ਚੰਡੀਗੜ੍ਹ – ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਹੀ ਨਹੀਂ ਦੂਸਰੇ ਸੂਬਿਆਂ ‘ਚ ਵੀ ਕਾਂਗਰਸੀ ਆਗੂ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਲੈ ਕੇ ਸਵਾਲ ਉਠਾਉਣ ਲੱਗੇ ਹਨ। ਪੰਜਾਬ ਦੇ ਨਾਲ-ਨਾਲ ਹਰਿਆਣਾ, ਉੱਤਰ ਪ੍ਰਦੇਸ਼ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਸਿੱਧੂ ਦੇ ਅਸਤੀਫ਼ੇ ਨੂੰ ਆਹਲਾ ਕਮਾਨ ਨਾਲ ਧੋਖਾ ਕਰਾਰ ਦਿੱਤਾ ਹੈ। ਕਾਂਗਰਸ ‘ਚ ਖਾਸਕਰ ਪ੍ਰਿਅੰਕਾ ਗਾਂਧੀ ਦੇ ਕਰੀਬੀ ਮੰਨੇ ਜਾਣ ਵਾਲੇ ਆਚਾਰੀਆ ਪ੍ਰਮੋਦ ਨੇ ਵੀ ਸਿੱਧੂ ਦੇ ਅਸਤੀਫ਼ੇ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਆਚਾਰੀਆ ਪ੍ਰਮੋਦ ਨੇ ਕਿਹਾ ਕਿ ਪੰਜਾਬ ‘ਚ ਪਾਰਟੀ ਦੀ ਸਾਖ ਦਾਅ ‘ਤੇ ਲੱਗੀ ਹੈ। ਅਜਿਹੇ ‘ਚ ਸਿੱਧੂ ਦਾ ਅਸਤੀਫ਼ਾ ਪਾਰਟੀ ਹਾਈਕਮਾਨ ਦੇ ਭਰੋਸੇ ਦੇ ਨਾਲ ਇਕ ਵੱਡਾ ਧੋਖਾ ਹੈ। ਆਚਾਰੀਆ ਪ੍ਰਮੋਦ ਕਾਂਗਰਸ ਦੀ ਟਿਕਟ ‘ਤੇ ਭਾਜਪਾ ਆਗੂ ਰਾਜਨਾਥ ਖਿਲਾਫ਼ ਚੋਣ ਲੜ ਚੁੱਕੇ ਹਨ। ਉਨ੍ਹਾਂ ਟਵੀਟ ‘ਚ ਲਿਖਿਆ ਹੈ- ‘ਪੰਜਾਬ ‘ਚ ਪਾਰਟੀ ਦੀ ਸਾਖ ਦਾਅ ‘ਤੇ ਲੱਗੀ ਹੈ, ਅਜਿਹੇ ਵਿਚ ਸਿੱਧੂ ਦਾ ‘ਅਸਤੀਫ਼ਾ’ ਪਾਰਟੀ ਹਾਈ ਕਮਾਨ ਦੇ ਭਰੋਸੇ ਨਾਲ ਇਕ ਵੱਡਾ ਧੋਖਾ ਹੈ।’ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ, ਜਿੱਥੇ ਕਾਂਗਰਸ ਦੇ ਨਾਲ ਅਜਿਹਾ ਹੋ ਰਿਹਾ ਹੈ। ਇਸ ਦਾ ਕੀ ਮਤਲਬ ਹੈ? ਇਸ ਨਾਲ ISI ਤੇ ਪਾਕਿਸਤਾਨ ਨੂੰ ਫਾਇਦਾ ਹੈ। ਕਾਂਗਰਸ ਨੂੰ ਯਕੀਨੀ ਬਣਾਉਣਾ ਚਾਹੀਦੈ ਕਿ ਉਹ ਇਕਜੁੱਟ ਰਹਿਣ। ਜੇਕਰ ਕਿਸੇ ਨੂੰ ਦਿੱਕਤ ਹੈ ਤਾਂ ਉਹ ਪਾਰਟੀ ਦੇ ਸੀਨੀਅਰ ਆਗੂ ਨਾਲ ਚਰਚਾ ਕਰਨ। ਉਨ੍ਹਾਂ ਕਿਹਾ ਕਿ ਜਿਹੜੇ ਕਾਂਗਰਸ ਦੇ ਲੋਕ ਸਾਨੂੰ ਛੱਡ ਕੇ ਚਲੇ ਗਏ ਹਨ, ਉਹ ਵਾਪਸ ਨਾ ਜਾਣ ਕਿਉਂਕਿ ਕਾਂਗਰਸ ਹੀ ਅਜਿਹੀ ਵਿਚਾਰਧਾਰਾ ਹੈ ਜੋ ਇਸ ਦੇਸ਼ ਦੀ ਬੁਨਿਆਦ ਹੈ।
