
ਖੇਡਾਂ ਦਾ ਸਭ ਤੋਂ ਵੱਡਾ ਮਹਾਂਕੁੰਭ ਓਲਿੰਪਿਕ ਖੇਡਾਂ 23 ਜੁਲਾਈ ਤੋਂ 8 ਅਗਸਤ 2021 ਤੱਕ ਟੋਕੀਓ ਵਿਖ਼ੇ ਹੋ ਰਹੀਆਂ ਹਨ। ਕੋਰੋਨਾ ਮਹਾਂਮਾਰੀ ਦੀ ਨਜ਼ਾਕਤ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਉਲੰਪਿਕ ਮਹਾਸੰਘ ਨੇ 2020 ਵਿੱਚ ਹੋਣ ਵਾਲੀਆਂ ਟੋਕੀਓ ਓਲੰਪਿਕ ਨੂੰ 2021 ਤੱਕ ਲਈ ਮੁਲਤਵੀ ਕਰ ਦਿੱਤਾ ਸੀ। ਬੇਸ਼ੱਕ ਇਹ ਖੇਡਾਂ ਹੁਣ ਇੱਕ ਸਾਲ ਦੇ ਅੰਤਰਾਲ ਬਾਅਦ ਹੋ ਰਹੀਆਂ ਹਨ ਪਰ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਫੈਸਲਾ ਕੀਤਾ ਹੈ ਕਿ ਇਹ ਖੇਡਾਂ ਅਜੇ ਵੀ ਟੋਕਿਓ 2020 ਦੇ ਨਾਮ ਨਾਲ ਹੀ ਜਾਣੀਆਂ ਜਾਣਗੀਆਂ।
ਟੋਕੀਓ ਦੂਜੀ ਵਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ, ਇਸ ਤੋਂ ਪਹਿਲਾਂ ਏਥਨਜ਼, ਪੈਰਿਸ, ਲੰਡਨ ਅਤੇ ਲਾਸ ਏਂਜਲਸ ਨੂੰ ਇੱਕ ਤੋਂ ਵੱਧ ਵਾਰ ਸਮਰ ਓਲੰਪਿਕ ਦੀ ਮੇਜ਼ਬਾਨੀ ਕਰ ਚੁੱਕੇ ਹਨ। ਲੰਡਨ ਇਕਲੌਤਾ ਸ਼ਹਿਰ ਹੈ ਜੋ ਤਿੰਨ ਵਾਰ ਸਮਰ ਓਲੰਪਿਕ ਦੀ ਮੇਜ਼ਬਾਨੀ ਕਰ ਚੁਕਿਆ ਹੈ। ਉਲੰਪਿਕ ਇਤਿਹਾਸ ਵਿੱਚ 1964 ਟੋਕੀਯੋ ਸਮਰ ਓਲੰਪਿਕਸ ਪਹਿਲੀ ਵਾਰ ਏਸ਼ੀਆ ਮਹਾਦੀਪ ਵਿੱਚ ਹੋਈਆਂ ਸਨ। ਹਾਲਾਂਕਿ ਟੋਕੀਓ ਵੀ ਸਮਰ ਓਲੰਪਿਕਸ ਦੀ ਤਿੰਨ ਵਾਰ ਮੇਜ਼ਬਾਨੀ ਕਰਨ ਦਾ ਮਾਣ ਹਾਸਿਲ ਕਰ ਲੈਂਦਾ, ਪਰ 1940 ਵਿੱਚ ਚੀਨ ਅਤੇ ਜਾਪਾਨ ਦੀ ਲੜਾਈ ਕਾਰਨ ਓਲਿੰਪਿਕ ਖੇਡਾਂ ਟੋਕੀਓ ਤੋਂ ਹੇਲਸਿੰਕੀ ਵਿੱਚ ਕਰਵਾਉਣ ਦਾ ਨਿਰਣਾ ਲਿਆ ਗਿਆ ਸੀ। ਪਰ ਬਾਅਦ ਵਿੱਚ ਦੂਜਾ ਵਿਸ਼ਵ ਯੁੱਧ ਛਿੜਨ ਕਾਰਨ ਇਹ ਉੱਥੇ ਵੀ ਨਹੀਂ ਸਨ ਹੋ ਸਕੀਆ।
