ਵਿਕਟੋਰੀਆ ਸੂਬੇ ਵਿਚ ਲਿਮਟ ਤੋਂ ਜ਼ਿਆਦਾ ਕਾਲੇ ਜਾਂ ਹੋਰ ਰੰਗ ਦੇ ਸ਼ੀਸ਼ੇ ਕਰਵਾ ਕੇ ਘੁੰਮਣ ਵਾਲੇ ਡਰਾਈਵਰਾਂ ਨਾਲ ਪੁਲਿਸ ਹੁਣ ਸਖ਼ਤੀ ਵਰਤੇਗੀ। ਸੀਨੀਅਰ ਸਾਰਜੈਂਟ ਡੇਲ ਜੌਹਨਸਨ ਨੇ ਮੀਡੀਆ ਨੂੰ ਦੱਸਿਆ ਕਿ ਕਾਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਹ ਦੇਖਿਆ ਜਾਵੇ ਕਿ ਉਹਨਾਂ ਦੇ ਸ਼ੀਸ਼ੇ ਅੰਦਰੋਂ ਦੇਖਣਯੋਗ ਹਨ ਕਿ ਨਹੀਂ। ਉਹਨਾਂ ਕਿਹਾ ਕਿ ਸੂਬੇ ਦੀਆਂ ਸੜਕਾਂ ‘ਤੇ ਅਜਿਹੇ ਬਹੁਤ ਸਾਰੇ ਵਹੀਕਲ ਚੱਲ ਰਹੇ ਹਨ, ਜਿਹਨਾਂ ਦੇ ਸ਼ੀਸ਼ਿਆਂ ਵਿਚੋਂ ਦੇਖਣ ਦੀ ਸਮਰੱਥਾ ਲਿਮਟ ਤੋਂ ਘੱਟ ਹੈ। ਉਹਨਾਂ ਦੱਸਿਆ ਕਿ ਸ਼ੀਸ਼ੇ ਵਿਚੋਂ 35 ਫੀਸਦੀ ਜਾਂ ਇਸ ਤੋਂ ਜ਼ਿਆਦਾ ਨਾ ਦੇਖਣਯੋਗ ਸਮਰੱਥਾ ਨਹੀਂ ਹੋਣੀ ਚਾਹੀਦੀ। ਆਮ ਤੌਰ ‘ਤੇ ਸੂਬੇ ਵਿਚ ਅਜਿਹੇ ਵਹੀਕਲ ਬਹੁਤ ਹਨ, ਜਿਹਨਾਂ ਦੀ ਇਹ ਸਮਰੱਥਾ 3 ਫੀਸਦੀ ਜ਼ਿਆਦਾ ਹੈ।
ਵਰਣਨਯੋਗ ਹੈ ਕਿ ਵਿਕਟੋਰੀਆ ਰੋਡਜ਼ ਮੁਤਾਬਕ ਵਹੀਕਲਾਂ ਤੇ ਵਿੰਡ ਸਕਰੀਨ 1971 ਤੋਂ ਪਹਿਲਾਂ ਕਾਰ ਨਿਰਮਾਤਾ ਹੀ ਲਗਾਉਂਦੇ ਸਨ, ਜਿਹਨਾਂ ਵਿਚੋਂ 70 ਫੀਸਦੀ ਦੇਖਣ ਸਮਰੱਥਾ ਸੀ। ਇਸ ਤੋਂ ਬਾਅਦ ਇਹ ਵਧਾ ਕੇ 75 ਫੀਸਦੀ ਕਰ ਦਿੱਤੀ ਗਈ। ਪੁਲਿਸ ਜ਼ਿਆਦਾ ਟਰੈਫਿਕ ਵਾਲੇ ਖੇਤਰਾਂ ਵਿਚ ਸਖ਼ਤੀ ਵਰਤ ਰਹੀ ਹੈ, ਜਿੱਥੇ ਪੈਦਲ ਤੁਰਨ ਵਾਲੇ ਜ਼ਿਆਦਾ ਘੁੰਮਦੇ ਹਨ। ਅਜਿਹੇ ਖੇਤਰਾਂ ਵਿਚ ਦੇਖਣ ਦੀ ਘੱਟ ਸਮਰੱਥਾ ਕਾਰਨ ਹਾਦਸੇ ਵਾਪਰਨ ਦਾ ਡਰ ਰਹਿੰਦਾ ਹੈ। ਪੁਲਿਸ ਹੁਣ ਮੈਲਬੌਰਨ, ਯਾਰਾ, ਗਲੇਨ ਐਰਾ, ਬੇਸਾਈਡ, ਮੋਰਲੈਂਡ ਅਤੇ ਪੋਰਟ ਫਿਲਿਪ ਇਲਾਕਿਆਂ ਵਿਚ ਚੈਕਿੰਗ ਮੁਹਿੰਮ ਚਲਾਵੇਗੀ।