Articles

ਅੰਦੋਲਨ ਹਕੂਮਤ ਵਾਂਗ ਨਹੀਂ ਲੋਕ ਤਰਜਮਾਨੀ ਨਾਲ ਚਲਦੇ ਹਨ

ਫੋਟੋ: ਏ ਐੱਨ ਆਈ।
ਲੇਖਕ: ਸੁਖਵੀਰ ਸਿੰਘ ਕੰਗ, ਕੋਟਲਾ ਸ਼ਮਸ਼ਪੁਰ, ਸਮਰਾਲਾ

ਅੰਦੋਲਨ ਅਤੇ ਸਟੇਟ ਦੇ ਸੰਚਾਲਨ ਅਤੇ ਅਗਵਾਈ ਵਿੱਚ ਬਹੁਤ ਫ਼ਰਕ ਹੁੰਦਾ ਹੈ। ਸਟੇਟ ਦਾ ਆਗੂ ਇੱਕ ਖਾਸ ਵਿਧੀ ਰਾਹੀਂ ਅਧਿਕਾਰਕ ਤੌਰ ਤੇ ਚੁਣਿਆ ਜਾਂਦਾ ਹੈ। ਉਸਦੇ ਅਧਿਕਾਰ ਸਟੇਟ ਦੇ ਵਿਧਾਨ ਅਨੁਸਾਰ ਨਿਸ਼ਚਿਤ ਅਤੇ ਸੁਰੱਖਿਅਤ ਹੁੰਦੇ ਹਨ। ਉਸ ਦੀ ਅਗਵਾਈ ਨੂੰ ਚੁਣੌਤੀ ਦੇਣ ਦੀ ਵਿਧੀ ਵੀ ਗੁੰਝਲਦਾਰ ਹੁੰਦੀ ਹੈ। ਇਸ ਕਰਕੇ ਉਹ ਅਕਸਰ ਨਿੱਜੀ ਤੌਰ ਤੇ ਮਨਮਰਜੀਆਂ ਕਰਦੇ ਦੇਖੇ ਜਾ ਸਕਦੇ ਹਨ। ਸਿਆਸੀ ਹਲਕਿਆਂ ਵਲੋਂ ਸਟੇਟ ਦਾ ਵਿਰੋਧ ਕਰਨ ਵਾਲੇ ਆਗੂਆਂ ਕੋਲ ਵੀ ਕਾਫ਼ੀ ਅਧਾਰ ਹੁੰਦੇ ਹਨ ਕਿ ਉਹ ਨਿੱਜੀ ਗਲਿਆਰਿਆਂ ਵਿੱਚ ਰਹਿ ਕੇ ਵੀ ਲੜ ਸਕਦੇ ਹਨ। ਇਹਨਾਂ ਦੋਵਾਂ ਦੇ ਸਿਆਸੀ ਅਧਾਰ ਇਹਨਾਂ ਨੂੰ ਸੁਰੱਖਿਅਤ ਰੱਖਦੇ ਹਨ। ਪਰ ਗੈਰ-ਸਿਆਸੀ ਛੋਟੇ ਜਾਂ ਵੱਡੇ ਅੰਦੋਲਨਾਂ ਦੀ ਅਗਵਾਈ ਕਰਨ ਵਾਲਿਆਂ ਕੋਲ ਇਹ ਸੁਰੱਖਿਅਤ ਅਧਿਕਾਰ ਨਹੀਂ ਹੁੰਦੇ। ਅੰਦੋਲਨਾਂ ਦੇ ਆਗੂਆਂ ਦਾ ਵਜੂਦ ਅੰਦੋਲਨ ਨਾਲ ਜੁੜੇ ਲੋਕਾਂ ਦੀ ਰਾਇ, ਲੋਕਾਂ ਅਤੇ ਮੁੱਦੇ ਦੀ ਤਰਜਮਾਨੀ, ਲੋਕਾਂ ਦੇ ਤਤਕਾਲੀ ਭਰੋਸੇ ਅਤੇ ਅੰਦੋਲਨ ਪ੍ਰਤੀ ਜੁਆਬਦੇਹ ਰਹਿਣ ਤੱਕ ਹੁੰਦਾ ਹੈ। ਛੋਟੇ ਅੰਦੋਲਨਾਂ ਦਾ ਮੋਹਰੀ ਇੱਕ ਵੀ ਹੋ ਸਕਦਾ ਹੈ ਅਤੇ ਵੱਡੇ ਅੰਦੋਲਨਾਂ ਵਿਚ ਅਗਵਾਈ ਸਮੂਹਿਕ ਹੋ ਸਕਦੀ ਹੈ। ਸਮੂਹਿਕ ਅਗਵਾਈ ਵਿੱਚ ਅੰਦਰੂਨੀ ਚੁਣੌਤੀਆਂ ਹੋਰ ਵਧ ਜਾਂਦੀਆਂ ਹਨ ਕਿਓਂਕਿ ਆਗੂਆਂ ਨੂੰ ਲੋਕਾਂ ਦੇ ਭਰੋਸੇ ਦੇ ਨਾਲ ਆਪਸੀ ਸਹਿਮਤੀ ਵੀ ਬਣਾ ਕੇ ਰੱਖਣੀ ਪੈਂਦੀ ਹੈ। ਇਸ ਸਥਿਤੀ ਵਿੱਚ ਆਪਸੀ ਵਿਚਾਰਧਾਰਕ ਮੱਤਭੇਦ ਹੋਣਾ ਸੁਭਾਵਿਕ ਹੈ ਪਰ ਅੰਦੋਲਨ ਦੀ ਸਫ਼ਲਤਾ ਲਈ ਇਕ ਸੰਤੁਲਨ ਬਣਾ ਕੇ ਰੱਖਣਾ ਬਹੁਤ ਜਰੂਰੀ ਹੋ ਜਾਂਦਾ ਹੈ ਪਰ ਇਹ ਸੁਖਾਲ਼ਾ ਕੰਮ ਨਹੀਂ ਹੁੰਦਾ। ਕਈ ਵਾਰ ਮਕਸਦ ਦੀ ਪ੍ਰਾਪਤੀ ਲਈ ਨਿੱਜੀ ਰਾਇ ਨੂੰ ਮਾਰ ਕੇ ਵੀ ਅੱਗੇ ਵਧਣਾ ਪੈਂਦਾ ਹੈ। ਇਹਨਾਂ ਹਾਲਾਤਾਂ ਵਿਚ ਆਗੂਆਂ ਨੂੰ ਆਪਣੇ ਰੁਤਬੇ ਭੁੱਲਣੇ ਪੈਂਦੇ ਹਨ, ਕਈ ਵਿਚਾਰ ਜੇਬ ਵਿੱਚ ਪਾਉਣੇ ਪੈਂਦੇ ਹਨ ਅਤੇ ਸਿਰਫ਼ ਸੰਘਰਸ਼ ਦੀ ਕਾਮਯਾਬੀ ਉੱਪਰ ਕੇਂਦਰਤ ਰਹਿਣਾ ਹੁੰਦਾ ਹੈ, ਮਕਸਦਾਂ ਨੂੰ ਮੁੱਖ ਰੱਖਦਿਆਂ ਜਰੂਰੀ ਨਹੀਂ ਹੁੰਦਾ ਕਿ ਕਿਸੇ ਆਗੂ ਦੇ ਰੁਤਬੇ ਕਾਰਨ ਉਸ ਦੀ ਹਰ ਰਾਇ ਨੂੰ ਮੰਨਿਆਂ ਜਾਂ ਲਾਗੂ ਕੀਤਾ ਜਾ ਸਕੇ। ਅੰਦੋਲਨ ਦਰਮਿਆਨ ਨਿਰਣੇ, ਸਲਾਹ ਦੇਣ ਵਾਲੇ ਆਗੂ ਦਾ ਕੱਦ ਦੇਖ ਕੇ ਨਹੀਂ ਬਲਕਿ ਅੰਦੋਲਨ ਹਿਤ ਕਿਸੇ ਵੀ ਸਲਾਹ ਦਾ ਕੱਦ ਦੇਖ ਕੇ ਕਰਨੇ ਚਾਹੀਦੇ ਹਨ। ਅੰਦੋਲਨ ਹਕੂਮਤ ਨਾਲ ਨਹੀਂ ਲੋਕ ਰਾਇ ਨਾਲ ਚਲਾਏ ਜਾਣੇ ਚਾਹੀਦੇ ਹਨ। ਅੰਦੋਲਨ ਕਿਸੇ ਇੱਕ ਵਿਅਕਤੀ ਦੀ ਜ਼ਾਗੀਰ ਨਹੀਂ ਹੁੰਦੇ ਇਹ ਪੀੜਤ ਲੋਕਾਂ ਦੀ ਆਵਾਜ, ਤਰਜਮਾਨੀ ਅਤੇ ਲੜਾਈ ਹੁੰਦੇ ਹਨ। ਅੰਦੋਲਨ ਲੋਕ ਹਿਤਾਂ ਲਈ ਲੜੇ ਜਾਂਦੇ ਹਨ ਇਹ ਸਟੇਟ ਤੋਂ ਡਰ ਕੇ ਜਾਂ ਬੀਬੇ ਪੁੱਤ ਬਣ ਕੇ ਨਹੀਂ ਜਿੱਤੇ ਜਾ ਸਕਦੇ। ਵੱਡੇ ਅੰਦੋਲਨ ਕਰਨ ਵਾਲੇ ਸਭ ਬਾਗੀ ਹੀ ਹੁੰਦੇ ਹਨ ਆਪਣੇ ਆਪ ਨੂੰ ਬਾਗੀ ਨਾ ਮੰਨਣ ਵਾਲੇ ਆਗੂ ਨਿਧੜਕ ਨਹੀਂ ਅਖਵਾ ਸਕਦੇ ਉਹ ਮਿਲੀ ਹੋਈ ਬਾਜ਼ੀ ਤਾਂ ਖੇਡ੍ਹ ਸਕਦੇ ਹਨ ਪਰ ਲੜ ਕੇ ਹੱਕ ਨਹੀਂ ਲੈ ਸਕਦੇ। ਅੰਦੋਲਨ ਬਾਹਰੀ ਘੁੱਸਪੈਠ ਨਾਲ ਪਿੱਛੇ ਤਾਂ ਪੈ ਸਕਦੇ ਹਨ ਪਰ ਖਤਮ ਨਹੀਂ ਹੋ ਸਕਦੇ ਬਸ਼ਰਤੇ ਅੰਦਰੂਨੀ ਬੇਈਮਾਨੀ ਜਾਂ ਬੇਵਫ਼ਾਈ ਨਾ ਹੋਵੇ। ਅੰਦੋਲਨ ਸਟੇਟ ਜਾਂ ਵਿਰੋਧੀ ਧਿਰ ਵੱਲ ਨਿਸ਼ਾਨੇ ਸਾਧ ਕੇ ਜਿੱਤੇ ਜਾਂਦੇ ਹਨ, ਆਪਣਿਆਂ ਨੂੰ ਸ਼ਿਕਾਰ ਬਣਾ ਕੇ ਨਹੀਂ। ਇਤਿਹਾਸ ਗਵਾਹ ਹੈ ਕਿ ਅੰਦੋਲਨਾਂ ਵਿੱਚ ਖਤਰੇ ਮੁੱਲ ਲਏ ਬਿਨਾਂ ਸਬਰ ਤਾਂ ਕੀਤਾ ਜਾ ਸਕਦਾ ਹੈ ਪਰ ਤੀਬਰਤਾ ਨਾਲ ਪ੍ਰਾਪਤੀ ਵੱਲ ਅੱਗੇ ਨਹੀਂ ਵਧਿਆ ਜਾ ਸਕਦਾ। ਨਿਰਣਿਆਂ ਦੀਆਂ ਕਮਜੋਰੀਆਂ ਨਾਲ ਢਿੱਲੇ ਪਏ ਸੰਘਰਸ਼ਾਂ ਨੂੰ ਦੁਬਾਰਾ ਪੈਰਾਂ ਸਿਰ ਕਰਨ ਤੇ ਬਹੁਤ ਯਤਨ ਲੱਗਦੇ ਹਨ ਅਤੇ ਅੰਦੋਲਨ ਬਹੁਤ ਪਿੱਛੇ ਪੈ ਜਾਂਦੇ ਹਨ। ਵੱਡੇ ਅੰਦੋਲਨਾਂ ਵਿੱਚ ਕਈ ਬਹੁਤ ਸਾਰੀਆਂ ਅਣ ਚਾਹੀਆਂ ਧਿਰਾਂ ਨੂੰ ਵੀ ਨਾਲ ਲੈ ਕੇ ਚੱਲਣਾ ਪੈਂਦਾ ਹੈ ਜੇਕਰ ਤੁਸੀਂ ਅਜਿਹਾ ਨਹੀਂ ਕਰ ਪਾਉਂਦੇ ਤਾਂ ਤੁਸੀਂ ਕਿਸੇ ਜਾਇਜ਼-ਨਜਾਇਜ਼ ਅਧਾਰ ਤੇ ਟਿਕੇ ਤਾਂ ਰਹਿ ਸਕਦੇ ਹੋ ਪਰ ਕਦੇ ਵੀ ਸਮਰਪਿਤ ਅਤੇ ਲੰਬੀ ਰੇਸ ਦੇ ਆਗੂ ਨਹੀਂ ਬਣ ਸਕਦੇ। ਨਿੱਜੀ ਕਬਜੇ ਤੇ ਹਕੂਮਤ ਦੀ ਲਾਲਸਾ, ਨਿੱਜੀ ਲਾਹਿਆਂ ਵੱਲ ਝੁਕਾਅ ਅਤੇ ਅੰਦੋਲਨ ਤੋਂ ਮਿਲੇ ਉਭਾਰ ਕਾਰਨ ਉਪਜੀ ਨਿੱਜੀ ਹਉਮੈਂ ਜਾਂ ਹੈਂਕੜ ਦੀ ਬੋਅ ਲੋਕਾਂ ਨੂੰ ਤੁਹਾਡੇ ਤੋਂ ਦੂਰ ਹਟਣ ਤੇ ਮਜਬੂਰ ਕਰ ਸਕਦੀ ਹੈ ਇਹਨਾਂ ਅਲਾਮਤਾਂ ਤੋਂ ਬਚਣਾ ਬਹੁਤ ਜਰੂਰੀ ਹੈ।
ਵੱਡੈ ਦਾਇਰੇ ਵਾਲੇ ਅੰਦੋਲਨ ਦੌਰਾਨ ਇੱਕ ਸਫ਼ਲ ਆਗੂ ਨੂੰ ਲੋਕਾਂ ਦੇ ਦਰਮਿਆਨ ਵਿਚਰਨਾ, ਲੋਕਾਂ ਅਤੇ ਮਕਸਦ ਦੇ ਨੇੜੇ ਰਹਿ ਕੇ ਕੰਮ ਕਰਨਾ, ਲੋਕਾਂ ਦੀ ਰਾਇ ਲੈਂਦੇ ਰਹਿਣਾ, ਲੋਕਾਂ ਨੂੰ ਜੋੜੀ ਰੱਖਣ ਲਈ ਮੇਲ-ਮਿਲਾਪ ਦੀ ਸਰਗਰਮੀ ਬਣਾਈ ਰੱਖਣਾ, ਦਬਾਅ ਬਣਾਈ ਰੱਖਣ ਲਈ ਅੰਦੋਲਨ ਦੀ ਤੀਬਰਤਾ ਬਣਾਈ ਰੱਖਣਾ, ਸਾਥੀ ਆਗੂਆਂ ਨਾਲ ਤਾਲਮੇਲ ਬਿਠਾਈ ਰੱਖਣਾ, ਸ਼ਾਮਿਲ ਅਤੇ ਘਰੀਂ ਬੈਠੇ ਲੋਕਾਂ ਵਿੱਚ ਉਤਸ਼ਾਹ ਭਰੀ ਰੱਖਣਾ ਅਤੇ ਉਮੀਦ ਦੀ ਜੋਤ ਜਗਾਈ ਰੱਖਣਾ ਅਤੇ ਇਸ ਸ਼ਭ ਦੇ ਨਾਲ ਨਾਲ ਸਟੇਟ ਉੱਪਰ ਅੰਦੋਲਨ ਦਾ ਪ੍ਰਭਾਵ ਅਤੇ ਦਬਦਬਾ ਵੀ ਬਣਾਈ ਰੱਖਣਾ ਜਰੂਰੀ ਹੁੰਦਾ ਹੈ। ਅਜਿਹੇ ਕਾਰਜਾਂ ਅਤੇ ਗੁਣਾਂ ਤੋਂ ਬਿਨਾਂ ਕੋਈ ਆਗੂ ਆਪਣੀ ਹੋਂਦ ਤਾਂ ਬਚਾ ਕੇ ਰੱਖ ਸਕਦਾ ਹੈ ਪਰ ਹਰਮਨ ਪਿਆਰਾ ਨਹੀਂ ਹੋ ਸਕਦਾ।

Related posts

ਸੰਸਦ ਦੇ ਦੂਸ਼ਿਤ ਵਾਤਾਵਰਨ ਲਈ ਕੌਣ ਜ਼ਿੰਮੇਵਾਰ ?

admin

ਵਿਸ਼ਵ ਸਾੜੀ ਦਿਵਸ 2024: ਸੁੰਦਰਤਾ, ਪਰੰਪਰਾ ਅਤੇ ਸ਼ਕਤੀਕਰਨ ਦਾ ਜਸ਼ਨ !

admin

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ “ਵੀਰ ਬਾਲ ਦਿਵਸ” ਕਹਿਣਾ: ਕੀ ਸਿੱਖ ਮਰਿਆਦਾ ਨਾਲ ਖਿਲਵਾੜ ਨਹੀਂ ?

admin