ਟੋਕੀਓ ਓਲੰਪਿਕ ਵਿੱਚ 206 ਦੇਸ਼ਾਂ ਅਤੇ ਰਿਫਊਜ਼ੀ ਓਲਿੰਪਿਕ ਟੀਮ ਦੇ 11,000 ਤੋਂ ਵੱਧ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਟੋਕੀਓ ਨੂੰ ਸਤੰਬਰ 2013 ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ 2020 ਓਲੰਪਿਕ ਦੀ ਮੇਜ਼ਬਾਨੀ ਲਈ ਚੁਣਿਆ ਸੀ। ਓਸ ਸਮੇਂ ਟੋਕੀਓ ਤੋਂ ਬਿਨ੍ਹਾਂ ਇਸਤਾਂਨਬੁਲ ਅਤੇ ਮੈਡਰਿਡ ਨੇ 2020 ਓਲਿੰਪਿਕ ਕਰਵਾਉਣ ਦਾ ਦਾਵਾ ਪੇਸ਼ ਕੀਤਾ ਸੀ।
ਟੋਕਿਓ ਉਲੰਪਿਕ ਦਾ ਅਧਿਕਾਰਤ ਮੰਤਵ ਹੈ “ਭਾਵਨਾਵਾਂ ਦੁਆਰਾ ਏਕਤਾ” ਹੈ, ਜੋ ਵੱਖੋ ਵੱਖਰੇ ਦੇਸ਼ਾਂ ਦੀ ਵਿਭਿੰਨਤਾ ਹੁੰਦੇ ਹੋਏ ਵੀ ਵਿਸ਼ਵਵਿਆਪੀ ਭਾਵਨਾਤਮਕ ਸ਼ਮੂਲੀਅਤ ਤੇ ਜ਼ੋਰ ਦਿੰਦਾ ਹੈ।
ਟੋਕੀਓ ਓਲੰਪਿਕਸ ਵਿਖ਼ੇ 33 ਖੇਡਾਂ ਨਾਲ ਸੰਬੰਧਤ 339 ਇਵੇੰਟ ਅਤੇ 22 ਪੈਰਾਲਿੰਪਿਕ ਖੇਡਾਂ ਕਰਵਾਈਆਂ ਜਾਣਗੀਆਂ, ਜੋ ਟੋਕੀਓ ਸ਼ਹਿਰ ਦੇ ਆਲੇ ਦੁਆਲੇ 42 ਵੱਖ-ਵੱਖ ਥਾਵਾਂ ਤੇ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਦੋ ਮੁੱਖ ਖੇਤਰ: ਹੈਰੀਟੇਜ ਜ਼ੋਨ ਅਤੇ ਟੋਕਿਓ ਬੇਅ ਜ਼ੋਨ ਸ਼ਾਮਲ ਹਨ। ਹੈਰੀਟੇਜ ਜ਼ੋਨ ਵਿੱਚ 1964 ਦੀਆਂ ਓਲੰਪਿਕਸ ਵਿੱਚ ਵਰਤੇ ਗਏ ਸੱਭਿਆਚਾਰਕ ਥਾਂ ਅਤੇ ਸਹੂਲਤਾਂ ਸ਼ਾਮਲ ਹਨ, ਜਦੋਂ ਕਿ ਟੋਕਿਓ ਬੇਅ ਜ਼ੋਨ ਵਿੱਚ ਨਵੀਨਤਮ ਸਹੂਲਤਾਂ ਦਿੱਤੀਆਂ ਗਈਆਂ ਹਨ।
ਜਾਪਾਨ ਨੇ 78,985 ਟਨ ਰੀਸਾਈਕਲ ਕੀਤੇ ਇਲੈਕਟ੍ਰਾਨਿਕ ਉਪਕਰਣਾਂ ਵਿਚੋਂ 5,000 ਓਲੰਪਿਕ ਮੈਡਲ ਤਿਆਰ ਕਰ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ, ਜਿਸ ਵਿੱਚ ਡਿਜੀਟਲ ਕੈਮਰੇ, ਲੈਪਟਾਪ, ਹੈਂਡਹੋਲਡ ਗੇਮਜ਼ ਅਤੇ 6.21 ਮਿਲੀਅਨ ਮੋਬਾਈਲ ਫੋਨ ਸ਼ਾਮਲ ਹਨ। ਟੋਕਿਓ ਓਲੰਪਿਕ ਵਿੱਚ ਹਾਈ-ਫ਼ਾਈ ਰੋਬੋਟ ਅਥਲੀਟਾਂ ਦਾ ਸਵਾਗਤ ਕਰਨ ਅਤੇ ਉਹਨਾਂ ਦੇ ਖੇਡ ਉੱਪਕਰਨ ਚੁੱਕਣ ਵਿੱਚ ਉਹਨਾਂ ਦੀ ਮੱਦਦ ਕਰਨਗੇ, ਇਸ ਤੋਂ ਇਲਾਵਾ ਉਹਨਾਂ ਦੇ ਖਾਣ ਪਾਨ ਦੀਆਂ ਚੀਜ਼ਾਂ ਵੀ ਉਹਨਾਂ ਤੱਕ ਪਹੁੰਚਉਣਗੇ।
ਟੋਕੀਓ ਓਲੰਪਿਕਸ ਖੇਡਾਂ ਦੇ ਮਾਸਕਟ ਦਾ ਨਾਮ ਮੀਰਾਇਟੋਵਾ ਰੱਖਿਆ ਹੈ। ਮੀਰਾਇਟੋਵਾ ਨਾਮ ਜਾਪਾਨੀ ਸ਼ਬਦ “ਮੀਰਾਈ”, ਜਿਸਦਾ ਅਰਥ ਹੈ “ਭਵਿੱਖ”, ਅਤੇ “ਟੋਵਾ”, ਜਿਸਦਾ ਅਰਥ ਹੈ “ਸਦੀਵਤਾ”, ‘ਤੇ ਅਧਾਰਤ ਹੈ। ਟੋਕਿਓ ਪੈਰਾਲਿੰਪਿਕ ਲਈ ਵੱਖਰਾ ਮਾਸਕਟ ਹੋਵੇਗਾ ਜਿਸ ਦਾ ਨਾਮ ਸੋਮਿਟੀ ਹੈ, ਜੋ ਕਿ ਸੋਯੀਯੋਮੋਸ਼ਿਨੋ ਨਾਮ ਦੀ ਇੱਕ ਪ੍ਰਸਿੱਧ ਚੈਰੀ ਫੁੱਲ ਦੀ ਕਿਸਮ ਤੋਂ ਲਿਆ ਗਿਆ ਹੈ।
ਓਲੰਪਿਕ ਮਸ਼ਾਲ, ਜਾਪਾਨ ਦੇ ਲੋਕਾਂ ਦੇ ਪਸੰਦੀਦਾ ਸਕੂਰਾ (ਚੈਰੀ ਫੁੱਲ) ਦੀ ਸ਼ਕਲ ਵਾਂਗ ਤਿਆਰ ਕੀਤੀ ਗਈ ਹੈ, ਇਹ ਮਸ਼ਾਲ ਵਿੱਚ ਹਾਈਡਰੋਜਨ ਗੈਸ ਵਰਤੀ ਜਾਵੇਗੀ ਤਾਂਕਿ ਹਵਾ ਪ੍ਰਦੂਸ਼ਣ ਨਾ ਫੈਲੇ। ਓਲੰਪਿਕ ਮਸ਼ਾਲ ਓਲੰਪਿਆ, ਗ੍ਰੀਸ ਤੋਂ ਆਉਂਦੀ ਹੈ ਜਿੱਥੇ ਇਹ ਰਵਾਇਤੀ ਤੌਰ ਤੇ ਪੈਰਾਬੋਲਿਕ ਸ਼ੀਸ਼ੇ ਦੀ ਵਰਤੋਂ ਨਾਲ ਸੂਰਜ ਦੀਆਂ ਕਿਰਨਾਂ ਤੋਂ ਪ੍ਰਵਜਲਿਤ ਕੀਤੀ ਜਾਂਦੀ ਹੈ ਅਤੇ ਫਿਰ ਇਹ ਟਾਰਚ ਰਿਲੇਅ ਦੇ ਰੂਪ ਵਿੱਚ ਮੇਜ਼ਬਾਨ ਸ਼ਹਿਰ ਵਿੱਚ ਲਿਜਾਇਆ ਜਾਂਦਾ ਹੈ।
ਉਦਘਾਟਨੀ ਅਤੇ ਸਮਾਪਤੀ ਸਮਾਰੋਹ 68,000 ਸੀਟ ਸਮਰੱਥਾ ਵਾਲੇ ਨਿਊ ਨੈਸ਼ਨਲ ਸਟੇਡੀਅਮ ਵਿਖੇ ਹੋਣਗੇ, ਜੋ 1964 ਦੇ ਟੋਕਿਓ ਓਲੰਪਿਕ ਖੇਡਾਂ ਦਾ ਮੁੱਖ ਸਟੇਡੀਅਮ ਸੀ। ਜਿਸ ਨੂੰ ਨਵੀਤਮ ਸੁਵਿਧਾਵਾਂ ਨਾਲ ਤਿਆਰ ਕੀਤਾ ਹੈ। ਪਰ ਕਰੋਨਾ ਦੇ ਪ੍ਰਕੋਪ ਦੇ ਚਲਦਿਆਂ ਬਦਕਿਸਮਤੀ ਨਾਲ ਇਸ ਸਟੇਡੀਅਮ ਵਿੱਚ ਕੋਈ ਵੀ ਦਰਸ਼ਕ ਮੌਜੂਦ ਨਹੀਂ ਹੋਵੇਗਾ। ਇਹ ਪਹਿਲੀਆਂ ਓਲਿੰਪਿਕ ਖੇਡਾਂ ਹੋਣਗੀਆਂ ਜਿੱਥੇ ਦਰਸ਼ਕ ਨਹੀਂ ਹੋਣਗੇ।
ਇੰਡੀਅਨ ਓਲੰਪਿਕ ਐਸੋਸੀਏਸ਼ਨ (ਆਈ.ਓ.ਏ) ਨੇ ਤਕਰੀਬਨ 228 ਮੈਂਬਰਾਂ ਦਾ ਵਫ਼ਦ ਟੋਕਿਓ ਓਲੰਪਿਕ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ। ਭਾਰਤੀ ਵਫ਼ਦ ਵਿੱਚ 119 ਅਥਲੀਟ ਅਤੇ 109 ਸਪੋਰਟਿਵ ਸਟਾਫ਼ ਅਤੇ ਅਧਿਕਾਰੀ ਸ਼ਾਮਲ ਹੋਣਗੇ। ਉਦਘਾਟਣੀ ਸਮਾਰੋਹ ਪਰੇਡ ਵਿੱਚ ਭਾਰਤੀ ਦਲ ਦੇ ਭਾਰਤੀ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਬਾਕਸਰ ਮੈਰੀਕੋਮ ਕਰਨਗੇ ਅਤੇ ਸਮਾਪਤੀ ਸਮਾਗਮ ਦੇ ਝੰਡਾਵਰਦਾਰ ਬਜਰੰਗ ਪੂਨੀਆਂ ਹੋਣਗੇ।
ਆਓ ਅਸੀਂ ਸਾਰੇ ਟੋਕੀਓ ਉਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਵਫ਼ਦ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਚੀਅਰ ਫ਼ਾਰ ਇੰਡੀਆ ਮੁਹਿੰਮ ਦਾ ਹਿੱਸਾ ਬਣੀਏ।
ਚੀਅਰ ਫ਼ਾਰ ਇੰਡੀਆ !
ਆਲ ਦੀ ਬੈਸਟ ਟੀਮ ਇੰਡੀਆ !