
ਨਿਰਦੇਸ਼ਕ ਹਰਜੀਤ ਰਿੱਕੀ ਦੀ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਉੱਚਾ ਪਿੰਡ’ ਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲਦਾ ਵੇਖ ਕਹਿ ਸਕਦੇ ਹਾਂ ਕਿ ਪੰਜਾਬੀ ਸਿਨਮਾ ਨਾਲ ਦਰਸ਼ਕ ਅੱਜ ਵੀ ਜੁੜਿਆ ਹੋਇਆ ਹੈ। ‘ਤੁਣਕਾ ਤੁਣਕਾ’ ਅਤੇ ‘ਪੁਆੜਾ’ ਫ਼ਿਲਮਾਂ ਤੋਂ ਬਾਅਦ ਹੁਣ ਫ਼ਿਲਮ ‘ਉੱਚਾ ਪਿੰਡ’ ਨੇ ਵੀ ਟਿਕਟ ਖਿੜਕੀ ਤੱਕ ਦਰਸਕਾਂ ਨੂੰ ਲਿਆਂਦਾ ਹੈ।
ਮਨੋਰੰਜਨ ਦੇ ਨਾਲ ਨਾਲ ਸਮਾਜਿਕ ਕੁਰੀਤੀਆਂ ਨੂੰ ਪਰਦੇ ‘ਤੇ ਲਿਆਉਣਾ ਵੀ ਜਰੂਰੀ ਹੈ। ਕਾਮੇਡੀ ਤੇ ਵਿਆੀ ਕਲਚਰ ਦੀਆਂ ਫ਼ਿਲਮਾ ਵੇਖ ਵੇਖ ਅੱਕ ਚੁੱਕੇ ਦਰਸ਼ਕਾਂ ਨੂੰ ਇਸ ਫ਼ਿਲਮ ਰਾਹੀਂ ਬਹੁਤ ਕੁਝ ਨਵਾਂ ਤੇ ਰੌਚਕਮਈ ਵੇਖਣ ਨੂੰ ਮਿਲਿਆ। ਖ਼ਾਸ ਗੱਲ ਕਿ ਇਸ ਫ਼ਿਲਮ ਰਾਹੀਂ ਸਮਾਜ ਦੀ ਗੱਲ ਬਹੁਤ ਹੀ ਨਿਵੇਕਲੇ ਢੰਗ ਨਾਲ ਕੀਤੀ ਗਈ ਹੈ । ਫ਼ਿਲਮ ਦੀ ਕਹਾਣੀ ਸਮਾਜ ਵਿਰੋਧੀ ਅਨਸ਼ਰਾਂ ਨੂੰ ਨੰਗਾ ਕਰਨ ਦੀ ਹਿੰਮਤ ਰੱਖਦੀ ਹੈ ਜੋ ਚੰਦ ਮੁਨਾਫ਼ੇ ਲਈ ਸਾਡੀ ਜਵਾਨੀ ਨੂੰ ਮੌਤ ਦੇ ਮੂੰਹ ‘ਚ ਧਕੇਲ ਰਹੇ ਹਨ। ਅਜਿਹੇ ਚਿੱਟੇ ਬਗਲਿਆਂ ਨੂੰ ਫੜ੍ਹਣ ਲਈ ‘ ਆਜ਼ਾਦ’ ਦੇ ਪੰਜੇ ਦੀ ਝਪਟ ਪੈਂਦਿਆਂ ਦੇਰ ਨਹੀਂ ਲੱਗਦੀ। ਇਸ ਫ਼ਿਲਮ ਵਿੱਚ ਕਈ ਰੰਗ ਹਨ ਜੋ ਫ਼ਿਲਮ ਦੇ ਹਰੇਕ ਦ੍ਰਿਸ਼ ਨੂੰ ਦਿਲਚਸਪ ਬਣਾਉਂਦੇ ਹਨ। ਸਰਦਾਰ ਸੋਹੀ, ਹੌਬੀ ਧਾਲੀਵਾਲ, ਆਸ਼ੀਸ਼ ਦੁੱਗਲ, ਮੁਕਲ ਦੇਵ, ਸ਼ਮਿੰਦਰ ਵਿੱਕੀ ਵਰਗੇ ਦਿੱਗਜ਼ ਕਲਕਾਰਾਂ ਦੇ ਨਾਲ ਨਾਲ ਨਵਾਂ ਮੁੰਡਾ ਨਵਦੀਪ ਕਲੇਰ ਵੀ ਐਕਸ਼ਨ ਹੀਰੋ ਵਜੋਂ ਪੂਰਾ ਜ਼ਚਿਆ ਹੈ। ਜਿੱਥੇ ਫ਼ਿਲਮ ਦਾ ਐਕਸ਼ਨ ਦਰਸ਼ਕਾਂ ਨੂੰ ਪ੍ਰਭਾਵਤ ਕਰਦਾ ਹੈ ਉਥੇ ਫ਼ਿਲਮ ਦੇ ਡਾਇਲਾਗਾਂ ‘ਤੇ ਵੱਜਦੀਆਂ ਤਾੜੀਆਂ-ਸੀਟੀਆਂ ਵੀ ਫ਼ਿਲਮ ਦੇ ਚੰਗਾ ਹੋਣ ਦੀ ਗਵਾਹੀ ਭਰਦੇ ਪੱਖ ਹਨ। ਫ਼ਿਲਮ ਆਮ ਫ਼ਿਲਮਾਂ ਤੋਂ ਬਹੁਤ ਹਟਕੇ ਹੈ ਕਿਊਕਿ ਇਹ ਪੰਜਾਬੀ ਦੀ ਪਹਿਲੀ ਫ਼ਿਲਮ ਹੈ ਜੋ ਸਸਪੈਂਸ਼ ਭਰਪੂਰ ਹੈ। ਦਰਸ਼ਕ ਸੋਚ ਵੀ ਨਹੀਂ ਸਕਦਾ ਕਿ ਹੁਣ ਕੀ ਹੋਵੇਗਾ।
ਐਕਸ਼ਨ ਹੀਰੋ ਦੇ ਰੂਪ ‘ਚ ਉਭਰੇ ਨਵਦੀਪ ਕਲੇਰ ਦੀ ਮੇਹਨਤ ਉਸਦੇ ਕਿਰਦਾਰ ਨੂੰ ਚੰਗਾ ਨਿਖਾਂਰਦੀ ਹੈ। ਉਸਦੇ ਸਾਹਾਂ ਦੀ ਧੜਕਣ ਬਣੀ ਖੂਬਸੂਰਤ ਨਾਇਕਾ ‘ਪੂਨਮ ਸੂਦ’ ਵੀ ਪੂਰਾ ਜਚੀ ਹੈ। ਜ਼ਿਕਰਯੋਗ ਹੈ ਕਿ ਨਵਦੀਪ ਕਲੇਰ ਤੇ ਪੂਨਮ ਸੂਦ ਦੀ ਬਤੋਰ ਨਾਇਕ-ਨਾਇਕਾ ਇਹ ਪਹਿਲੀ ਫ਼ਿਲਮ ਹੈ, ਜਦਕਿ ਇਸ ਤੋਂ ਪਹਿਲਾਂ ਇੰਨ੍ਹਾਂ ਨੇ ਅਨੇਕਾਂ ਫ਼ਿਲਮਾਂ ਵਿਚ ਯਾਦਗਾਰੀ ਕਿਰਦਾਰ ਨਿਭਾਏ ਹਨ।
ਨਵਦੀਪ ਕਲੇਰ ਤੇ ਪੂਨਮ ਸੂਦ ਤੋਂ ਇਲਾਵਾ ਫ਼ਿਲਮ ਵਿੱਚ ਸਰਦਾਰ ਸੋਹੀ, ਹੌਬੀ ਧਾਲੀਵਾਲ, ਆਸ਼ੀਸ਼ ਦੁੱਗਲ, ਮੁਕਲ ਦੇਵ, ਸ਼ਮਿੰਦਰ ਵਿੱਕੀ, ਸ਼ੀਮਾ ਕੌਸਲ, ਰਾਹੁਲ ਜੁਗਰਾਲ, ਲੱਖਾ ਲਹਿਰੀ, ਦਿਲਾਵਰ ਸਿੱਧੂ, ਮਨੀ ਕੁਲਾਰ, ਸੰਜੀਵ ਢਿੱਲੋਂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਇਸ ਫ਼ਿਲਮ ਦੀ ਕਹਾਣੀ ਨਰਿੰਦਰ ਅੰਬਰਸਰੀਆ ਨੇ ਲਿਖੀ ਹੈ ਤੇ ਡਾਇਲਾਗ ਤੇ ਸਕਰੀਨ ਪਲੇਅ ਨਵਦੀਪ ਕਲੇਰ ਤੇ ਨਰਿੰਦਰ ਅੰਬਰਸਰੀਆ ਨੇ ਰਲ ਕੇ ਲਿਖੇ ਹਨ। ਫ਼ਿਲਮ ਦੇ ਗੀਤਾਂ ਨੂੰ ਨਾਮਵਰ ਗੀਤਕਾਰ ਜਾਨੀ ਨੇ ਲਿਖਿਆ ਹੈ। ਜਿੰਨ੍ਹਾਂ ਨੂੰ ਬੀ ਪਰਾਕ, ਕਮਲ ਖਾਂ, ਅਫ਼ਸਾਨਾਂ ਖਾਂ, ਹਿੰਮਤ ਸੰਧੂ ਨੇ ਗਾਇਆ ਹੈ। ਸੰਗੀਤ ਬੀ ਪਰਾਕ, ਬਿਰਗੀ ਵੀਰ ਜੀ ਨੇ ਤਿਆਰ ਕੀਤਾ ਹੈ।
ਜਿਕਰਯੋਗ ਹੈ ਕਿ ਨਿਊ ਦੀਪ ਐਂਟਰਟੈਂਨਮੈਂਟ ਅਤੇ 2 ਆਰ-ਆਰ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਫ਼ਿਲਮ ‘ੳੁੱਚਾ ਪਿੰਡ’ ਦੀ ਨਿਰਮਾਤਾ ਜੋੜੀ ਸੰਨੀ ਢਿੱਲੋਂ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਬੀਤੇ ਦਿਨੀ ਇੱਕ ਪੱਤਰਕਾਰਤਾ ਮਿਲਨੀ ਦੌਰਾਨ ਕਿਹਾ ਸੀ ਕਿ ਸਾਡੀ ਇਸ ਫ਼ਿਲਮ ਤੋਂ ਹੋਣ ਵਾਲੀ ਸਾਰੀ ਕਮਾਈ ਦਾ 5% ਹਿੱਸਾ ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ, ਅਸੀਂ ਹਮੇਸ਼ਾ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਾਂ। ਇਸ ਲਈ ਹਰੇਕ ਦਰਸਕ ਨੂੰ ਇਹ ਫ਼ਿਲਮ ਜਰੂਰ ਵੇਖਣੀ ਚਾਹੀਦੀ ਹੈ। ਇਸ ਫ਼ਿਲਮ ਨੂੰ ਮਿਲ ਰਹੇ ਪਿਆਰ ਤੋਂ ਨਵਦੀਪ ਕਲੇਰ ਬਹੁਤ ਖੁਸ਼ ਹੈ ਉਸਨੇ ਆਪਣੇ ਦਰਸ਼ਕਾਂ, ਪ੍ਰਸੰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਉਹ ਪੰਜਾਬੀ ਸਿਨਮੇ ਲਈ ਮੇਹਨਤ ਅਤੇ ਲਗਨ ਨਾਲ ਕੰਮ ਕਰਦਾ ਰਹੇਗਾ।