
ਪੂਰਾ ਨਾਮ ਹੈ, ਬਸ਼ੀਰ ਹੂਸੈਨ, ਜਨਮ 6 ਸਤੰਬਰ 1948, ਪਿਤਾ ਮੰਗਤੇ ਖਾਂ ਤੇ ਅੰਮੀ ਬੀਬੀ ਆਲਮ ਦੇ ਲਖਤੇ ਜਿਗਰ, ਜੱਦੀ ਪਿੰਡ ਜੱਗਦੇਓ ਕਲਾਂ, ਅੰਮਿ੍ਰਤਸਰ ਤੇ ਮੁਲਕ ਦੀ ਵੰਡ ਤੋਂ ਬਾਦ ਸਾਰਾ ਪਰਿਵਾਰ ਲਾਹੌਰ ਨੇੜਲੇ ਪਿੰਡ ਘੁਮਿਆਰ ਪੁਰੇ ਚ ਜਾ ਵਸਿਆ ।
ਪਿੰਡ ਦੇ ਸਕੂਲ ਚ ਪੜ੍ਹਦਿਆਂ ਬਾਲੀ ਉਮਰੇ ਹੀ ਸ਼ਬਦ ਸਰਗਮ ਦੀ ਚੇਟਕ ਲੱਗੀ ਤੇ ਨਿੱਕੀ ਉਮਰੇ ਬਾਲਾਂ ਨਾਲ ਹੋਰ ਕੁੱਜ ਖੇਡਣ ਦੀ ਬਜਾਏ, ਸ਼ਬਦਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ । ਛੋਟੀ ਉਮਰ ਚ ਹੀ ਬਾਬਿਆਂ ਵਾਲੀਆਂ ਦਾਨਿਸ਼ਵਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਸਕੂਲ ਦੀ ਡਰਾਮਾ ਕਲੱਬ ਚ “ਬਾਬਿਆਂ” ਦੇ ਖ਼ੂਬਸੂਰਤ ਤੇ ਜਾਨਦਾਰ ਕਿਰਦਾਰ ਦੀ ਭੂਮਿਕਾਂ ਨਿਭਾਉਣ ਕਰਕੇ, ਸਾਰੇ ਪਿੰਡ ਦੇ ਬੱਚਿਆੰ ਤੇ ਵੱਡਿਆਂ ਵਿੱਚ “ਬਾਬਾ” ਅੱਲ ਪੈ ਕੇ ਮਸ਼ਹੂਰ ਰਹੋ ਗਈ, ਪਰ ਉਦੋਂ ਕਿਸੇ ਦੇ ਮਨਚਿੱਤ ਵੀ ਨਹੀਂ ਸੀ ਕਿ ਬਸ਼ੀਰ ਹੂਸੈਨ ਛੋਟੀ ਉਮਰੇ ਸੱਚਮੁੱਚ ਹੀ “ਬਾਬਾ” ਵੀ ਬਣੇਗਾ ਤੇ “ਨਜਮੀ” ਵੀ । ਪਿੰਡ ਵਾਲਿਆਂ ਸੋਚਿਆ ਵੀ ਨਹੀਂ ਹੋਣਾ ਕਿ ਉਸ ਨੂੰ ਜਲਦੀ ਹੀ ਨਵਾਂ ਨਾਮ ਤੇ ਨਵੀਂ ਪਹਿਚਾਣ ਮਿਲੇਗੀ, ਉਹ ਮਹਿਫ਼ਲਾਂ ਦਾ ਸ਼ਿੰਗਾਰ ਹੋਵੇਗਾ, ਉਸ ਦੇ ਨਾਮ ਦੀ ਪਾਕਿਸਤਾਨ ਚ ਹੀ ਨਹੀਂ ਬਲਕਿ ਕੁੱਲ ਆਲਮ ਚ ਵਸੇ ਪੰਜਾਬੀ ਭਾਈਚਾਰੇ ਚ ਚਰਚਾ ਹੋਵੇਗੀ ।
