
ਸੰਗਰੂਰ।
ਪ੍ਰੋਫੈਸਰ ਜਸਵੰਤ ਸਿੰਘ ਦੇ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਦਾ ਘਰ ਵਿੱਚ ਪਹਿਲਾ ਹੀ ਦਿਨ ਸੀ। ਉਹ ਬੜੀ ਬੇਚੈਨੀ ਮਹਿਸੂਸ ਕਰ ਰਹੇ ਸਨ। ਆਪਣੇ ਆਪ ਨੂੰ ਹੀ ਸਵਾਲ ਪੁੱਛਦੇ, ‘ ਕੀ ਮੈਂ ਹੁਣ ਘਰ ਵਿਹਲਾ ਬੈਠਿਆ ਕਰਾਂਗਾ ? ਅਜੇ ਚੰਗਾ ਭਲਾ ਤਾਂ ਹਾਂ, ਕੀ ਹੋਇਐ ਮੈਨੂੰ ? ਰਿਟਾਇਰ ਹੋਣਾ ਕੋਈ ਬਿਮਾਰੀ ਨਹੀਂ, ਇਹ ਤਾਂ ਆਜ਼ਾਦੀ ਹੈ, ਹੁਣ ਆਪਣੀ ਮਰਜੀ ਅਨੁਸਾਰ ਕੰਮ ਕਰਨ ਦਾ ਮੌਕਾ ਮਿਲਿਆ ਸਗੋਂ। ‘ ਇਹ ਸੋਚ ਕੇ ਉਨ੍ਹਾਂ ਦੇ ਮਨ ਨੂੰ ਖੁਸ਼ੀ ਹੋਈ ਅਤੇ ਆਪਣੇ ਤਰੀਕੇ ਨਾਲ ਕੰਮ ਕਰਨ ਦਾ ਫੈਸਲਾ ਕੀਤਾ। ਆਪਣੇ ਕੋਲ ਪਈਆਂ ਉਨ੍ਹਾਂ ਕੁੱਝ ਕਿਤਾਬਾਂ ਲਈਆਂ, ਉਹ ਜਾਣਦੇ ਸਨ ਕਿਸ ਉਮਰ ਵਿੱਚ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਉਨ੍ਹਾਂ ਬੱਸ ਅੱਡੇ ਤੇ ਜਾ ਕੇ ਕਿਤਾਬਾਂ ਵੰਡਣ ਦਾ ਯਤਨ ਕੀਤਾ। ਕੰਮ ਜਿੰਨਾ ਸੌਖਾ ਲੱਗਦਾ ਸੀ ਓਨਾ ਸੌਖਾ ਨਹੀਂ ਸੀ। ਉਹ ਸੋਚ ਰਹੇ ਸਨ ਕਿ ਕੋਸ਼ਿਸ਼ ਕੀਤਿਆਂ ਸਭ ਕੁੱਝ ਹੋ ਸਕਦਾ ਹੈ, ਉਨ੍ਹਾਂ ਨੇ ਦਸ ਕੁ ਜਣਿਆਂ ਨੂੰ ਕਿਤਾਬਾਂ ਦੇ ਦਿੱਤੀਆਂ ਅਤੇ ਉਨ੍ਹਾਂ ਨੂੰ ਪੜ੍ਹਨ ਲਈ ਪ੍ਰੇਰਿਆ । ਦੂਜੇ ਤੀਜੇ ਦਿਨ ਆ ਕੇ ਪੁੱਛਦੇ ਕਿ ਕਿਤਾਬ ਪੜ੍ਹੀ ਜਾਂ ਨਹੀਂ । ਚਾਰ ਪੰਜ ਦਿਨ ਤਾਂ ਕਿਸੇ ਪਾਸਿਓਂ ਕੋਈ ਹੁੰਗਾਰਾ ਨਹੀਂ ਮਿਲਿਆ । ਪਰ ਪ੍ਰੋਫੈਸਰ ਸਾਹਿਬ ਦੇ ਵਾਰ ਵਾਰ ਕਹਿਣ ਤੇ ਕੁੱਝ ਕੁ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਬੰਤਾ ਸਿੰਘ ਡਰਾਈਵਰ ਨੂੰ ਵੀ ਪ੍ਰੋਫੈਸਰ ਸਾਹਿਬ ਨੇ ਇੱਕ ਕਿਤਾਬ ਪੜ੍ਹਨ ਲਈ ਦਿੱਤੀ ਸੀ , ਜਦੋਂ ਉਹ ਪੜ੍ਹਨ ਬਾਰੇ ਸੋਚਦਾ ਤਾਂ ਨਾਲ ਹੀ ਇੱਕ ਵਿਚਾਰ ਪੈਦਾ ਹੁੰਦਾ ‘ਹੁਣ ਕੋਈ ਉਮਰ ਐ ਪੜ੍ਹਨ ਦੀ।’ ਪਰ ਬੰਤਾ ਸਿੰਘ ਨੂੰ ਪ੍ਰੋਫੈਸਰ ਸਾਹਿਬ ਦੀ ਸਖਸ਼ੀਅਤ ਨੇ ਬਹੁਤ ਪ੍ਰਭਾਵਿਤ ਕੀਤਾ। ਇਸ ਲਈ ਉਸ ਨੇ ਵੀ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ , ਜਦੋਂ ਪੜ੍ਹਨੀ ਸ਼ੁਰੂ ਕੀਤੀ ਤਾਂ ਛੱਡਣ ਦਾ ਜੀਅ ਨਾ ਕਰੇ। ਕਿੰਨੀਆਂ ਚੰਗੀਆਂ ਗੱਲਾਂ ਬੜੀ ਸੌਖੀ ਭਾਸ਼ਾ ਵਿੱਚ ਲਿਖੀਆਂ ਸਨ। ਹੁਣ ਤੱਕ ਉਹ ਤਾਂ ਇਹੀ ਸਮਝਦਾ ਰਿਹਾ ਸੀ ਕਿ ਉਸ ਨੂੰ ਕਿਤਾਬ ਦੀ ਸਮਝ ਨਹੀਂ ਆਵੇਗੀ। ਕਿੰਨੀਆਂ ਆਮ ਗੱਲਾਂ ਜੇ ਚੰਗੇ ਤਰੀਕੇ ਨਾਲ ਕਰੀਏ ਤਾਂ ਜੀਵਨ ਬਦਲ ਸਕਦੀਆਂ ਹਨ। ਉਹ ਸੋਚ ਰਿਹਾ ਸੀ ਕਿ ਜੇ ਸਭ ਕੁੱਝ ਪਹਿਲਾਂ ਪੜ੍ਹ ਲਿਆ ਹੁੰਦਾ ਤਾਂ ਜੀਵਨ ਹੀ ਬਦਲ ਜਾਣਾ ਸੀ। ਪੜ੍ਹਦਿਆਂ ਉਸ ਨੂੰ ਨੀਂਦ ਦੇ ਝੂਟੇ ਆਉਣ ਲੱਗੇ।