ਹਰਿਆਣਾ ‘ਚ ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਕੈਪਟਨ ਅਜੈ ਯਾਦਵ ਵੀ ਸਿੱਧੂ ਦੇ ਅਸਤੀਫ਼ੇ ਤੋਂ ਹੈਰਾਨ ਹਨ। ਉਨ੍ਹਾਂ ਨੇ ਵੀ ਸੱਧੂ ਦੇ ਅਸਤੀਫ਼ੇ ‘ਤੇ ਨਿਸ਼ਾਨਾ ਵਿੰਨ੍ਹਿਆ। ਕੈਪਟਨ ਅਜੈ ਯਾਦਵ ਨੇ ਟਵੀਟ ਕਰ ਕੇ ਕਿਹਾ ਕਿ ਉਹ ਸੋਨੀਆ ਗਾਂਧੀ ਨੂੰ ਅਪੀਲ ਕਰਦੇ ਹਨ ਕਿ ਪਹਿਲਾਂ ਵਿਅਕਤੀ ਦੀ ਵਫ਼ਾਦਾਰੀ, ਕਾਬਲੀਅਤ ਨੂੰ ਜ਼ਰੂਰ ਪਰਖੋ, ਕਿਉਂਕਿ ਗ਼ਲਤ ਆਦਮੀ ਨੂੰ ਚੁਣਨ ਨਾਲ ਪਾਰਟੀ ਦੇ ਆਗੂਆਂ ਦਾ ਮਨੋਬਲ ਡਿੱਗਦਾ ਹੈ।
ਉਨ੍ਹਾਂ ਟਵੀਟ ‘ਚ ਲਿਖਿਆ- ‘ਮੇਰੀ ਕੌਮੀ ਪ੍ਰਧਾਨ ਸੋਨੀ ਗਾਂਧੀ ਨੂੰ ਗੁਜ਼ਾਰਿਸ਼ ਹੈ ਕਿ ਪਾਰਟੀ ਅਹੁਦਾ ਦੇਣ ਤੋਂ ਪਹਿਲਾਂ ਵਿਅਕਤੀ ਦੀ ਵਫ਼ਾਦਾਰੀ, ਕਾਬਲੀਅਤ ਨੂੰ ਜ਼ਰੂਰ ਪਰਖਣ ਕਿਉਂਕਿ ਗ਼ਲਤ ਆਦਮੀ ਚੁਣਨ ਨਾਲ ਪਾਰਟੀ ਵਰਕਰਾਂ ਦਾ ਮਨੋਬਲ ਡਿੱਗਦਾ ਹੈ ਤੇ ਖਾਸ ਤੌਰ ‘ਤੇ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਆਉਂਦੇ ਹਨ, ਸਵਾਰਥੀ ਹੁੰਦੇ ਹਨ।’
ਕਾਂਗਰਸ ਦੇ ਕੌਮੀ ਬੁਲਾਰੇ ਤੇ ਸੰਸਦ ਮੈਂਬਰ ਡਾ. ਉਦਿਤ ਰਾਜ ਨੇ ਵੀ ਸਿੱਧੂ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਪਾਰਟੀ ਨੇ ਸਿੱਧੂ ਲਈ ਕੀ ਨਹੀਂ ਕੀਤਾ। ਉਨ੍ਹਾਂ ਨੂੰ ਪਹਿਲਾਂ ਮੰਤਰੀ ਬਣਾਇਆ, ਫਿਰ ਸੂਬਾ ਪ੍ਰਧਾਨ ਬਣਾਇਆ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਉਨ੍ਹਾਂ ਦੀ ਇੱਛਾ ਪੂਰੀ ਹੋਈ। ਪੰਜਾਬ ਦੇ ਨਵੇਂ ਸੀਐੱਮ ਚਰਨਜੀਤ ਸਿੰਘ ਚੰਨੀ ਵੀ ਉਨ੍ਹਾਂ ਦੀ ਹੀ ਪਸੰਦ ਸਨ। ਸ਼ਾਇਦ ਅਨੁਸੂਚਿਤ ਜਾਤੀ ਦੇ ਸੀਐੱਮ ਨਾਲ ਉਨ੍ਹਾਂ ਦੀ ਨਰਾਜ਼ਗੀ ਹੈ।
ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਡਾ. ਅਸ਼ਵਨੀ ਕੁਮਾਰ ਨੇ ਵੀ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਨੂੰ ਮੰਦਭਾਗਾ ਕਰਾਰ ਦਿੱਤਾ। ਕਿਹਾ ਕਿ ਹੁਣ ਅਸੀਂ ਹਾਲਾਤ ਸੁਧਾਰਨ ਲਈ ਸਮਾਂ ਬਰਬਾਦ ਨਹੀਂ ਕਰ ਸਕਦੇ। ਨਵਾਂ ਪ੍ਰਦੇਸ਼ ਪ੍ਰਧਾਨ ਜਲਦ ਤੋਂ ਜਲਦ ਚੁਣਨ ਦੀ ਜ਼ਰੂਰਤ ਹੈ।