Articles

ਮੁਹੰਮਦ ਤੁਗਲਕ ਦੇ ਸਮੇਂ ਸ਼ੁਰੂ ਹੋਏ ਸਨ ਕਿਸਾਨ ਅੰਦੋਲਨ

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਦਿੱਲੀ ਵਿੱਚ ਇਸ ਵੇਲੇ ਕਿਸਾਨ ਅੰਦੋਲਨ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਪ੍ਰਚਾਰ, ਪ੍ਰਸਾਰ, ਅਕਾਰ, ਅਨੁਸ਼ਾਸ਼ਨ ਅਤੇ ਪੂਰੇ ਵਿਸ਼ਵ ਦੇ ਪੰਜਾਬੀਆਂ ਦੀ ਹਮਾਇਤ ਮਿਲਣ ਕਾਰਨ ਇਹ ਅੰਦੋਲਨ ਵੀ ਇਤਿਹਾਸ ਵਿੱਚ ਆਪਣੀ ਜਗ੍ਹਾ ਬਣਾਉਣ ਵੱਲ ਵੱਧ ਰਿਹਾ ਹੈ। ਭਾਰਤ ਵਿੱਚ ਸਮੇਂ ਸਮੇਂ ‘ਤੇ ਕਈ ਵਾਰ ਕਿਸਾਨ ਅੰਦੋਲਨ ਹੋਏ ਹਨ, ਜਿਨ੍ਹਾਂ ਵਿੱਚੋਂ ਕਈ ਕਾਮਯਾਬ ਹੋਏ ਹਨ ਤੇ ਕਈ ਅਸਫਲ।
ਭਾਰਤ ਵਿੱਚ ਸਭ ਤੋਂ ਪਹਿਲਾ ਕਿਸਾਨ ਅੰਦੋਲਨ ਜਿਸ ਦਾ ਲਿਖਤੀ ਸਬੂਤ ਮਿਲਦਾ ਹੈ, ਸੁਲਤਾਨ ਮੁਹੰਮਦ ਬਿਨ ਤੁਗਲਕ ਦੇ ਰਾਜ ਸਮੇਂ 1343 ਈਸਵੀ ਵਿੱਚ ਮਾਲਵਾ (ਪੱਛਮੀ ਮੱਧ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਦਾ ਇਲਾਕਾ) ਦੇ ਕਿਸਾਨਾਂ ‘ਤੇ ਭਾਰੀ ਟੈਕਸ ਵਾਧੇ ਦੇ ਵਿਰੋਧ ਵਿੱਚ ਹੋਇਆ ਸੀ। ਮਰਾਕੋ ਦਾ ਇਤਿਹਾਸਕਾਰ ਅਤੇ ਯਾਤਰੀ ਇਬਨ ਬਤੂਤਾ ਉਸ ਵੇਲੇ ਦਿੱਲੀ ਵਿਖੇ ਹਾਜ਼ਰ ਸੀ। ਉਹ ਆਪਣੇ ਯਾਤਰੀਨਾਮੇ (ਰੀਹਲਾ) ਵਿੱਚ ਲਿਖਦਾ ਹੈ ਕਿ ਆਪਣੀਆਂ ਪੱੁਠੀਆਂ ਸਿੱਧੀਆ ਸਕੀਮਾਂ ਕਾਰਨ ਤੁਗਲਕ ਨੇ ਸਰਕਾਰੀ ਖਜ਼ਾਨਾ ਖਾਲੀ ਕਰ ਦਿੱਤਾ ਸੀ। ਉਸ ਨੂੰ ਖਜ਼ਾਨਾ ਭਰਨ ਦਾ ਸਭ ਤੋਂ ਸੌਖਾ ਤਰੀਕਾ ਇਹ ਲੱਗਾ ਕਿ ਕਿਸਾਨਾਂ ‘ਤੇ ਟੈਕਸ ਵਧਾ ਦਿੱਤਾ ਜਾਵੇ ਜੋ ਫਸਲ ਦੇ ਚੌਥੇ ਹਿੱਸੇ ਤੋਂ ਅੱਧਾ ਹਿੱਸਾ ਕਰ ਦਿੱਤਾ ਗਿਆ। ਪਰ ਮਾਲਵਾ ਖੇਤਰ ਵਿੱਚ ਉਸ ਵੇਲੇ ਅਕਾਲ ਪਿਆ ਹੋਇਆ ਸੀ ਜਿਸ ਕਾਰਨ ਕਿਸਾਨਾਂ ਨੇ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ। ਸੂਬੇਦਾਰ ਵੱਲੋਂ ਸਖਤੀ ਕਰਨ ‘ਤੇ ਕਿਸਾਨ ਭੜਕ ਉੱਠੇ। ਉਨ੍ਹਾਂ ਨੇ ਬਗਾਵਤ ਕਰ ਦਿੱਤੀ ਤੇ ਕਈ ਸਰਕਾਰੀ ਅਧਿਕਾਰੀਆਂ ਨੂੰ ਕਤਲ ਕਰ ਦਿੱਤਾ ਗਿਆ। ਜਦੋਂ ਖਬਰ ਦਿੱਲੀ ਪਹੁੰਚੀ ਤਾਂ ਸੁਲਤਾਨ ਨੇ ਵੱਡੀ ਫੌਜ ਮਾਲਵਾ ਵੱਲ ਰਵਾਨਾ ਕਰ ਦਿੱਤੀ। ਕਿਸਾਨਾਂ ਦਾ ਜਾਨਵਰਾਂ ਵਾਂਗ ਸ਼ਿਕਾਰ ਖੇਡਿਆ ਗਿਆ ਤੇ ਇੱਕ ਲੱਖ ਦੇ ਕਰੀਬ ਆਦਮੀ, ਔਰਤਾਂ ਤੇ ਬੱਚੇ ਕਤਲ ਕਰ ਦਿੱਤੇ ਗਏ। ਪਿੰਡਾਂ ਦੇ ਪਿੰਡ ਸਾੜ ਕੇ ਸਵਾਹ ਕਰ ਦਿੱਤੇ ਗਏ। ਮਾਲਵੇ ਦਾ ਖੁਸ਼ਹਾਲ ਇਲਾਕਾ ਸ਼ਮਸ਼ਾਨ ਘਾਟ ਵਿੱਚ ਬਦਲ ਗਿਆ। ਬਗਾਵਤ ਤਾਂ ਦਬਾ ਦਿੱਤੀ ਗਈ ਪਰ ਸੁਲਤਾਨ ਨੂੰ ਟੈਕਸ ਫਿਰ ਵੀ ਪ੍ਰਾਪਤ ਨਾ ਹੋਇਆ ਕਿਉਂਕਿ ਖੇਤੀਬਾੜੀ ਕਰਨ ਵਾਲਾ ਕੋਈ ਕਿਸਾਨ ਜ਼ਿੰਦਾ ਹੀ ਨਹੀਂ ਸੀ ਬਚਿਆ।
ਪਗੜੀ ਸੰਭਾਲ ਜੱਟਾ ਕਿਸਾਨ ਅੰਦੋਲਨ — ਕਿਸਾਨ ਅੰਦੋਲਨਾਂ ਦਾ ਜਿਆਦਾ ਜ਼ੋਰ ਅੰਗਰੇਜ਼ ਰਾਜ ਦੌਰਾਨ ਸ਼ੁਰੂ ਹੋਇਆ ਸੀ। 20ਵੀਂ ਸਦੀ ਦਾ ਸਭ ਤੋਂ ਪਹਿਲਾ ਕਿਸਾਨ ਅੰਦੋਲਨ, ਪਗੜੀ ਸੰਭਾਲ ਜੱਟਾ ਸ਼ਹੀਦ ਭਗਤ ਸਿੰਘ ਦੇ ਚਾਚੇ ਅਜੀਤ ਸਿੰਘ ਨੇ 1907 ਵਿੱਚ ਸ਼ੁਰੂ ਕੀਤਾ ਸੀ। ਇਸ ਲਹਿਰ ਦਾ ਨਾਮ ਪਗੜੀ ਸੰਭਾਲ ਜੱਟਾ ਨਾਮਕ ਗਾਣੇ ਤੋਂ ਪਿਆ ਸੀ, ਜਿਸ ਨੂੰ ਝੰਗ ਸਿਆਲ ਅਖਬਾਰ ਦੇ ਐਡੀਟਰ ਬਾਂਕੇ ਦਿਆਲ ਨੇ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ) ਦੀ ਇੱਕ ਕਿਸਾਨ ਰੈਲੀ ਵਿੱਚ ਗਾਇਆ ਸੀ। ਇਹ ਗਾਣਾ ਐਨਾ ਪ੍ਰਸਿੱਧ ਹੋਇਆ ਕਿ ਅੰਦੋਲਨ ਦਾ ਨਾਮ ਹੀ ਪਗੜੀ ਸੰਭਾਲ ਜੱਟਾ ਪੈ ਗਿਆ। 