ਜਿੱਥੇ ਬਸ਼ੀਰ ਹੂਸੈਨ ਨੂੰ “ਬਾਬਾ” ਕਹਿਣ ਦੀ ਛੇੜ ਪਿੰਡ ਵਾਲਿਆਂ ਪਾਈ ਉੱਥੇ “ਨਜਮੀ” ਦਾ ਤੁਖੱਲਸ ਸਾਹਿਤਕ ਭਾਈਚਾਰੇ ਨੇ ਦਿੱਤਾ । ਬਾਬਾ ਬਸ਼ੀਰ ਲਾਹੋਰ ਦੇ ਆਸ-ਪਾਸ ਦੀਆਂ ਸਮੂਹ ਮਹਿਫ਼ਲਾਂ ਚ ਸ਼ਿਰਕਤ ਕਰਦਾ ਤੇ ਆਪਣਾ ਤਾਜਾ ਕਲਾਮ ਪੇਸ਼ ਕਰਕੇ ਸ੍ਰੋਤਿਆਂ ਤੇ ਹਾਜ਼ਰ ਸ਼ਾਇਰਾਂ ਨੂੰ ਮੰਤਰ ਮੁਗਧ ਕਰਦਾ, ਉਹਨਾਂ ਦੇ ਹਰ ਕਲਾਮ ‘ਤੇ ਭਰਪੂਰ ਵਾਹ ਵਾਹ ਹੁੰਦੀ, ਤਾੜੀਆਂ ਵੱਜਦੀਆਂ ਤੇ ਦਾਦ ਮਿਲਦੀ, ਉਸ ਨੂੰ ਮਕਤੇ ਤੋ ਲੈ ਕੇ ਮਤਲੇ ਤੱਕ ਸ਼ਾਇਰੀ ਦੀਆ ਤੁਕਾਂ ਦੁਹਰਾਉਣ ਵਾਸਤੇ ਆਖਿਆ ਜਾਂਦਾ । ਇਸੇ ਤਰਾਂ ਇਹ ਹੀਰਾ ਇਕ ਦਿਨ ਕਿਸੇ ਮਹਿਫ਼ਲ ਚ ਪਾਕਿਸਤਾਨ ਦੇ ਚੋਟੀ ਦੇ ਸ਼ਾਇਰ ਜਨਾਬ ਤਾਹਿਰ ਖਾਨ ਸਾਹਿਬ ਦੀ ਨਜਰੇ ਚੜ੍ਹ ਗਿਆ, ਜਿਹਨਾ ਨੇ ਬਾਬਾ ਬਸ਼ੀਰ ਹੂਸੈਨ ਦੀ ਠੇਠ ਲੱਛੇਦਾਰ ਪੰਜਾਬੀ ਵਾਲੀ ਸ਼ਾਇਰੀ ਤੋਂ ਮੁਤੱਸਰ ਹੋ ਕੇ ਉਹਨਾਂ ਨੂੰ “ਨਜਮੀ” ਤੁਖੱਲਸ ਦੇ ਦਿੱਤਾ, ਬਸ ਉਸ ਦਿਨ ਤੋਂ ਬਾਅਦ “ਬਸ਼ੀਰ ਹੂਸੈਨ” ਦਾ ਨਾਮ “ਬਾਬਾ ਨਜਮੀ” ਹੋ ਗਿਆ । ਅੱਜ ਉਹ ਪੂਰੇ ਵਿਸ਼ਵ ਚ ਏਨੇ ਮਕਬੂਲ ਹਨ ਕਿ “ਬਾਬਾ ਨਜਮੀ” ਤੋਂ ਸਿਵਾਏ ਉਹਨਾਂ ਦੇ ਅਸਲ ਨਾਮ ਦਾ ਸਾਡੇ ‘ਚੋਂ ਬਹੁਤਿਆਂ ਨੂੰ ਪਤਾ ਤੱਕ ਹੀ ਨਹੀਂ ਹੈ ।
