ਰੂਸ – ਪਹਿਲਵਾਨ ਗੌਰਵ ਬਾਲੀਅਨ (79 ਕਿਗ੍ਰਾ) ਤੇ ਦੀਪਕ (97 ਕਿਗ੍ਰਾ) ਨੇ ਸੋਮਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਪਰ ਤਿੰਨ ਹੋਰ ਭਾਰਤੀ ਖਿਡਾਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।ਪਿਛਲੇ ਸਾਲ 74 ਕਿਲੋਗ੍ਰਾਮ ਟ੍ਰਾਇਲ ‘ਚ ਸੀਨੀਅਰ ਭਾਰਤੀ ਟੀਮ ‘ਚ ਜਗ੍ਹਾ ਬਣਾਉਣ ਲਈ ਦਾਅਵਾ ਪੇਸ਼ ਕਰਨ ਵਾਲੇ ਬਾਲੀਆਨ ਨੂੰ ਆਪਣੇ ਵਿਰੋਧੀਆਂ ਨੂੰ ਹਰਾਉਣ ‘ਚ ਕੋਈ ਪਰੇਸ਼ਾਨੀ ਨਹੀਂ ਹੋਈ। ਬਾਲੀਆਨ ਨੇ ਪਹਿਲੇ ਮੁਕਾਬਲੇ ‘ਚ ਦੋ ਵਾਰ ਚਾਰ-ਚਾਰ ਅੰਕਾਂ ਨਾਲ ਤਾਜਕਿਸਤਾਨ ਦੇ ਅਬੁਬਾਕ ਸ਼ੁਕੁਰੋਵ ਨੂੰ ਤਕਨੀਕੀ ਖ਼ਰਾਬੀ ਦੇ ਆਧਾਰ ‘ਤੇ ਹਰਾਇਆ। ਇਸ ਭਾਰਤੀ ਪਹਿਲਵਾਨ ਨੇ ਇਸ ਤੋਂ ਬਾਅਦ ਕੁਆਰਟਰ ਫਾਈਨਲ ‘ਚ ਰੂਸ ਦੇ ਅਲਿਕ ਬਾਦਤੀਵ ਨੂੰ 5-2 ਨਾਲ ਮਾਤ ਦਿੱਤੀ। ਦੂਜੇ ਪਾਸੇ, ਦੀਪਕ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਬੇਲਾਰੂਸ ਦੇ ਏਲੀਆਕ ਸੇਈ ਖ਼ਿਲਾਫ਼ 5-1 ਦੀ ਜਿੱਤ ਨਾਲ ਕੀਤੀ ਤੇ ਫਿਰ ਜਾਰਜੀਆ ਦੇ ਲੁਕਾ ਖੁਤਚੁਆ ਨੂੰ 9-4 ਨਾਲ ਹਰਾਇਆ।
ਸ਼ੁਭਮ ਨੂੰ ਹਾਲਾਂਕਿ 57 ਕਿਗ੍ਰਾ ਵਰਗ ‘ਚ ਰੂਸ ਦੇ ਰਮਜਾਨ ਬਗਾਵੁਦਿਨੋਵ ਖ਼ਿਲਾਫ਼ ਕੁਆਰਟਰ ਫਾਈਨਲ ‘ਚ ਹਾਰ ਝੱਲਣੀ ਪਈ। ਜੈਦੀਪ (70 ਕਿਗ੍ਰਾ) ਤੇ ਰੋਹਿਤ (65 ਕਿਗ੍ਰਾ) ਨੇ ਆਪਣੇ ਸ਼ੁਰੂਆਤੀ ਮੁਕਾਬਲੇ ਜਿੱਤੇ ਪਰ ਕੁਆਰਟਰ ਫਾਈਨਲ ‘ਚ ਰੂਸ ਦੇ ਆਪਣੇ-ਆਪਣੇ ਵਿਰੋਧੀਆਂ ਤੋਂ ਹਾਰ ਗਏ।