
ਅਫਗਾਨਿਸਤਾਨ ਦੇ ਵਿਗੜੇ ਹੋਏ ਹਾਲਾਤ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਭਾਰਤ ਅਤੇ ਪੱਛਮੀ ਦੇਸ਼ਾਂ ਵੱਲ ਹਿਜ਼ਰਤ ਕਰ ਚੁੱਕੇ ਹਨ ਤੇ ਹੁਣ ਤਾਲਿਬਾਨ ਦੇ ਕਬਜ਼ੇ ਨੇ ਇਸ ਵਰਤਾਰੇ ਵਿੱਚ ਇੱਕ ਦਮ ਤੇਜ਼ੀ ਲਿਆ ਦਿੱਤੀ ਹੈ। ਅਫਗਾਨਿਸਤਾਨ ਵਿੱਚ ਇਸ ਵੇਲੇ ਸਿਰਫ ਕੁਝ ਸੌ ਸਿੱਖ ਹੀ ਬਚੇ ਹਨ। ਭਾਰਤ ਵਿੱਚ ਅਫਗਾਨੀ ਸਿੱਖਾਂ ਦੀ ਸਭ ਤੋਂ ਵੱਧ ਅਬਾਦੀ (ਕਰੀਬ 15000) ਦਿੱਲੀ ਵਿੱਚ ਹੈ ਤੇ ਉਸ ਵਿੱਚੋਂ ਕਰੀਬ 90% ਪੱਛਮੀ ਦਿੱਲੀ ਦੇ ਨਿਊ ਮਹਾਂਵੀਰ ਨਗਰ, ਸ਼ਿਵ ਨਗਰ, ਅਸ਼ੋਕ ਨਗਰ, ਫਤਿਹ ਨਗਰ, ਵਿਕਾਸਪੁਰੀ ਅਤੇ ਤਿਲਕ ਨਗਰ ਇਲਾਕਿਆਂ ਵਿੱਚ ਵੱਸਦੀ ਹੈ। ਕਾਬਲੀ ਗੁਰਦਾਵਰਾ ਇਨ੍ਹਾਂ ਦੀ ਤਨ, ਮਨ ਅਤੇ ਧੰਨ ਨਾਲ ਹਰ ਸੰਭਵ ਮਦਦ ਕਰ ਰਿਹਾ ਹੈ। ਤਾਲਿਬਾਨ ਦੇ ਕਬਜ਼ੇ ਕਾਰਨ ਜੋ ਸਿੱਖ ਇਸ ਵੇਲੇ ਭਾਰਤ ਆ ਰਹੇ ਹਨ, ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਹ ਗੁਰਦੁਆਰਾ ਹੀ ਸੰਭਾਲ ਰਿਹਾ ਹੈ। ਇਸ ਗੁਰਦੁਆਰੇ ਦਾ ਅਸਲੀ ਨਾਮ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਹੈ ਤੇ ਇਹ ਤਿਲਕ ਨਗਰ ਦੇ ਮਹਾਂਵੀਰ ਨਗਰ ਇਲਾਕੇ ਵਿਖੇ ਸਥਿੱਤ ਹੈ। ਇਸ ਦੀ ਉਸਾਰੀ 1990 ਵਿੱਚ ਅਫਗਾਨ ਪ੍ਰਵਾਸੀ ਸਿੱਖਾਂ ਵੱਲੋਂ ਕਰਵਾਈ ਗਈ ਸੀ, ਜਿਸ ਕਾਰਨ ਇਸ ਨੂੰ ਆਮ ਬੋਲ ਚਾਲ ਵਿੱਚ ਕਾਬਲੀ ਗੁਰਦੁਆਰਾ ਕਿਹਾ ਜਾਂਦਾ ਹੈ। ਇਸ ਗੁਰਦੁਆਰੇ ਦੇ ਇਲਾਕੇ ਵਿੱਚ ਵੱਸਣ ਵਾਲੇ ਬਜ਼ੁਰਗ ਅਫਗਾਨ ਸਿੱਖਾਂ ਨੂੰ ਆਪਸ ਵਿੱਚ ਪਸ਼ਤੋ ਭਾਸ਼ਾ ਵਿੱਚ ਗੱਲ ਬਾਤ ਕਰਦੇ ਹੋਏ ਆਮ ਹੀ ਸੁਣਿਆ ਜਾ ਸਕਦਾ ਹੈ। ਇਸ ਗੁਰਦਵਾਰੇ ਵਿੱਚ ਅਫਗਾਨਿਸਤਾਨ ਤੋਂ ਬਚਾ ਕੇ ਲਿਆਂਦੇ ਗਏ ਗੁਰੂ ਗ੍ਰੰਥ ਸਾਹਿਬ ਦੇ ਅਨੇਕਾਂ ਸਰੂਪ ਸ਼ਸ਼ੋਭਿਤ ਹਨ।
ਇਸ ਗੁਰਦਵਾਰੇ ਦਾ ਸਾਰਾ ਪ੍ਰਬੰਧ ਅਫਗਾਨ ਸਿੱਖਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਭਾਲਿਆ ਜਾ ਰਿਹਾ ਹੈ ਤੇ ਅਮੀਰ ਭਾਰਤੀ ਅਤੇ ਪ੍ਰਵਾਸੀ ਅਫਗਾਨ ਸਿੱਖਾਂ ਦੀ ਮਾਇਕ ਸਹਾਇਤਾ ਨਾਲ ਅਫਗਾਨ ਪ੍ਰਵਾਸੀ ਸਿੱਖਾਂ ਦੀ ਮਕਾਨ, ਵਪਾਰ ਅਤੇ ਨੌਕਰੀਆਂ ਹਾਸਲ ਕਰਨ ਵਿੱਚ ਮਦਦ ਕੀਤੀ ਜਾਂਦੀ ਹੈ। ਮਾਰਚ 2020 ਵਿੱਚ ਕਾਬਲ ਦੇ ਗੁਰਦਵਾਰਾ ਹਰ ਰਾਏ ਸਾਹਿਬ ‘ਤੇ ਹੋਏ ਅੱਤਵਾਦੀ ਜਥੇਬੰਦੀ ਆਈ.ਐਸ.ਆਈ.ਐਸ ਦੇ ਹਮਲੇ ਵਿੱਚ 25 ਸਿੱਖਾਂ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਸਰਕਾਰ ਨੇ ਉਥੋਂ ਅਨੇਕਾਂ ਸਿੱਖ ਪਰਿਵਾਰਾਂ ਨੂੰ ਭਾਰਤ ਲਿਆਂਦਾ ਸੀ। ਇਨ੍ਹਾਂ ਵਿੱਚੋਂ ਬਹੁਤੇ ਪਰਿਵਾਰਾਂ ਨੂੰ ਕਾਬਲੀ ਗੁਰਦਵਾਰੇ ਦੀ ਸਹਾਇਤਾ ਨਾਲ ਨਜ਼ਦੀਕ ਹੀ ਮਹਾਂਵੀਰ ਨਗਰ ਵਿੱਚ ਵਸਾਇਆ ਗਿਆ ਹੈ। ਹੁਣ ਲਿਆਂਦੇ ਜਾ ਰਹੇ ਸਿੱਖ ਪਰਿਵਾਰਾਂ ਨੂੰ ਸੰਭਾਲਣ ਵਿੱਚ ਵੀ ਇਹ ਗੁਰਦਵਾਰਾ ਮੋਹਰੀ ਭਮਿਕਾ ਨਿਭਾ ਰਿਹਾ ਹੈ। ਕਾਬਲੀ ਗੁਰਦਵਾਰੇ ਨੇ ਇੱਕ ਅਤਿ ਆਧੁਨਿਕ ਇਮੀਗਰੇਸ਼ਨ ਸਹਾਇਤਾ ਕੇਂਦਰ ਖੋਲਿ੍ਹਆ ਹੋਇਆ ਹੈ ਜੋ ਅਫਗਾਨਿਸਤਾਨ ਤੋਂ ਆ ਰਹੇ ਸਿੱਖਾਂ ਦੀ ਪਾਸਪੋਰਟ, ਵੀਜ਼ਾ ਅਤੇ ਨਾਗਰਿਕਤਾ ਆਦਿ ਸਬੰਧੀ ਦਸਤਾਵੇਜ਼ ਤਿਆਰ ਕਰਨ ਵਿੱਚ ਪ੍ਰਸੰਸਾਯੋਗ ਸੇਵਾ ਨਿਭਾ ਰਿਹਾ ਹੈ। 1990 ਤੱਕ ਅਫਗਾਨਿਸਤਾਨ ਵਿੱਚ ਇੱਕ ਲੱਖ ਦੇ ਕਰੀਬ ਹਿੰਦੂ ਸਿੱਖ ਵੱਸਦੇ ਸਨ ਜਿਨ੍ਹਾਂ ਵਿੱਚੋਂ ਜਿਆਦਤਰ ਸਫਲ ਦੁਕਾਨਦਾਰ ਅਤੇ ਵਪਾਰੀ ਸਨ। ਤਲਿਬਾਨ ਵੱਲੋਂ ਮਿਲ ਰਹੀਆਂ ਲਗਾਤਾਰ ਧਮਕੀਆਂ ਕਾਰਨ ਉਨ੍ਹਾਂ ਨੂੰ ਖਾਲੀ ਹੱਥ ਕਰੋੜਾਂ ਦੇ ਵਪਾਰ ਛੱਡ ਕੇ ਭਾਰਤ ਤੇ ਪੱਛਮੀ ਦੇਸ਼ਾਂ ਵੱਲ ਪ੍ਰਵਾਸ ਕਰਨਾ ਪਿਆ ਹੈ। ਪੱਛਮੀ ਦੇਸ਼ਾਂ ਵੱਲ ਜਾਣ ਵਾਲੇ ਅਫਗਾਨ ਸਿੱਖ ਤਾਂ ਹੁਣ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਨ, ਪਰ ਭਾਰਤ ਵਿੱਚ ਮੌਕਿਆਂ ਦੀ ਅਣਹੋਂਦ ਅਤੇ ਸਰਕਾਰਾਂ ਦੀ ਉਦਾਸੀਨਤਾ ਕਾਰਨ ਦਿੱਲੀ ਆ ਰਹੇ ਜਿਆਦਾਤਰ ਸਿਖਾਂ ਨੂੰ ਰੇਹੜੀਆਂ ਲਗਾ ਕੇ ਤੇ ਮਜ਼ਦੂਰੀ ਆਦਿ ਕਰ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ।
ਕਾਬਲੀ ਗੁਰਦੁਆਰਾ ਕਮੇਟੀ ਵੱਲੋਂ 2018 ਦੇ ਜਲਾਲਾਬਾਦ ਅਤੇ 2020 ਦੇ ਕਾਬਲ ਬੰਬ ਧਮਾਕਿਆਂ ਵਿੱਚ ਪਰਿਵਾਰਿਕ ਮੈਂਬਰ ਗਵਾਉਣ ਵਾਲੇ ਸਿਖਾਂ ਦੇ ਘਰਾਂ ਦਾ ਕਿਰਾਇਆ ਅਤੇ ਰਾਸ਼ਨ ਆਦਿ ਲਈ ਹਰ ਮਹੀਨੇ ਇੱਕ ਨਿਸ਼ਚਿਤ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ ਤੇ ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ। ਪਹਿਲਾਂ ਇਹ ਆਰਥਿਕ ਸਹਾਇਤਾ ਸਿਰਫ ਇੱਕ ਸਾਲ ਲਈ ਦਿੱਤੀ ਜਾਣ ਦਾ ਫੈਸਲਾ ਹੋਇਆ ਸੀ ਪਰ ਹੁਣ ਇਹ ਸਹਾਇਤਾ ਲਗਾਤਾਰ ਜਾਰੀ ਸਬੰਧੀ ਮਤਾ ਪਾਸ ਕਰ ਦਿੱਤਾ ਗਿਆ ਹੈ। ਦਿੱਲੀ ਦੇ ਅਮੀਰ ਅਫਗਾਨ ਅਤੇ ਹੋਰ ਸਿੱਖ ਸੰਗਤ ਦੀ ਸਹਾਇਤਾ ਨਾਲ ਹਰ ਮਹੀਨੇ 600 ਅਫਗਾਨ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ। ਗੁਰਦੁਆਰੇ ਵੱਲੋਂ ਨਾਲ ਲੱਗਦੀ ਇੱਕ ਇਮਾਰਤ ਖਰੀਦ ਕੇ ਫਰੀ ਸਕੂਲ ਵੀ ਚਲਾਇਆ ਜਾ ਰਿਹਾ ਜਿਸ ਵਿੱਚ ਪੜ੍ਹਨ ਵਾਲੇ 300 ਵਿਦਿਆਰਥੀਆਂ ਵਿੱਚੋਂ 90 ਅਫਗਾਨ ਮੁਸਲਿਮ ਰਫਿਊਜ਼ੀ ਹਨ। ਅਫਗਾਨ ਸਿੱਖਾਂ ਨੂੰ ਸਭ ਤੋਂ ਵੱਡੀ ਮੁਸ਼ਕਿਲ ਇਹ ਆ ਰਹੀ ਹੈ ਅਜੇ ਤੱਕ 1990 ਵਿੱਚ ਆਏ ਰਫਿਊਜ਼ੀਆਂ ਨੂੰ ਵੀ ਭਾਰਤੀ ਨਾਗਰਿਕਤਾ ਨਹੀਂ ਮਿਲ ਸਕੀ। ਭਾਰਤ ਸਰਕਾਰ ਦੀ ਇਸ ਬੇਰੁਖੀ ਕਾਰਨ ਹੁਣ ਅਫਗਾਨਿਸਤਾਨ ਛੱਡਣ ਵਾਲੇ ਜਿਆਦਾਤਰ ਸਿੱਖ ਭਾਰਤ ਆਉਣ ਦੀ ਬਜਾਏ ਕੈਨੇਡਾ ਅਤੇ ਅਮਰੀਕਾ ਵੱਲ ਰੁਖ ਕਰ ਰਹੇ ਹਨ।