ਹੁਣ ਗੱਲ ਕਰਦੇ ਹਾਂ “ਬਾਬਾ ਨਜਮੀ” ਦੇ ਸਾਹਿਤਕ ਨਾਮ ਦੇ ਅਰਥਾਂ ਦੀ । “ਬਾਬਾ” ਭਾਵ ਸਿਆਣਾ, ਸੂਝਵਾਨ, ਗੂੜ੍ਹਮੱਤਾ, ਵਿਦਵਾਨ, ਗਿਆਨੀ ਜਾਂ ਬਹੁਤ ਹੀ ਸੁਲਝਿਆ ਹੋਇਆ ਵਿਅਕਤੀ ਤੇ “ਨਜਮੀ” ਤੋ ਭਾਵ ਸ਼ਾਇਰ, ਸਾਹਿਤਕਾਰ ਜਾਂ ਫਿਰ ਸ਼ਬਦਾਂ ਦਾ ਖਿਡਾਰੀ ਆਦਿ । ਦੇਵਾਂ ਸ਼ਬਦਾਂ ਦੇ ਜੋੜ ਦਾ ਪੂਰਾ ਅਰਥ ਬਣਦਾ ਹੈ “ਸਿਆਣਾ ਸ਼ਾਇਰ” ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਬਸ਼ੀਰ ਹੂਸੈਨ ਨੂੰ “ਬਾਬਾ ਨਜਮੀ” ਸ਼ਾਇਰਾਂ ਤੇ ਆਮ ਲੋਕਾਂ ਨੇ ਬਣਾਇਆ, ਪਰ ਇਹ ਵੀ ਸੱਚ ਹੈ ਕਿ ਇਸ ਨਾਮ ਨੂੰ ਬੁਲੰਦੀ ਉੱਤੇ ਉਹਨਾਂ ਨੇ ਆਪਣੀ ਸਾਹਿਤਕ ਕਲਾ ਦੇ ਬਲਬੂਤੇ ਹੀ ਪਹੁੰਚਾਇਆ ਹੈ ।ਆਪਣਾ ਨਾਮ ਉੱਚਾ ਕਰਨ ਵਾਸਤੇ ਇਸ ਫੱਕਰ ਸ਼ਾਇਰ ਨੇ ਅੱਜ ਤੱਕ ਨਾ ਹੀ ਕਦੇ ਜਗਤ ਢੰਡੋਰਾ ਪਿੱਟਿਆ ਹੈ ਤੇ ਨਾ ਹੀ ਕੋਈ ਜੁਗਾੜਬੰਦੀ ਕੀਤੀ ਹੈ ।
ਬਾਬਾ ਨਜਮੀ ਦੀ ਸ਼ਾਇਰੀ ਚ ਸੰਮੁਦਰ ਦੀ ਡੂੰਘਾਈ, ਉਹਨਾਂ ਦੀ ਸੋਚ ਦਾ ਘੇਰਾ ਕੁੱਲ ਜਹਾਨ ਹੈ ਤੇ ਆਪ ਉਹ ਬਹੁਤ ਹੀ ਆਹਲਾ ਤੇ ਜ਼ਹੀਨ ਦਰਜੇ ਦੇ ਇਨਸਾਨ ਹਨ । ਕਰਾਂਤੀਕਾਰੀ ਸ਼ਾਇਰ ਨੇ, ਨਾਹਰੇ, ਨਿਹੋਰੇ ਤੇ ਤਨਜੀਆ ਰੰਗ ਦੀ ਸ਼ਾਇਰੀ ਕਰਦੇ ਹਨ । ਉਹਨਾਂ ਦੀ ਪੇਸ਼ਕਾਰੀ ਜੋਸ਼ੀਲੀ ਹੁੰਦੀ ਹੈ ਜੋ ਸਰੋਤਿਆਂ ਨੂੰ ਧੁਰ ਹਿਰਦੇ ਤੱਕ ਕੀਲਦੀ ਹੈ ‘ਤੇ ਉਹਨਾਂ ਦੇ ਮਨਾਂ ‘ਤੇ ਡੂੰਘਾ ਤੇ ਚਿਰਜੀਵੀ ਪ੍ਰਭਾਵ ਛਡਦੀ ਹੈ । ਉਹ ਸਰਲ, ਸਾਦੀਆਂ ਤੇ ਆਮ ਲੋਕਾਂ ਦੀ ਸਮਝ ਆਉਣ ਵਾਲੀਆਂ ਕਾਵਿ ਰਚਨਾਵਾਂ ਦੀ ਰਚਨਾ ਕਰਦੇ ਹਨ । ਉਹਨਾਂ ਦੀਆਂ ਰਚਨਾਵਾਂ ਦੇ ਵਿਸ਼ੇ ਬੇਸ਼ੱਕ ਬਹੁਭਾਂਤੀ ਹੁੰਦੇ ਪਰ ਮੁੱਖ ਤੌਰ ‘ ਤੇ ਉਹਨਾਂ ਦੀਆਂ ਰਚਨਾਵਾਂ ਦੇ ਵਿਸ਼ੇ, ਆਮ ਆਦਮੀ ਦੀਆਂ ਸਮੱਸਿਆਵਾਂ, ਦੁੱਖ ਦਰਦ, ਸਮਾਜਿਕ ਸ਼ੋਸ਼ਣ, ਆਰਥਿਕ ਕਾਣੀ ਵੰਡ, ਪੰਜਾਬੀ ਬੋਲੀ ਪ੍ਰਤੀ ਅੰਤਾਂ ਦਾ ਮੋਹ, ਬੋਲੀ, ਸਾਹਿਤ ਤੇ ਸੱਭਿਆਚਾਰ ਦੀ ਬੇਹਤਰੀ ਦੀ ਚਾਹਤ, 1947 ਦੀ ਖੂਨੀ ਵੰਡ ਦਾ ਦਰਦ ਤੇ ਮੌਕੇ ਦੀਆਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆ ਵਿਰੁੱਧ ਰੋਸ ਤੇ ਰੋਹ ਦਾ ਪ੍ਰਗਟਾਵਾ ਆਦਿ ਹੁੰਦੇ ਹਨ :
ਖ਼ਵਾਜਾ ‘ਫ਼ਰੀਦ’, ਮੁਹੰਮਦ, ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ,
ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ ।
ਆਪਣੀ ਬੋਲੀ ਬੋਲਣ ਵੇਲ਼ੇ ਜਿਹਨਾਂ ਦਾ ਸਾਹ ਘੁੱਟਦਾ ਏ,
‘ਬਾਬਾ ਨਜਮੀ’ ਦੇ ਦੇ ਫ਼ਤਵਾ, ਉਹ ਗ਼ੱਦਾਰ ਪੰਜਾਬੀ ਨੇ ।
ਸ਼ੀਸ਼ੇ ਉਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ ।
ਜ਼ਿਲਦਾਂ ਸਾਂਭ ਰਹੇ ਨੇ ਝੱਲੇ, ਵਰਕੇ ਪਾੜੀ ਜਾਂਦੇ ਨੇ
ਅੱਗ ਵੀ ਹਿੰਮਤਾਂ ਬਹੁਤੀ ਦਿੱਤੀ, ਫਿਰ ਵੀ ਭਾਂਡੇ ਪਿੱਲੇ ਰਹੇ ।
ਭਾਂਬੜ ਜਿਹੀਆਂ ਧੁੱਪਾਂ ਵਿੱਚ, ਮੇਰੇ ਲੀੜੇ ਗਿੱਲੇ ਰਹੇ ।
ਦੋਸ਼ ਦਿਓ ਨਾ ਝੱਖੜਾਂ ਉੱਤੇ, ਸਿਰ ‘ਤੋਂ ਉੱਡੇ ਤੰਬੂਆਂ ਦਾ
