ਚੰਡੀਗੜ੍ਹ – ਕਾਂਗਰਸ ਦੇ ਕੱਦਾਵਰ ਨੇਤਾ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ‘ਚ ਜਾਣਗੇ ਜਾਂ ਨਹੀਂ, ਇਸ ਸਬੰਧੀ ਸਿਆਸੀ ਚਰਚੇ ਤੇਜ਼ ਹਨ। ਸਭ ਦੀਆਂ ਨਜ਼ਰਾਂ ਕੈਪਟਨ ਅਮਰਿੰਦਰ ਸਿੰਘ ‘ਤੇ ਟਿਕੀਆਂ ਹਨ। ਉੱਥੇ ਹੀ ਭਾਜਪਾ ਦੇ ਸੂਬਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਜਿਸ ਦਾ ਵੀ ਭਾਜਪਾ ਦੀਆਂ ਨੀਤੀਆਂ ‘ਚ ਵਿਸ਼ਵਾਸ ਹੈ, ਉਸ ਦਾ ਪਾਰਟੀ ‘ਚ ਸਵਾਗਤ ਹੈ। ਹਾਲਾਂਕਿ ਸ਼ਰਮਾ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਕੁਝ ਵੀ ਨਹੀਂ ਕਿਹਾ। ਕਾਂਗਰਸ ਵੱਲੋਂ ਐੱਸਸੀ ਵਰਗ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣ ‘ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਕਾਂਗਰਸ ਪਾਰਟੀ ‘ਚ ਐੱਸਸੀ ਵਰਗ ਲਈ ਕੋਈ ਪ੍ਰੇਮ ਜਾਗ ਪਿਆ ਹੈ। ਇਕ ਇਕ ਮਜਬੂਰੀ ‘ਚ ਲਿਆ ਗਿਆ ਹੈ। ਕਾਂਗਰਸ ਨੇ ਆਪਣੀ ਪਾਰਟੀ ਨੂੰ ਟੁੱਟਣ ਤੋਂ ਬਚਾਉਣ ਲਈ ਐੱਸਸੀ ਵਰਗ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਇਆ ਹੈ। ਇਸ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਹੁੰ ਵੀ ਚੁੱਕ ਲਈ ਸੀ ਕਿ ਕਾਂਗਰਸ ਦੇ ਪੰਜਾਬ ਸੂਬਾ ਇੰਚਾਰਜ ਹਰੀਸ਼ ਰਾਵਤ ਦਾ ਬਿਆਨ ਆ ਗਿਆ ਕਿ 2022 ਦੀਆਂ ਚੋਣਾਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ‘ਚ ਲੜੀਆਂ ਜਾਣਗੀਆਂ। ਚੰਨੀ ਤਾਂ ਸਿਰਫ਼ ਨਾਈਟ ਵਾਚਮੈਨ ਹਨ।
ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਵੱਲੋਂ ਇਹ ਕਿਹਾ ਜਾਣਾ ਕਿ ਪੰਜਾਬ ‘ਚ ਪਗੜੀਧਾਰੀ ਨੂੰ ਹੀ ਮੁੱਖ ਮੰਤਰੀ ਬਣਾਉਣਾ ਚਾਹੀਦੈ, ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਨੇ ਇਕ ਨਵੀਂ ਰਾਜਨੀਤੀ ਨੂੰ ਜਨਮ ਦਿੱਤਾ ਹੈ। ਕਾਂਗਰਸ ਨੇ ਪੰਜਾਬ ‘ਚਸ ਸਿੱਖਾਂ ਅਤੇ ਹਿੰਦੂਆਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਪੰਜਾਬ ‘ਚ ਰਹਿਣ ਅਤੇ ਗੁਰੂ ਪਰੰਪਰਾ ‘ਚ ਵਿਸ਼ਵਾਸ ਰੱਖਣ ਵਾਲਾ ਪੰਜਾਬੀ ਹੈ।ਦੱਸ ਦੇਈਏ ਕਿ ਪੰਜਾਬ ਸੀਐੱਮ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਹਮਲਾਵਰ ਹਨ। ਕੈਪਟਨ ਨੂੰ ਜਿਸ ਤਰ੍ਹਾਂ ਨਾਲ ਪਾਰਟੀ ਨੇ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ, ਉਸ ਤੋਂ ਉਹ ਦੁਖੀ ਹਨ। ਕੈਪਟਨ ਦਾ ਕਹਿਣਾ ਹੈ ਕਿ ਉਹ ਫ਼ੌਜੀ ਹਨ ਤੇ ਚੁੱਪ ਬੈਠਣ ਵਾਲੇ ਨਹੀਂ ਹਨ। ਹੁਣ ਉਨ੍ਹਾਂ ਦੀਆਂ ਨਜ਼ਰਾਂ ਕੈਪਟਨ ਅਮਰਿੰਦਰ ਸਿੰਘ ਦੇ ਅਗਲੇ ਕਦਮ ‘ਤੇ ਟਿਕੀਆਂ ਹੋਈਆਂ ਹਨ ਜਿਸ ਤਰ੍ਹਾਂ ਨਾਲ ਚਰਨਜੀਤ ਸਿੰਘ ਚੰਨੀ ਕੈਪਟਨ ਦੇ ਨਜ਼ਦੀਕੀ ਅਫ਼ਸਰਾਂ ਤੇ ਆਗੂਆਂ ਨੂੰ ਕਿਨਾਰੇ ਕਰ ਰਹੇ ਹਨ ਉਸ ਨਾਲ ਕੈਪਟਨ ਹੋਰ ਹਮਲਾਵਰ ਨਜ਼ਰ ਆ ਰਹੇ ਹਨ।