Articles

ਹਮੇਸ਼ਾ ਆਪਣਾ ਰਵੱਈਆ ਸਾਕਾਰਾਤਮਕ ਰੱਖਣਾ ਚਾਹੀਦਾ !

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਹਰ ਇਨਸਾਨ ਲਈ ਜ਼ਿੰਦਗੀ ਦੇ ਪੈਮਾਨੇ, ਉਸ ਦੇ ਮਤਲਬ ਵੱਖੋ-ਵੱਖਰੇ ਨੇ। ਕਿਸੇ ਲਈ ਜ਼ਿੰਦਗੀ ਖ਼ੁਸ਼ੀਆਂ ਦੀ ਸੌਗਾਤ ਹੈ, ਕਿਸੇ ਲਈ ਸੰਘਰਸ਼ ਹੈ ਅਤੇ ਕਿਸੇ ਲਈ ਕੇਵਲ ਦੁੱਖ। ਫਿਰ ਵੀ, ਜ਼ਿੰਦਗੀ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਵੇ, ਸਾਨੂੰ ਹਮੇਸ਼ਾ ਆਪਣਾ ਰਵੱਈਆ ਸਾਕਾਰਾਤਮਕ ਰੱਖਣਾ ਚਾਹੀਦਾ ਹੈ। ਜ਼ਿੰਦਗੀ ਨੇ ਸਾਨੂੰ ਅੱਜ ਤਕ ਜੋ ਵੀ ਦਿੱਤਾ ਹੈ, ਉਸ ਲਈ ਉਸ ਦਾ ਅਤੇ ਰੱਬ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਸ ਨਾਲ ਸਾਡਾ ਮਨ ਹਮੇਸ਼ਾ ਸ਼ਾਂਤ ਅਤੇ ਹਾਂ-ਪੱਖੀ ਬਣਿਆ ਰਹੇਗਾ। ਇਹ ਸਾਨੂੰ ਸਭ ਨੂੰ ਪਤਾ ਹੈ ਕਿ ਪਰੇਸ਼ਾਨੀ ਤੇ ਚਿੰਤਾ ਵਿਚ ਅਸੀਂ ਕੋਈ ਵੀ ਚੀਜ਼ ਚੰਗੀ ਤਰ੍ਹਾਂ ਨਹੀਂ ਕਰ ਪਾਉਂਦੇ। ਇਸ ਲਈ ਮਨ ਦਾ ਸ਼ਾਂਤ ਹੋਣਾ ਬਹੁਤ ਜ਼ਰੂਰੀ ਹੈ। ਮਨ ਨੂੰ ਸ਼ਾਂਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਜ਼ਿੰਦਗੀ ’ਚ ਉਨ੍ਹਾਂ ਚੀਜ਼ਾਂ ਬਾਰੇ ਸੋਚਣਾ ਜੋ ਸਾਨੂੰ ਮਿਲੀਆਂ ਹਨ, ਨਾ ਕਿ ਉਸ ਬਾਰੇ ਸੋਚਣਾ ਜੋ ਸਾਨੂੰ ਨਹੀਂ ਮਿਲਿਆ। ਮਿਲੀਆਂ ਚੀਜ਼ਾਂ ਪ੍ਰਤੀ ਜਦੋਂ ਸਾਡੇ ਮਨ ’ਚ ਸ਼ੁਕਰਾਨੇ ਦੀ ਭਾਵਨਾ ਆਉਂਦੀ ਹੈ ਤਾਂ ਅਸੀਂ ਆਪਣੇ-ਆਪ ’ਚ ਚੰਗਾ ਮਹਿਸੂਸ ਕਰਨ ਲੱਗਦੇ ਹਾਂ। ਇਹ ਚੰਗਾ ਮਹਿਸੂਸ ਕਰਨਾ ਹੀ ਸਭ ਤੋਂ ਜ਼ਰੂਰੀ ਹੈ ਕਿਉਂਕਿ ਇਹ ਸਾਨੂੰ ਆਸ, ਤਾਕਤ ਤੇ ਹਿੰਮਤ ਦੇਵੇਗਾ ਜਿਨ੍ਹਾਂ ਸਦਕਾ ਸਾਡੀ ਆਉਣ ਵਾਲੀ ਜ਼ਿੰਦਗੀ ਬਿਹਤਰ ਬਣੇਗੀ ਅਤੇ ਪਰੇਸ਼ਾਨੀਆਂ ਦੂਰ ਹੋਣਗੀਆਂ। ਇਨ੍ਹਾਂ ਕਾਰਨ ਸਾਡੇ ਮਨ ਵਿਚ ਹੀ ਨਹੀਂ, ਤਨ ’ਚ ਵੀ ਚੁਸਤੀ-ਫੁਰਤੀ ਆ ਜਾਵੇਗੀ। ਹੋ ਸਕਦਾ ਹੈ ਕਿ ਸਾਡੀ ਜ਼ਿੰਦਗੀ ’ਚ ਅੱਜ ਤਕ ਬਹੁਤ ਸਾਰੀਆਂ ਪਰੇਸ਼ਾਨੀਆਂ ਆਈਆਂ ਹੋਣ ਪਰ ਉਨ੍ਹਾਂ ਬਾਰੇ ਸੋਚ-ਸੋਚ ਕੇ ਅਸੀਂ ਹੋਰ ਮੁਸੀਬਤਾਂ ਤੇ ਦੁੱਖਾਂ ਨੂੰ ਸੱਦਾ ਦਿੰਦੇ ਹਾਂ ਜਦਕਿ ਸਾਨੂੰ ਆਪਣੇ ਜੀਵਨ ’ਚ ਹਰ ਪਲ ਕੁਦਰਤ ਦੇ ਵੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਜੇਕਰ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਕੁਝ ਵੀ ਅਜਿਹਾ ਨਹੀਂ ਹੈ ਜਿਸ ਲਈ ਅਸੀਂ ਸ਼ੁਕਰਾਨਾ ਕਰੀਏ ਤਾਂ ਇਕ ਪਲ ਲਈ ਆਪਣੇ-ਆਪ ਵੱਲ ਨਜ਼ਰ ਮਾਰੋ। ਕੁਦਰਤ ਨੇ ਸਾਨੂੰ ਬਹੁਤ ਹੀ ਖ਼ੂਬਸੂਰਤ ਦੋ ਅੱਖਾਂ ਦਿੱਤੀਆਂ ਨੇ ਜਿਨ੍ਹਾਂ ਸਹਾਰੇ ਅਸੀਂ ਇਸ ਰੰਗਲੇ ਜਹਾਨ ਦੇ ਨਜ਼ਾਰੇ ਦੇਖ ਸਕਦੇ ਹਾਂ। ਸਾਡੇ ਕੋਲ ਸਹੀ-ਸਲਾਮਤ ਹੱਥ-ਪੈਰ ਹਨ ਜਿਨ੍ਹਾਂ ਦੇ ਬਲਬੂਤੇ ਅਸੀਂ ਕਿਰਤ ਕਰ ਸਕਦੇ ਹਾਂ। ਇੰਨਾ ਹੀ ਨਹੀਂ, ਸਾਡੇ ਸਿਰ ’ਤੇ ਇਕ ਛੱਤ ਹੈ ਅਤੇ ਸਾਨੂੰ ਦੋ ਡੰਗ ਦੀ ਰੋਟੀ ਮਿਲਦੀ ਹੈ। ਇਹ ਸਭ ਉਹ ਚੀਜ਼ਾਂ ਹਨ ਜਿਨ੍ਹਾਂ ਲਈ ਸ਼ੁਕਰਗੁਜ਼ਾਰ ਹੁੰਦੇ ਰਹੋ। ਉਂਜ ਤਲਖ਼ ਹਕੀਕਤ ਇਹ ਹੈ ਕਿ ਸਾਡੀ ਆਦਤ ਬਣ ਗਈ ਹੈ ਕਿ ਅਸੀਂ ਉਹ ਦੇਖਦੇ ਹਾਂ, ਜੋ ਸਾਡੇ ਕੋਲ ਨਹੀਂ ਹੈ। ਫਿਰ ਉਸ ਨੂੰ ਹਾਸਲ ਕਰਨ ਦੀ ਤਮੰਨਾ ਮਨ ਦੀ ਸ਼ਾਂਤੀ ਨੂੰ ਭੰਗ ਕਰ ਦਿੰਦੀ ਹੈ। ਮਨ ਅਸ਼ਾਂਤ ਹੋਣ ’ਤੇ ਇਨਸਾਨ ਨੂੰ ਕਈ ਤਰ੍ਹਾਂ ਦੇ ਮਾਨਸਿਕ ਰੋਗ ਘੇਰ ਲੈਂਦੇ ਹਨ। ਅਸੀਂ ਅਕਸਰ ਇਹ ਆਖਦੇ ਹਾਂ ਕਿ ਪਹਿਲੇ ਸਮੇਂ ਚੰਗੇ ਸਨ। ਉਦੋਂ ਲੋਕ ਜ਼ਿਆਦਾ ਖ਼ੁਸ਼ਹਾਲ ਤੇ ਸੁਖੀ ਸਨ। ਦੂਜੇ ਪਾਸੇ ਆਧੁਨਿਕ ਯੁੱਗ ਵਿਚ ਬੇਸ਼ੱਕ ਅਸੀਂ ਬਹੁਤ ਤਰੱਕੀ ਕਰ ਲਈ ਹੈ ਪਰ ਅਸੀਂ ਪਹਿਲਾਂ ਨਾਲੋਂ ਵਧੇਰੇ ਪਰੇਸ਼ਾਨ ਹੋ ਗਏ ਹਾਂ, ਕਈ ਤਰ੍ਹਾਂ ਦੇ ਮਾਨਸਿਕ ਅਤੇ ਸਰੀਰਕ ਰੋਗ ਸਾਨੂੰ ਲੱਗ ਗਏ ਨੇ। ਇਸ ਦਾ ਸਭ ਤੋਂ ਵੱਡਾ ਕਾਰਨ ਸਾਡੀ ਜੀਵਨ-ਸ਼ੈਲੀ ਵਿਚ ਆਇਆ ਬਦਲਾਅ ਹੈ। ਸਾਡੇ ਬਜ਼ੁਰਗ ਪ੍ਰਸ਼ਾਦਾ (ਰੋਟੀ) ਛਕਣ ਸਮੇਂ ਪਹਿਲਾਂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਸਨ। ਕੋਈ ਵੀ ਚੀਜ਼ ਘਰ ਵਿਚ ਨਵੀਂ ਖ਼ਰੀਦੀ ਜਾਂਦੀ ਸੀ ਤਾਂ ਸਾਰਾ ਪਰਿਵਾਰ ਗੁਰੂਘਰ ਜਾ ਕੇ ਮੱਥਾ ਟੇਕਦਾ ਸੀ। ਉਹ ਹਮੇਸ਼ਾ ਹਰ ਚੀਜ਼ ਲਈ ਸ਼ੁਕਰਗੁਜ਼ਾਰ ਹੁੰਦੇ ਸਨ। ਇਸੇ ਚੰਗੀ ਆਦਤ ਸਦਕਾ ਉਨ੍ਹਾਂ ਨੂੰ ਹਮੇਸ਼ਾ ਇੰਜ ਲੱਗਦਾ ਸੀ ਕਿ ਉਨ੍ਹਾਂ ਕੋਲ ਬਹੁਤ ਕੁਝ ਹੈ, ਉਨ੍ਹਾਂ ਨੇ ਬਹੁਤ ਕੁਝ ਹਾਸਲ ਕੀਤਾ ਹੈ ਜਾਂ ਹਾਸਲ ਕਰ ਰਹੇ ਹਨ। ਇੰਜ ਆਉਣ ਵਾਲੇ ਕੱਲ੍ਹ ਲਈ ਵੀ ਇਕ ਆਸ ਬੱਝ ਜਾਂਦੀ ਸੀ। ਇਸ ਨਾਲ ਮਨ ਵਿਚ ਸੰਤੁਸ਼ਟੀ ਪੈਦਾ ਹੁੰਦੀ ਸੀ। ਗੁਜ਼ਰੇ ਜ਼ਮਾਨੇ ਦੇ ਲੋਕ ਮਾਨਸਿਕ ਪਰੇਸ਼ਾਨੀਆਂ ਤੋਂ ਦੂਰ ਹੋ ਕੇ ਅਮਨ-ਸ਼ਾਂਤੀ ਨਾਲ ਜੀਵਨ ਬਿਤਾਉਂਦੇ ਸਨ। ਗੱਲ ਅੱਜ ਦੀ ਕਰੀਏ ਤਾਂ ਅਸੀਂ ਲੋਕ ਨਾਸ਼ੁਕਰੇ ਹੋ ਗਏ ਹਾਂ। ਸਾਡੇ ਦਿਮਾਗ ’ਚ ਹਮੇਸ਼ਾ ਉਹ ਚੀਜ਼ ਚੱਲਦੀ ਹੈ ਜੋ ਸਾਨੂੰ ਨਹੀਂ ਮਿਲੀ ਹੁੰਦੀ। ਉਸ ਲਈ ਮਨ ਵਿਆਕੁਲ ਹੁੰਦਾ ਰਹਿੰਦਾ ਹੈ ਜਿਸ ਕਾਰਨ ਗੁੱਸਾ, ਚਿੰਤਾ, ਬੇਚੈਨੀ ਸਾਨੂੰ ਆ ਘੇਰਦੇ ਹਨ। ਮੈਂ ਇਹ ਕਹਿਣਾ ਚਾਹਾਂਗਾ ਕਿ ਜ਼ਿੰਦਗੀ ਦੇ ਹਰ ਪਲ ਨੂੰ ਰੱਜ ਕੇ ਮਾਣੋ। ਆਪਣੇ ਅੰਦਰ ਹਮੇਸ਼ਾ ਸ਼ੁਕਰਗੁਜ਼ਾਰ ਹੋਣ ਦੀ ਭਾਵਨਾ ਰੱਖੋ। ਜੇ ਸਾਰਾ ਦਿਨ ਰੁੱਝੇ ਵੀ ਰਹਿੰਦੇ ਹੋ ਤਾਂ ਸਿਰਫ਼ ਸਵੇਰੇ ਉੱਠ ਕੇ ਹੀ ਰੱਬ ਦਾ ਸ਼ੁਕਰੀਆ ਕਰੋ। ਇਹ ਸੋਚੋ ਕਿ ਜ਼ਿੰਦਗੀ ਖ਼ੂਬਸੂਰਤ ਹੈ ਅਤੇ ਨਵੇਂ ਦਿਨ ਦੀ ਬਿਹਤਰ ਆਸ ਕਰ ਕੇ ਆਪਣੇ ਕੰਮਕਾਰ ਕਰਨ ਲੱਗ ਜਾਓ। ਮਾਨਸਿਕ ਸ਼ਾਂਤੀ ਸਦਕਾ ਅਸੀਂ ਆਪਣੀ ਜ਼ਿੰਦਗੀ ਵਿਚ ਇਕ ਨਵਾਂ ਪਹੁ-ਫਟਾਲਾ ਮਹਿਸੂਸ ਕਰਾਂਗੇ। ਅਸੀਂ ਸੰਸਾਰ ਦੀ ਚਮਕ-ਦਮਕ ਵਿਚ ਨਹੀਂ ਫਸਾਂਗੇ। ਸਾਡੇ ਵਿਚ ਸਬਰ-ਸੰਤੋਖ ਦੇ ਗੁਣ ਵਿਕਸਤ ਹੋਣ ਲੱਗਣਗੇ ਜੋ ਸਾਡੀਆਂ ਕਾਫ਼ੀ ਮੁਸ਼ਕਲਾਂ ਨੂੰ ਹਵਾ ਵਿਚ ਉਡਾ ਦੇਣਗੇ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin