
ਕੋਰੋਨਾ ਦੂਜੀ ਲਹਿਰ ਦੇ ਵਿਸ਼ਾਣੂ ਦੀ ਫੈਲਾਈ ਮਹਾਮਾਰੀ ਨੇ ਸਮਾਜ ਦੇ ਵੱਖ-ਵੱਖ ਤਬਕਿਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਮਾਨਸਿਕ ਗੁੰਝਲਾਂ, ਸਮੱਸਿਆਵਾਂ ਅਤੇ ਔਕੜਾਂ ਪੈਦਾ ਕੀਤੀਆਂ ਹਨ। ਸਮਾਜ ਦੇ ਪਹਿਲਾਂ ਤੋਂ ਹੀ ਸੌਖਿਆ ਹੀ ਮਾਰ ਹੇਠ ਆ ਸਕਣ ਵਾਲੇ ਤਬਕਿਆਂ ਲਈ ਮਹਾਮਾਰੀ ਦੀਆਂ ਪੈਦਾ ਕੀਤੀਆਂ ਗੁੰਝਲਾਂ ਤੇ ਔਕੜਾਂ ਨਿਵੇਕਲੀਆਂ ਉਨ੍ਹਾਂ ਦੀਆਂ ਹੀ ਹਨ। ਇਸੇ ਲਈ ਕੋਵਿਡ-19 ਮਹਾਮਾਰੀ ਦੀ ਮਚਾਈ ਤਬਾਹੀ ਦੀਆਂ ਵੰਨਗੀਆਂ ਬਾਬਤ ਵੱਖ-ਵੱਖ ਸਰਵੇਖਣ ਅਤੇ ਰਿਪੋਰਟਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜੋ ਵਰਗ ਵਿਸ਼ੇਸ਼ ਦੀਆਂ ਸਮੱਸਿਆਵਾਂ ਨੂੰ ਕੇਂਦਰ ’ਚ ਲਿਆਉਂਦੀਆਂ ਹਨ। ਮਹਾਮਾਰੀ ਦੀ ਭਾਰੀ ਮਾਰ ਹੇਠ ਆਇਆ ਇਕ ਵਰਗ ਵਿਸ਼ੇਸ਼ ਔਰਤਾਂ ਦਾ ਵਰਗ ਹੈ ਜਿਸ ਨੂੰ ਕੋਰੋਨਾ ਕਾਲ ਦੀਆਂ ਮਾਰਾਂ ਮੂਹਰੇ ਹੋ ਕੇ ਸਹਿਣੀਆਂ ਪਈਆਂ ਹਨ। ਇਸੇ ਵਿਸ਼ੇਸ਼ ਵਰਗ ਦਾ ਇਕ ਹਿੱਸਾ ਕੰਮਕਾਜੀ ਔਰਤਾਂ ਹਨ ਜਿਨ੍ਹਾਂ ਲਈ ਮਹਾਮਾਰੀ ਨੇ ਜ਼ਿੰਦਗੀ ਹੋਰ ਵੀ ਔਖੀ ਬਣਾ ਦਿੱਤੀ ਹੈ। ਕੰਮਕਾਜੀ ਔਰਤਾਂ ਦੀਆਂ ਸਮੱਸਿਆਵਾਂ, ਕੋਵਿਡ-19 ਕਾਲ ਤੋਂ ਪਹਿਲਾਂ ਹੀ ਵਿਸ਼ੇਸ਼ ਰਹੀਆਂ ਹਨ। ਦਫ਼ਤਰ, ਸਕੂਲ ਜਾਂ ਫੀਲਡ ਦਾ ਕੰਮ ਕਰਨ ਵਾਲੀਆਂ ਔਰਤਾਂ ਨੂੰ ਘਰ ਅਤੇ ਬਾਹਰ ਦੇ ਕੰਮ ਦਾ ਦੂਹਰਾ ਬੋਝ ਝੱਲਣਾ ਪੈਂਦਾ ਹੈ ਜਿਸ ਨੂੰ ਆਮ ਪਰਿਵਾਰਾਂ ’ਚ ਬਹੁਤ ਵਾਰ ਹਮਦਰਦੀ ਨਾਲ ਸਮਝਿਆ ਨਹੀਂ ਜਾਂਦਾ, ਅਗਾਂਹ ਹੋ ਕੇ ਹੱਥ ਵੰਡਾਉਣਾ ਤਾਂ ਦੂਰ ਦੀ ਗੱਲ ਹੈ।