ਲਿਖਿਆ ਹੋਇਆ ਸੀ ਨੂੰ ਝੰਜੂ ਪੈ ਗਏ, ਉਸ ਦੇ ਚਿਹਰੇ ਉੱਤੇ ਹਵਾਈਆਂ ਤੇ ਘਬਰਾਹਟ ਦੇ ਹਾਵ ਭਾਵ ਇੱਕੋ ਸਮਾਂ ਉੱਭਰ ਆਏ ਤੇ ਉਸ ਨੇ ਕਿਹਾ ਕਿ ਨੋ ਪ੍ਰਾਬਲਮ ਅਸੀਂ ਨਵਾਂ ਕੈਟਾਲਿਕ ਕਨਵਰਟਰ ਖੋਹਲਕੇ ਪੁਰਾਣੇ ਵਾਲਾ ਫਿੱਟ ਕਰ ਦਿੰਦੇ ਹਾਂ, ਪਰ ਕਾਰ ਦੇ ਨੁਕਸ ਰਹਿਤ ਚੱਲਣ ਦੀ ਕੋਈ ਗਰੰਟੀ ਨਹੀਂ ਦੇ ਸਕਦੇ । ਉਸ ਦੇ ਉਕਤ ਜਵਾਬ ‘ਚ ਮੈਂ ਉਸ ਨੂੰ ਕਿਹਾ ਕਿ ਮੈਨੂੰ ਤੁਹਾਡੇ ਵੱਲੋਂ ਕਾਰ ਦੇ ਨੁਕਸ ਰਹਿਤ ਚੱਲਣ ਦੀ ਗਰੰਟੀ ਦੀ ਨਹੀਂ ਬਲਕਿ ਬਦਲੇ ਹੋਏ ਧੂੰਆਂ ਨਿਕਾਸੀ ਪਾਇਪ ਦੀ ਗਰੰਟੀ ਜ਼ਰੂਰ ਚਾਹੀਦੀ ਹੈ ।
ਕਾਰ ਨੂੰ ਇਕ ਵਾਰ ਫੇਰ ਰੈਂਪ ‘ਤ ਚੜਾਇਆ ਗਿਆ । ਪੁਰਾਣਾ ਕੈਟਾਲਿਕ ਕਨਵਰਟਰ ਫਿੱਟ ਕਰ ਦਿੱਤਾ ਗਿਆ । ਮੈਂ £750.00 ਦੀ ਬਜਾਏ £325.00 ਦੇ ਬਿਲ ਦਾ ਭੁਗਤਾਨ ਕਰਕੇ ਵਾਪਸ ਘਰ ਪਰਤ ਗਿਆ । ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਮੈਨੂੰ ਉਕਤ ਜਾਣਕਾਰੀ ਨਾ ਹੁੰਦੀ ਤਾਂ ਫਿਰ ਇਹ ਪੱਕਾ ਸੀ ਕਿ ਅਰਾਮ ਨਾਲ ਬਿਨਾ ਕਿਸੇ ਚੂੰ ਚਾਂ ਦੇ ਚੁਪ ਚੁਪੀਤੇ ਹੀ £425.00 ਦੀ ਜੇਬ ਕਟਾਉਣ ਦਾ ਵੱਡਾ ਟੀਕਾ ਲੁਆ ਕੇ ਬਿਨਾ ਪੁੜਾ ਮੱਲਿਆਂ ਹੀ ਘਰ ਮੁੜਦਾ । ਸੋ ਸਾਵਧਾਨ ਰਹੋ, ਕਦੇ ਇਸ ਤਰਾਂ ਤੁਹਾਡੇ ਨਾਲ ਵਾਪਰਨ ਲੱਗੇ ਤਾਂ ਉਕਤ ਵਰਣਿਤ ਕਾਨੂੰਨੀ ਨੁਕਤੇ ਤੇ ਨੁਸਖ਼ੇ ਜ਼ਰੂਰ ਵਰਤ ਲੈਣੇ ।
. . . (ਚੱਲਦਾ)