ਕੋਲਕਾਤਾ – ਵਿਦੇਸ਼ ਮੰਤਰਾਲੇ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਰੋਮ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਨੂੰ ਲੈ ਕੇ ਮਮਤਾ ਅਤੇ ਤਿ੍ਣਮੂਲ ਕਾਂਗਰਸ (ਟੀਐੱਮਸੀ) ਦੇ ਨੇਤਾ ਨਾਰਾਜ਼ ਹਨ। ਦੱਸਣਯੋਗ ਹੈ ਕਿ ਇਕ ਗ਼ੈਰ ਸਰਕਾਰੀ ਸੰਗਠਨ ਦੇ ਸੱਦੇ ‘ਤੇ ਉਨ੍ਹਾਂ ਦਾ 6 ਅਕਤੂਬਰ ਨੂੰ ਰੋਮ ਜਾਣ ਦਾ ਪ੍ਰੋਗਰਾਮ ਸੀ।
ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਤੱਰ ਨੇ ਬੰਗਾਲ ਦੇ ਸੂਬਾ ਸਕੱਤਰੇਤ ਨਵਾਨ ਨੂੰ ਪੱਤਰ ਭੇਜ ਕੇ ਇਜਾਜ਼ਤ ਨਾ ਮਿਲਣ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਕਿਹੜੇ ਕਾਰਨਾਂ ਕਰਕੇ ਇਜਾਜ਼ਤ ਨਹੀਂ ਦਿੱਤੀ ਗਈ ਹੈ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾਂਦਾ ਹੈ ਕਿ ਰੋਮ ਵਿਚ 6 ਅਕਤੂਬਰ ਤੋਂ ਦੋ ਦਿਨਾ ਕੌਮਾਂਤਰੀ ਸੰਮੇਲਨ ਕਰਵਾਇਆ ਜਾਣਾ ਹੈ ਜਿਸ ਵਿਚ ਸ਼ਾਮਲ ਹੋਣ ਲਈ ਮਮਤਾ ਨੂੰ ਸੱਦਾ ਦਿੱਤਾ ਗਿਆ ਹੈ। ਸੱਦਾ ਪੱਤਰ ‘ਚ ਮਮਤਾ ਨੂੰ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਸਫਲਤਾ ਲਈ ਸੰਗਠਨ ਵੱਲੋਂ ਵਧਾਈ ਵੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਮਮਤਾ ਬੈਨਰਜੀ ਕਈ ਵਾਰ ਵਿਦੇਸ਼ ਜਾ ਚੁੱਕੀ ਹੈ। ਤਿੰਨ ਸਾਲ ਪਹਿਲਾਂ ਉਹ ਜਰਮਨੀ ਅਤੇ ਇਟਲੀ ਗਈ ਸੀ।