1870 ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਦੇ ਖਾਲੀ ਪਏ ਉਪਜਾਊ ਇਲਾਕੇ, ਜਿਨ੍ਹਾਂ ਨੂੰ ਬਾਰਾਂ ਜਿਹਾ ਜਾਂਦਾ ਸੀ, ਵਸਾਉਣ ਲਈ ਪੰਜਾਬ ਵਿੱਚ ਨਹਿਰਾਂ ਦਾ ਜਾਲ ਵਸਾ ਦਿੱਤਾ। ਪੂਰਬੀ ਪੰਜਾਬ ਤੋਂ ਲਿਆ ਕੇ ਮਿਹਨਤੀ ਕਿਸਾਨਾਂ ਅਤੇ ਸਾਬਕਾ ਫੌਜੀਆਂ ਨੂੰ ਮੁਫਤ ਵਿੱਚ ਜ਼ਮੀਨ ਵੰਡੀ ਗਈ। ਪਰ ਜਦੋਂ ਉਹ ਜ਼ਮੀਨਾਂ ਸੋਨਾ ਉਗਲਣ ਲੱਗੀਆਂ ਤਾਂ ਹਾਕਮਾਂ ਦੀ ਨੀਅਤ ਖਰਾਬ ਹੋ ਗਈ। 1907 ਵਿੱਚ ਗਵਰਨਰ ਪੰਜਾਬ ਥਾਮਸ ਗਾਰਡਨ ਵਾਕਰ ਨੇ ਬਾਰੀ ਦੋਆਬ ਐਕਟ, ਪੰਜਾਬ ਲੈਂਡ ਕਲੋਨਾਈਜ਼ੇਸ਼ਨ ਐਕਟ ਅਤੇ ਪੰਜਾਬ ਲੈਂਡ ਐਲੀਏਨੇਸ਼ਨ ਐਕਟ ਨਾਮਕ ਤਿੰਨ ਕਾਨੂੰਨ ਪਾਸ ਕਰ ਦਿੱਤੇ। ਇਨ੍ਹਾਂ ਐਕਟਾਂ ਦੇ ਮੁਤਾਬਕ ਸਰਕਾਰ ਜ਼ਮੀਨਾਂ ਦੀ ਮਾਲਕ ਬਣ ਗਈ ਤੇ ਕਿਸਾਨ ਸਿਰਫ ਕਾਸ਼ਤਕਾਰ, ਜਿਸ ਨੂੰ ਕਦੇ ਵੀ ਜ਼ਮੀਨ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਸੀ। ਖੇਤੀਬਾੜੀ ਜ਼ਮੀਨ ਨੂੰ ਵੇਚਣਾ, ਮਕਾਨ ਬਣਾਉਣਾ ਜਾਂ ਦਰਖਤ ਵੱਢਣਾ ਮਨ੍ਹਾਂ ਸੀ। ਕਿਸੇ ਕਿਸਾਨ ਦਾ ਵੱਡਾ ਬੇਟਾ ਮਰਨ ‘ਤੇ ਜ਼ਮੀਨ ਛੋਟੇ ਪੁੱਤਰਾਂ ਨੂੰ ਮਿਲਣ ਦੀ ਬਜਾਏ ਸਰਕਾਰ ਕੋਲ ਵਾਪਸ ਚਲੀ ਜਾਂਦੀ ਸੀ। ਇਨ੍ਹਾਂ ਐਕਟਾਂ ਦੇ ਖਿਲਾਫ ਅਜੀਤ ਸਿੰਘ ਨੇ ਲਾਇਲਪੁਰ ਤੋਂ ਅੰਦੋਲਨ ਸ਼ੁਰੂ ਕੀਤਾ ਜੋ ਹੌਲੀ ਸਾਰੇ ਪੰਜਾਬ ਵਿੱਚ ਫੈਲ ਗਿਆ। ਲਾਇਲਪੁਰ, ਰਾਵਲਪਿੰਡੀ, ਮੁਲਤਾਨ, ਲਾਹੌਰ ਅਤੇ ਗੁਜ਼ਰਾਂਵਾਲਾ ਵਿੱਚ ਵੱਡੇ ਪੱਧਰ ‘ਤੇ ਹਿੰਸਾ ਅਤੇ ਤੋੜ ਫੋੜ ਹੋਈ। ਜਦੋਂ ਇਸ ਅੰਦੋਲਨ ਦੀਆਂ ਚਿੰਗਾੜੀਆਂ ਫੌਜ ਤੱਕ ਪਹੁੰਚਣ ਲੱਗੀਆਂ ਤੇ ਸੈਨਿਕਾਂ ਨੇ ਕਿਸਾਨਾਂ ‘ਤੇ ਗੋਲੀ ਚਲਾਉਣ ਤੋਂ ਇਨਕਾਰ ਕਰ ਦਿੱਤਾ, ਤਾਂ ਅੰਗਰੇਜ਼ ਸਰਕਾਰ ਡਰ ਗਈ ਤੇ 9 ਮਹੀਨੇ ਦੇ ਅੰਦੋਲਨ ਤੋਂ ਬਾਅਦ ਐਕਟ ਕੈਂਸਲ ਕਰ ਦਿੱਤੇ ਗਏ।
ਚੰਪਾਰਨ ਕਿਸਾਨ ਅੰਦੋਲਨ 1917 – ਇਹ ਅੰਦੋਲਨ ਬਿਹਾਰ ਦੇ ਚੰਪਾਰਨ ਇਲਾਕੇ ਤੋਂ ਸ਼ੁਰੂ ਹੋਇਆ ਸੀ ਤੇ ਜਲਦੀ ਹੀ ਭਾਰਤ ਦੇ ਕਈ ਇਲਾਕਿਆਂ ਵਿੱਚ ਫੈਲ ਗਿਆ। ਬਿਹਾਰ ਵਿੱਚ ਸਰਕਾਰ ਅਤੇ ਜ਼ਿੰਮੀਦਾਰ ਮਿਲ ਕੇ ਕਿਸਾਨਾਂ ‘ਤੇ ਭਾਰੀ ਜ਼ੁਲਮ ਕਰ ਰਹੇ ਸਨ। ਅੰਗਰੇਜ਼ਾਂ ਦੀਆਂ ਅਫਰੀਕੀ ਅਤੇ ਏਸ਼ੀਅਨ ਬਸਤੀਆਂ ਵਿੱਚ ਨੀਲ ਦੀ ਭਾਰੀ ਮੰਗ ਸੀ। ਬਿਹਾਰ ਵਿੱਚ ਜ਼ਿੰਮਦਾਰਾਂ ਤੇ ਸਰਕਾਰ ਨੇ 1916 ਵਿੱਚ ਲਗਾਨ ਵਧਾ ਦਿੱਤਾ ਤੇ ਕਿਸਾਨਾਂ ਨੂੰ ਬਾਕੀ ਫਸਲਾਂ ਬੰਦ ਕਰ ਕੇ ਜਬਰਦਸਤੀ ਨੀਲ ਦੀ ਖੇਤੀ ਕਰਨ ਲਈ ਮਜ਼ਬੂਰ ਕੀਤਾ ਗਿਆ। ਉੱਪਰੋਂ ਸਿਤਮ ਇਹ ਕਿ ਸਰਕਾਰ ਦੇ ਪਿੱਠੂ ਵਪਾਰੀ ਨੀਲ ਆਪਣੀ ਮਨਮਰਜ਼ੀ ਦੇ ਰੇਟ ‘ਤੇ ਖਰੀਦਦੇ ਸਨ। ਜਦੋਂ ਕਿਸਾਨ ਭੁੱਖੇ ਮਰਨ ਲੱਗੇ ਤਾਂ ਉਨ੍ਹਾਂ ਨੇ ਅਪਰੈਲ 1917 ਵਿੱਚ ਅੰਦੋਲਨ ਸ਼ੁਰੂ ਕਰ ਦਿੱਤਾ। ਸਰਕਾਰ ਨੇ ਸਖਤੀ ਦਾ ਦੌਰ ਚਲਾਇਆ। ਹਜ਼ਾਰਾਂ ਕਿਸਾਨ ਜੇਲ੍ਹਾਂ ਵਿੱਚ ਠੂਸੇ ਗਏ ਤੇ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ। ਪਰ ਅਖੀਰ ਵਿੱਚ ਸਰਕਾਰ ਨੂੰ ਝੁਕਣਾ ਪਿਆ ਅਤੇ 1 ਮਈ 1918 ਨੂੰ ਗਵਰਨਰ ਜਨਰਲ, ਲਾਰਡ ਚੈਮਸਫੋਰਡ ਨੇ ਲਗਾਨ ਵਾਧਾ ਵਾਪਸ ਲੈ ਲਿਆ ਅਤੇ ਕਿਸਾਨਾਂ ਨੂੰ ਆਪਣੀ ਮਰਜ਼ੀ ਨਾਲ ਫਸਲ ਬੀਜਣ ਦੀ ਖੁਲ੍ਹ ਮਿਲ ਗਈ।
ਖੇਡਾ ਕਿਸਾਨ ਅੰਦੋਲਨ 1919 – ਗੁਜਰਾਤ ਦਾ ਖੇਡਾ ਇਲਾਕਾ ਬਹੁਤ ਉਪਜਾਊ ਸੀ ਜਿੱਥੇ ਤੰਬਾਕੂ ਅਤੇ ਕਪਾਹ ਦੀ ਭਰਪੂਰ ਫਸਲ ਹੁੰਦੀ ਸੀ। 1919 ਵਿੱਚ ਸਰਕਾਰ ਨੇ ਉਥੇ ਲਗਾਨ ਦੁਗਣਾ ਕਰ ਦਿੱਤਾ ਪਰ ਉਸੇ ਸਾਲ ਬਰਸਾਤ ਨਾ ਹੋਣ ਕਾਰਨ ਅਕਾਲ ਪੈ ਗਿਆ। ਕਿਸਾਨਾਂ ਨੇ 1919 ਦਾ ਲਗਾਨ ਮਾਫ ਕਰਨ ਦੀ ਮੰਗ ਕੀਤੀ ਪਰ ਸਰਕਾਰ ਨੇ ਇਨਕਾਰ ਕਰ ਦਿੱਤਾ। ਕਿਸਾਨਾਂ ਨੇ ਲਗਾਨ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਸਰਕਾਰ ਨੇ ਸਖਤੀ ਨਾਲ ਲਗਾਨ ਉਗਰਾਹੁਣ ਲਈ ਹਜ਼ਾਰਾਂ ਕਿਸਾਨ ਜੇਲ੍ਹਾਂ ਵਿੱਚ ਭੇਜ ਦਿੱਤੇ ਤੇ ਜ਼ਮੀਨਾਂ, ਘਰ ਅਤੇ ਪਸ਼ੂ ਜ਼ਬਤ ਕਰ ਲਏ। ਜਲਦੀ ਹੀ ਕਿਸਾਨ ਅੰਦੋਲਨ ਦੀ ਵਾਗਡੋਰ ਮਹਾਤਮਾ ਗਾਂਧੀ, ਵੱਲਭ ਭਾਈ ਪਟੇਲ ਅਤੇ ਐਨ.ਐਮ.ਜੋਸ਼ੀ ਵਰਗੇ ਲੀਡਰਾਂ ਨੇ ਸੰਭਾਲ ਲਈ। ਅੰਦੋਲਨ ਸਾਰੇ ਗੁਜਰਾਤ ਵਿੱਚ ਫੈਲ ਗਿਆ ਤਾਂ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਆਖਰ ਪੰਜ ਮਹੀਨੇ ਬਾਅਦ ਸਰਕਾਰ ਨੂੰ ਝੁਕਣਾ ਪਿਆ। ਲਗਾਨ ਵਾਧਾ ਵਾਪਸ ਲੈਣਾ ਪਿਆ ਤੇ 1919 ਦਾ ਲਗਾਨ ਮਾਫ ਕਰ ਦਿੱਤਾ ਗਿਆ।
ਮੋਪਲਾ ਕਿਸਾਨ ਅੰਦੋਲਨ, ਮਾਲਾਬਾਰ (ਕੇਰਲਾ) 1921 – ਮੋਪਲਾ ਗਰੀਬ ਮੁਸਲਿਮ ਕਿਸਾਨ ਸਨ ਜੋ ਕੇਰਲਾ ਦੇ ਮਾਲਾਬਾਰ ਇਲਾਕੇ ਵਿੱਚ ਵੱਡੇ ਜ਼ਿੰਮੀਦਾਰਾਂ ਤੋਂ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀਬਾੜੀ ਦਾ ਕੰਮ ਕਰਦੇ ਸਨ। 1835 ਤੋਂ ਹੀ ਜ਼ਿੰਮੀਦਾਰ ਅੰਗਰੇਜ਼ ਸਰਕਾਰ ਦੀ ਸ਼ਹਿ ‘ਤੇ ਮੋਪਲਾ ਦਾ ਰੱਜ ਕੇ ਸ਼ੋਸ਼ਣ ਕਰ ਰਹੇ ਸਨ। ਉਹ ਹਰ ਸਾਲ ਲਗਾਨ ਦੀ ਰਕਮ ਵਧਾ ਦੇਂਦੇ ਸਨ ਤੇ ਜਦੋਂ ਮਰਜ਼ੀ ਉਨ੍ਹਾਂ ਨੂੰ ਜ਼ਮੀਨਾਂ ਤੋਂ ਬੇਦਖਲ ਕਰ ਦੇਂਦੇ ਸਨ। ਜਦੋਂ ਜ਼ੁਲਮ ਦੀ ਇੰਤਹਾ ਹੋ ਗਈ ਤਾਂ ਮੋਪਲਾ ਨੇ ਸੰਨ 1921 ਵਿੱਚ ਜ਼ਿੰਮੀਦਾਰਾਂ ਦੇ ਖਿਲਾਫ ਅੰਦੋਲਨ ਸ਼ੂਰੂ ਕਰ ਦਿੱਤਾ। ਮੋਪਲਾ ਦੇ ਲੀਡਰ ਅਲੀ ਮੁਸਲਿਆਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੀ ਗ੍ਰਿਫਤਾਰੀ ਦੇ ਖਿਲਾਫ ਮੁਜ਼ਾਹਰਾ ਕਰ ਰਹੇ ਮੋਪਲਾ ‘ਤੇ ਫਾਇਰਿੰਗ ਕਰ ਕੇ ਪੁਲਿਸ ਨੇ 22 ਕਿਸਾਨਾਂ ਨੂੰ ਕਤਲ ਕਰ ਦਿੱਤਾ ਤੇ ਸੈਂਕੜੇ ਜ਼ਖਮੀ ਹੋ ਗਏ। ਗੁੱਸੇ ਵਿੱਚ ਆਏ ਮੋਪਲਾ ਨੇ ਜ਼ਿੰਮੀਦਾਰਾਂ ਅਤੇ ਸਰਕਾਰੀ ਅਧਿਕਾਰੀਆਂ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਤੇ ਅਨੇਕਾਂ ਥਾਣੇ, ਕਚਹਿਰੀਆਂ, ਦਫਤਰ ਅਤੇ ਜ਼ਿੰਮੀਦਾਰਾਂ ਦੇ ਘਰ ਫੂਕ ਦਿੱਤੇ ਗਏੇ। ਅੰਗਰੇਜ਼ਾਂ ਨੇ ਚਲਾਕੀ ਨਾਲ ਇਸ ਅੰਦੋਲਨ ਨੂੰ ਫਿਰਕੂ ਰੰਗਤ ਦੇ ਦਿੱਤੀ ਤੇ ਸਖਤੀ ਨਾਲ ਅੰਦੋਲਨ ਨੂੰ ਕੁਚਲ ਦਿੱਤਾ ਗਿਆ।
ਬਰਦੌਲੀ ਕਿਸਾਨ ਅੰਦੋਲਨ 1925 – 1925 ਵਿੱਚ ਗੁਜਰਾਤ ਦੇ ਬਰਦੌਲੀ ਇਲਾਕੇ ਵਿੱਚ ਭਾਰੀ ਹੜ੍ਹ ਆਉਣ ਕਾਰਨ ਸਾਰੀਆਂ ਫਸਲਾਂ ਤਬਾਹ ਹੋ ਗਈਆਂ। ਸਰਕਾਰ ਨੇ ਸਿਰੇ ਦੀ ਮੂਰਖਤਾ ਵਿਖਾਉਂਦੇ ਹੋਏ ਕਿਸਾਨਾਂ ਦੀ ਕੋਈ ਮਦਦ ਕਰਨ ਦੀ ਬਜਾਏ ਗੁਜਰਾਤ ਵਿੱਚ ਲਗਾਨ 30 ਫੀਸਦੀ ਹੋਰ ਵਧਾ ਦਿੱਤਾ। ਖੇਡਾ ਅੰਦੋਲਨ ਤੋਂ ਸੇਧ ਲੈ ਕੇ ਬਰਦੌਲੀ ਦੇ ਕਿਸਾਨਾਂ ਨੇ ਵੀ ਆਪਣੇ ਨੇਤਾਵਾਂ ਵੱਲਭ ਭਾਈ ਪਟੇਲ, ਨਰਹਰੀ ਪਾਰਿਖ, ਰਵੀ ਸ਼ੰਕਰ ਵਿਆਸ ਅਤੇ ਮੋਹਨ ਲਾਲ ਪਾਂਡਿਆ ਦੀ ਅਗਵਾਈ ਹੇਠ ਅੰਦੋਲਨ ਸ਼ੁਰੂ ਕਰ ਦਿੱਤਾ ਤੇ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ। ਕਿਸਾਨਾਂ ਨੂੰ ਡਰਾਉਣ ਲਈ ਮਾਲ ਮਹਿਕਮੇ ਦੇ ਅਫਸਰ ਅਤੇ ਪੁਲਿਸ ਜਬਰਦਸਤੀ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਮਾਲ ਡੰਗਰ ਕੁਰਕ ਕਰਨ ਲੱਗ ਪਏ। ਰੋਸ ਵਜੋਂ ਗੁਜਰਾਤ ਵਿਧਾਨ ਸਭਾ ਦੇ ਸਾਰੇ ਭਾਰਤੀ ਮੈਂਬਰਾਂ ਨੇ ਅਸਤੀਫੇ ਦੇ ਦਿੱਤੇ। ਆਖਰ ਜਦੋਂ ਸਰਕਾਰ ਦੀ ਕੋਈ ਵਾਹ ਪੇਸ਼ ਨਾ ਚੱਲੀ ਤਾਂ ਉਸ ਨੂੰ ਵਿਚੋਲੇ ਪਾ ਕੇ ਕਿਸਾਨਾਂ ਨਾਲ ਸਮਝੌਤਾ ਕਰਨਾ ਪਿਆ ਤੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਸਵੀਕਾਰ ਕਰ ਲਈਆਂ ਗਈਆਂ। ਇਸ ਅੰਦੋਲਨ ਵਿੱਚ ਜਿੱਤ ਪ੍ਰਾਪਤ ਕਰਨ ਕਾਰਨ ਵੱਲਭ ਭਾਈ ਪਟੇਲ ਨੂੰ ਸਰਦਾਰ ਦਾ ਖਿਤਾਬ ਦਿੱਤਾ ਗਿਆ ਤੇ ਉਸ ਨੂੰ ਸਰਦਾਰ ਪਟੇਲ ਪੁਕਾਰਿਆ ਜਾਣ ਲੱਗਾ।
ਨਿਜ਼ਾਮ ਹੈਦਰਾਬਾਦ ਦੇ ਖਿਲਾਫ ਕਿਸਾਨ ਅੰਦੋਲਨ – ਹੈਦਰਾਬਾਦ ਸਟੇਟ ਵਿੱਚ ਜ਼ਿੰਮੀਦਰੀ ਸਿਸਟਮ ਅਨੁਸਾਰ ਸਾਰੀ ਜ਼ਮੀਨ ਦੀ ਮਾਲਕੀ ਸਰਕਾਰ ਅਤੇ ਜ਼ਿੰਮੀਦਾਰਾਂ ਦੇ ਹੱਥ ਵਿੱਚ ਸੀ। ਕਿਸਾਨ ਸਿਰਫ ਇੱਕ ਬੰਧੂਆ ਮਜ਼ਦੂਰ ਦੇ ਰੂਪ ਵਿੱਚ ਖੇਤੀਬਾੜੀ ਕਰਦੇ ਸਨ। ਸਰਕਾਰ ਜ਼ਿੰਮੀਦਾਰਾਂ ਕੋਲੋਂ ਲਗਾਨ ਵਸੂਲਦੀ ਸੀ ਤੇ ਜ਼ਿੰਮੀਦਾਰ ਬੇਰਹਿਮੀ ਨਾਲ ਕਿਸਾਨਾਂ ਦਾ ਖੂਨ ਚੂਸ ਕੇ ਲਗਾਨ ਇਕੱਠਾ ਕਰਦੇ ਸਨ। ਜ਼ਿੰਮੀਦਾਰਾਂ ਕੋਲੋਂ ਲਿਆ ਕਰਜ਼ਾ ਉਤਾਰਨ ਲਈ ਕਿਸਾਨਾਂ ਦੀਆਂ ਕਈ ਪੀੜ੍ਹੀਆ ਗੁਲਾਮਾਂ ਵਾਂਗ ਮੁਫਤ ਕੰਮ ਕਰਦੀਆਂ ਖਤਮ ਹੋ ਜਾਂਦੀਆਂ ਸਨ। ਸਦੀਆਂ ਤੋਂ ਹੋ ਰਹੇ ਇਸ ਧੱਕੇ ਨੂੰ ਖਤਮ ਕਰਨ ਲਈ 1930 ਵਿੱਚ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਜੋ ਹੌਲੀ ਹੌਲੀ ਹਿੰਸਕ ਹੋ ਗਿਆ। ਕਿਸਾਨਾਂ ਨੇ ਆਪਣੀਆਂ ਸੰਘਰਸ਼ ਕਮੇਟੀਆਂ ਬਣਾ ਕੇ ਜ਼ਿੰਮੀਦਾਰਾਂ ਅਤੇ ਨਿਜ਼ਾਮ ਦੀਆਂ ਜਾਇਦਾਦਾਂ ਤਬਾਹ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨਿਜ਼ਾਮ ਨੇ ਵੀ ਆਪਣੀ ਫੌਜ (ਰਜ਼ਾਕਾਰ) ਤਿਆਰ ਕਰ ਕੇ ਬਾਗੀ ਕਿਸਾਨਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ। 1948 ਤੱਕ ਇਸ ਲੜਾਈ ਵਿੱਚ 2000 ਦੇ ਕਰੀਬ ਕਿਸਾਨ ਅਤੇ ਸੈਂਕੜੇ ਰਜ਼ਾਕਾਰ ਮਾਰੇ ਗਏ। 13 ਸਤੰਬਰ 1948 ਨੂੰ ਭਾਰਤੀ ਫੌਜ ਨੇ ਹੈਦਰਾਬਾਦ ‘ਤੇ ਕਬਜ਼ਾ ਕਰ ਲਿਆ ਤੇ ਜਾਗੀਦਰਾਰੀ ਸਿਸਟਮ ਖਤਮ ਕਰ ਦਿੱਤਾ ਗਿਆ। ਫਲਸਵਰੂਪ ਇਹ ਅੰਦੋਲਨ ਹੌਲੀ ਹੌਲੀ ਠੰਡਾ ਪੈ ਗਿਆ।
ਹੁਣ ਤੱਕ ਵੇਖਿਆ ਗਿਆ ਹੈ ਹਰ ਸਰਕਾਰ ਕੋਈ ਵੀ ਕਾਨੂੰਨ ਸਿਰਫ ਸਰਮਾਏਦਾਰਾਂ ਨੂੰ ਸਾਹਮਣੇ ਰੱਖ ਕੇ ਹੀ ਬਣਾਉਂਦੀ ਹੈ ਤੇ ਕਿਸਾਨਾਂ ਨੂੰ ਹਮੇਸ਼ਾਂ ਆਪਣੇ ਹੱਕ ਲੈਣ ਲਈ ਅੰਦੋਲਨ ਕਰਨਾ ਪੈਂਦਾ ਹੈ। ਉਪਰੋਕਤ ਅੰਦੋਲਨਾਂ ਵਾਂਗ ਹੁਣ ਦਾ ਦਿੱਲੀ ਧਰਨਾ ਵੀ ਲੰਬਾ ਚੱਲਣ ਦੀ ਉਮੀਦ ਹੈ।

Related posts

ਆਯੁਰਵੇਦ ਦਾ ਗਿਆਨ: ਈਥਰਿਕ ਪਰਤ ਦਾ ਅਨੁਭਵ !

admin

ਮੈਲਬੌਰਨ ‘ਚ ਦੋ ਨਵੇਂ ਇੰਡੀਅਨ ਕਮਿਊਨਿਟੀ ਸੈਂਟਰਾਂ ਲਈ ਫੰਡਿੰਗ ਉਪਲਬਧ ਹੈ !

admin

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin