ਮੈਲਬੌਰਨ- ਕਾਫੀ ਸਮੇਂ ਤੋਂ ਆਪਣੇ 24ਵੇਂ ਗ੍ਰੈਂਡਸਲੈਮ ਸਿੰਗਲਜ਼ ਖ਼ਿਤਾਬ ਦੀ ਉਡੀਕ ਕਰ ਰਹੀ ਸੇਰੇਨਾ ਵਿਲੀਅਮਸ ਨੇ ਆਸਟ੍ਰੇਲੀਅਨ ਓਪਨ ਦੀ ਤਿਆਰੀ ਲਈ ਖੇਡੇ ਜਾ ਰਹੇ ਟੂਰਨਾਮੈਂਟ ਦੇ ਪਹਿਲੇ ਦੌਰ ‘ਚ ਡਾਰੀਆ ਗਾਵਰੀਲੋਵਾ ਨੂੰ 6-1, 6-4 ਨਾਲ ਹਰਾਇਆ। ਸੇਰੇਨਾ ਨੇ 2017 ਆਸਟ੍ਰੇਲੀਅਨ ਓਪਨ ਤੋਂ ਬਾਅਦ ਤੋਂ ਕੋਈ ਗ੍ਰੈਂਡਸਲੈਮ ਨਹੀਂ ਜਿੱਤਿਆ ਤੇ ਉਹ ਉਨ੍ਹਾਂ ਦਾ 23ਵਾਂ ਸਿੰਗਲਜ਼ ਖ਼ਿਤਾਬ ਸੀ। ਉਹ 24 ਗ੍ਰੈਂਡਸਲੈਮ ਸਿੰਗਲਜ਼ ਖ਼ਿਤਾਬ ਦੇ ਮਾਰਗਰੇਟ ਕੋਰਟ ਦੇ ਰਿਕਾਰਡ ਦੀ ਬਰਾਬਰੀ ਦੀ ਦਹਿਲੀਜ਼ ‘ਤੇ ਹੈ।ਇਸ ਤੋਂ ਪਹਿਲਾਂ ਅਮਰੀਕਾ ਦੀ ਹੀ ਕੋਕੋ ਗਾਫ ਨੂੰ ਡਬਲਯੂਟੀਏ ਗਿਪਸਲੈਂਡ ਟਰਾਫੀ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ‘ਚ ਜਿੱਤ ਲਈ ਕਾਫੀ ਸੰਘਰਸ਼ ਕਰਨਾ ਪਿਆ। ਗਾਫ ਨੇ ਜਿਲ ਟੇਇਕਮੈਨ ਨੂੰ 6-3, 4-7, 7-6 ਨਾਲ ਹਰਾ ਕੇ ਦੂਸਰੇ ਦੌਰ ‘ਤੇ ਐਂਟਰੀ ਕੀਤੀ। ਇਸ ਟੂਰਨਾਮੈਂਟ ਦੇ ਇਕ ਹੋਰ ਮੈਚ ‘ਚ ਆਸਟ੍ਰੇਲੀਆ ਦੀ ਡੇਸਟਾਨੀ ਏਆਵਾ ਨੇ ਸ਼ਲੋਏ ਪਾਕੇਤ ਨੂੰ 6-1, 4-6, 6-4 ਨਾਲ ਮਾਤ ਦਿਤੀ। ਆਸਟ੍ਰੇਲੀਅਨ ਓਪਨ ਅੱਠ ਫਰਵਰੀ ਤੋਂ ਸ਼ੁਰੂ ਹੋਵੇਗਾ।ਯਾਰਾ ਰਿਵਰ ਕਲਾਸਿਕ ‘ਚ ਅਨਾਸਤਾਸੀਆ ਪਾਬਲੁਚੇਂਕੋਵਾ ਨੇ ਜਾਪਾਨ ਦੀ ਮਿਸਾਕੀ ਦੋਈ ਨੂੰ 6-1, 6-4 ਨਾਲ ਹਰਾਇਆ। ਅਮਰੀਕਾ ਦੀ ਡੈਨੀਯੇਲੇ ਕੋਲਿੰਸ ਨੇ ਨੀਨਾ ਸਟੋਯਾਨੋਵਿਕ ਨੂੰ 6-2, 6-1 ਨਾਲ ਮਾਤ ਦਿੱਤੀ। ਦੂਜੇ ਪਾਸੇ 7ਵੀਂ ਰੈਂਕਿੰਗ ਵਾਲੀ ਪੇਟਰਾ ਮਾਰਟਿਨ ਨੇ ਵੇਰਾ ਲਾਪਕੋ ਨੂੰ 4-6, 6-3, 6-2 ਨਾਲ ਹਰਾਇਆ। ਮਰੇ ਰਿਵਰ ਓਪਨ ‘ਚ ਫਰਾਂਸ ਦੇ ਕੋਰੇਂਟਿਨ ਐੱਮ ਨੇ ਅਮਰੀਕਾ ਦੇ ਫਰਾਂਸਿਸ ਟਿਆਫੋ ਨੂੰ 3-6, 6-4, 6-4 ਨਾਲ ਮਾਤ ਦਿੱਤੀ।
ਨਾਗਲ ਨੇ ਹਾਰ ਨਾਲ ਕੀਤੀ ਸ਼ੈਸਨ ਦੀ ਸ਼ੁਰੂਆਤ
ਮੈਲਬੌਰਨ (ਪੀਟੀਆਈ) : ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਰ ਨੇ 2021 ਸੈਸ਼ਨ ਦੀ ਸ਼ੁਰੂਆਤ ਰਿਵਰ ਓਪਨ ਦੇ ਪਹਿਲੇ ਦੌਰ ‘ਚ ਸੋਮਵਾਰ ਨੂੰ ਰਿਕਾਰਡਸ ਬਰਕਾਨਿਸ ਨਾਲ ਸਿੱਧੇ ਸੈੱਟਾਂ ‘ਚ ਹਾਰ ਨਾਲ ਕੀਤੀ। ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਖੇਡੇ ਜਾ ਰਹੇ ਇਸ ਏਟੀਪੀ 250 ਟੂਰਨਾਮੈਂਟ ‘ਚ ਨਾਗਰ ਆਪਣੇ ਵਿਰੋਧੀ ਦੇ ਸਾਹਮਣੇ ਚੁਣੌਤੀ ਪੇਸ਼ ਨਹੀਂ ਕਰ ਸਕੇ ਤੇ ਉਨ੍ਹਾਂ 2-6, 2-6 ਨਾਲ ਮੁਕਾਬਲਾ ਗੁਆ ਦਿੱਤਾ।