ਨਵੀਂ ਦਿੱਲੀ – ਪੰਜਾਬ ‘ਚ ਕਾਂਗਰਸ ਦੀ ਅਸਥਿਰਤਾ ਨੂੰ ਰਾਹੁਲ ਦੀ ਅਸਫਲਤਾ ਦੱਸਦੇ ਹੋਏ ਭਾਜਪਾ ਨੇ ਚਿਤਾਵਨੀ ਦਿੱਤੀ ਕਿ ਸਰਹੱਦੀ ਸੂਬਾ ਹੋਣ ਕਾਰਨ ਇੱਥੇ ਅਸਥਿਰਤਾ ਦਾ ਗੰਭੀਰ ਨਤੀਜਾ ਹੁੰਦਾ ਹੈ।ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਕਾਂਗਰਸੀ ਨੇਤਾਵਾਂ ਦੇ ਸਿਆਸੀ ਕਾਟੋ-ਕਲੇਸ਼ ‘ਚ ਪੰਜਾਬ ਝੁਲਸ ਰਿਹਾ ਹੈ। ਉਨ੍ਹਾਂ ਕਾਂਗਰਸੀ ਨੇਤਾ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਉਸ ਟਵੀਟ ‘ਤੇ ਇਤਰਾਜ਼ ਪ੍ਰਗਟਾਇਆ ਜਿਸ ਵਿਚ ਕਿਹਾ ਗਿਆ ਕਿ ਜੇਕਰ ਰਾਹੁਲ ਗਾਂਧੀ ਖ਼ਿਲਾਫ਼ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਤਾਂ ਵਰਕਰ ਬਰਦਾਸ਼ਤ ਨਹੀਂ ਕਰਨਗੇ। ਪਾਤਰਾ ਨੇ ਕਿਹਾ, ਇਹ ਸੋਚ ਸਾਫ਼ ਕਰਦੀ ਹੈ ਕਿ ਕਾਂਗਰਸ ਦੀ ਐਮਰਜੈਂਸੀ ਵਾਲੀ ਮਾਨਸਿਕਤਾ ਹਾਲੇ ਤਕ ਨਹੀਂ ਗਈ ਹੈ। ਉਂਜ ਤਾਂ ਪੰਜਾਬ ਦੇ ਸਿਆਸੀ ਘਟਨਾਕ੍ਰਮ ਤੋਂ ਬਾਅਦ ਕਾਂਗਰਸ ਦੇ ਅੰਦਰ ਹੀ ਉਥਲ-ਪੁਥਲ ਹੈ ਅਤੇ ਭਾਜਪਾ ਨੇ ਇਸੇ ਬਹਾਨੇ ਰਾਹੁਲ ਨੂੰ ਨਿਸ਼ਾਨਾ ਬਣਾਇਆ ਹੈ। ਭਾਜਪਾ ਬੁਲਾਰੇ ਨੇ ਕਿਹਾ ਕਿ ਰਾਹੁਲ ਵਾਇਨਾਡ ਵਿਚ ਬੋਲ ਰਹੇ ਹਨ ਕਿ ਭਾਰਤ ਦਾ ਕੋਈ ਬਾਰਡਰ ਨਹੀਂ ਹੈ। ਪਾਤਰਾ ਨੇ ਕਿਹਾ ਇਹੀ ਕਾਰਨ ਹੈ ਕਿ ਉਨ੍ਹਾਂ ਉਸ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਸੀ ਜਿਹੜਾ ਪਾਕਿਸਤਾਨ ਵਿਚ ਜਾ ਕੇ ਉਥੋਂ ਦੇ ਫ਼ੌਜ ਮੁਖੀ ਬਾਵਜਾ ਦੇ ਗਲ਼ੇ ਮਿਲੇ ਸਨ। ਪੰਜਾਬ ਸਰਹੱਦੀ ਸੂਬਾ ਹੈ। ਪਾਤਰਾ ਨੇ ਕਿਹਾ ਕਿ ਇਹ ਸਿੱਧੇ-ਸਿੱਧੇ ਰਾਹੁਲ ਦੀ ਅਸਫਲਤਾ ਹੈ ਪਰ ਜੇਕਰ ਮੀਡੀਆ ਸਵਾਲ ਉਠਾ ਰਿਹਾ ਹੈ ਤਾਂ ਉਸ ਨੂੰ ਧਮਕਾਇਆ ਜਾ ਰਿਹਾ ਹੈ। ਮਾੜੀ ਸ਼ਬਦਾਵਲੀ ਦੀ ਗੱਲ ਕਹੀ ਜਾ ਰਹੀ ਹੈ, ਜਦਕਿ ਸੱਚਾਈ ਇਹ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਸਾਰੇ ਮਾੜੇ ਸ਼ਬਦਾਂ ਦਾ ਇਸਤੇਮਾਲ ਕੀਤਾ, ਪਰ ਭਾਜਪਾ ਨੇ ਤਾਂ ਕਿਸੇ ਨੂੰ ਨਹੀਂ ਧਮਕਾਇਆ।
previous post