ਕੀਲੇ ਠੀਕ ਨਹੀਂ ਠੋਕੇ ਖੌਰੇ, ਸਾਥੋਂ ਰੱਸੇ ਢਿੱਲੇ ਰਹੇ ।
ਬਾਬਾ ਨਜਮੀ ਦੀਆਂ ਹੁਣ ਤਿੰਨ ਕਾਵਿ ਪੁਸਤਕਾਂ “ਅੱਖਰਾਂ ਵਿੱਚ ਸਮੁੰਦਰ (1986), ਸੋਚਾਂ ਵਿਚ ਜਹਾਨ (1995) ਤੇ ਮੇਰਾ ਨਾਮ ਇਨਸਾਨ “ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜੋ ਆਲਮੀ ਪੰਜਾਬੀ ਭਾਈਚਾਰੇ ਚ ਬਹੁ ਚਰਚਿਤ ਤੇ ਬਹੁਤ ਮਕਬੂਲ ਹੋ ਚੁੱਕੀਆਂ ਹਨ ।
ਮੈਨੂੰ, ਮੇਰੀ ਨਵੀਂ ਪੁਸਤਕ “ਪੰਜਾਬੀ ਦੇ ਚੋਣਵੇਂ ਬੁੱਧੀਜੀਵੀ” ਦੇ ਸੁਖ਼ਨਵਰਾਂ ਦੀ ਸੂਚੀ ਚ ਉਹਨਾਂ ਦਾ ਨਾਮ ਸ਼ਾਮਿਲ ਕਰਕੇ ਬਹੁਤ ਮਾਣ ਤੇ ਅਪਾਰ ਖ਼ੁਸ਼ੀ ਹੋ ਰਹੀ ਹੈ । ਸ਼ਾਲਾਂ ! ਲੋਕ ਸ਼ਾਇਰ ਬਾਬਾ ਨਜਮੀ ਜੀ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਚ ਰਹਿਣ ਤੇ ਉਹਨਾਂ ਦੀ ਕਲਮ ਇਸੇ ਰਫਤਾਰ ਨਾਲ ਮਨੁੱਖਤਾ ਦੇ ਵਿਰੋਧੀਆਂ ਵਿਰੁੱਧ ਚਲਦੀ ਹੋਈ ਉਹਨਾਂ ਦੇ ਬਖੀਏ ਉਧੇੜਦੀ ਰਹੇ ਤੇ ਉਹ ਪੰਜਾਬੀ ਬੋਲੀ ਦੀ ਝੋਲੀ ਆਪਣੀਆ ਅਨਮੋਲ ਕਿਰਤਾਂ ਨਾਲ ਮਾਲਾ ਮਾਲ ਕਰਦੇ ਰਹਿਣ । ਪੰਜਾਬੀ ਬੋਲੀ ਦੇ ਇਸ ਪਹਿਰੇਦਾਰ ਨੇ ਪਾਕਿਸਤਾਨ ਚ ਮਾਂ ਬੋਲੀ ਦਾ ਪਰਚਮ ਲਹਿਰਾਕੇ ਜੋ ਬੁਲੰਦ ਕੀਤਾ ਹੈ, ਉਸ ਵਾਸਤੇ ਸੱਚੇ ਪੰਜਾਬੀ ਆਂ ਦਾ ਸਿਰ ਉਹਨਾ ਅੱਗੇ ਹਮੇਸ਼ਾ ਹੀ ਸਤਿਕਾਰ ਨਾਲ ਝੁਕਦਾ ਰਹੇਗਾ ਤੇ ਰਹਿੰਦੀ ਦੁਨੀਆ ਤੱਕ ਪੰਜਾਬੀ ਉਹਨਾਂ ਨੂੰ ਯਾਦ ਰੱਖਣਗੇ ।