
ਭਾਰਤ ਨੂੰ ਗੋਰਿਆਂ ਤੋਂ ਅਜਾਦ ਕਰਵਾਉਣ ਖਾਤਰ ਅੰਦਾਜਨ ਪਚਾਸੀ ਪ੍ਰਤੀਸ਼ਤ ਸ਼ਹੀਦੀਆਂ ਪਾਉਣ ਵਾਲੇ ਪੰਜਾਬੀਆਂ ਸਮੇਤ ਦੇਸ਼ ਨਾਲ ਪਿਆਰ ਕਰਨ ਵਾਲੀਆਂ ਹੋਰ ਕੌਮਾਂ ਦੇ ਲੋਕਾਂ ਨੇ ਵੀ ਪੂਰੇ ਸਿਦਕ ਅਤੇ ਸਿਰੜ ਨਾਲ ਆਪੋ-ਆਪਣਾ ਬਣਦਾ ਯੋਗਦਾਨ ਪਾਇਆ ਸੀ। ਇਨ੍ਹਾਂ ਸਾਰਿਆਂ ਦਾ ਇੱਕੋ ਖੁਆਬ ਸੀ ਕਿ ਬਹੁ ਨਸਲੀ, ਬਹੁ ਕੌਮੀ, ਬਹੁ ਭਸ਼ਾਈ,ਬਹੁ ਧਰਮੀਂ, ਬਹੁ ਜਾਤਾਂ ਵਾਲੇ ਇਸ ਦੇਸ਼ ਦੇ ਇਹ ਵੱਖੋ-ਵੱਖਰੇ ਫੁੱਲਾਂ ਨੂੰ ਇੱਕ ਖੂਬਸੂਰਤ ਗੁਲਦਸਤੇ ਦੇ ਰੂਪ ਵਿੱਚ ਪਰੋ ਕੇ ਸੱਭ ਦੇ ਭਲੇ ਲਈ ਸੱਭ ਦੇ ਹੱਕਾਂ ਦੀ ਰਾਖੀ ਕਰਨ ਵਾਲਾ ਸਰਬਤ ਦਾ ਭਲਾ ਕਰਨ ਵਾਲਾ ਲੋਕਤੰਤਰ ਪੈਦਾ ਕਰਨਾ ਹੈ।ਇਸ ਖੁਆਬ ਨੂੰ ਪੂਰਾ ਕਰਨ ਖਾਤਰ ਸਾਡੇ ਸ਼ਹੀਦਾਂ ਨੇ ਬਹੁਤ ਹੀ ਦਿਲ ਦਹਿਲਾ ਜਾਣ ਵਾਲੇ ਤਸੀਹੇ ਝੱਲ ਕੇ ਦੇਸ਼ ਦੇ ਲੋਕਾਂ ਰਾਹੀਂ ਲੋਕਾਂ ਲਈ ਲੋਕਾਂ ਦਾ ਰਾਜ ਪੈਦਾ ਕਰਵਾਉਣ ਖਾਤਰ ਆਪਣੀਆਂ ਕੀਮਤੀ ਜਾਨਾਂ ਦੇਸ਼ ਖਾਤਰ ਵਾਰੀਆਂ ਸਨ।ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਦੁਆਰਾ ਆਪਣੀਆਂ ਕੁਰਬਾਨੀਆਂ ਦੇ ਕੇ ਪੈਦਾ ਕੀਤੀਆਂ ਸੱਤਾ ਦੀਆਂ ਕੁਰਸੀਆਂ ‘ਤੇ ਬੈਠਣ ਵਾਲੇ ਸ਼ਾਤਰ ਦਿਮਾਗ ਲੋਕ, ਸ਼ਹੀਦਾਂ ਦੇ ਸੁਪਨਿਆਂ ਵਾਲੇ ਲੋਕਤੰਤਰ ਨੂੰ ਆਪਣੇ ਨਿੱਜਾਂ ਖਾਤਰ ਲੀਰੋ ਲੀਰ ਕਰਕੇ ਤਹਿਸ਼ ਨਹਿਸ਼ ਕਰ ਦੇਣਗੇ।ਸ਼ਾਤਮਈ ਤਰੀਕਿਆਂ ਨਾਲ ਸੜਕਾਂ ‘ਤੇ ਸਾਲਾਂ ਬੱਧੀ ਬੈਠ ਕੇ ਰੋਸ ਜਾਹਰ ਕਰਨ ਵਾਲੇ ਆਪਣੇ ਸ਼ਹੀਦਾਂ ਦੇ ਸਪਨਿਆਂ ਵਾਲੇ ਲੋਕਰਾਜ ਵਾਲੀਆਂ ਸਹੂਲਤਾਂ ਮੰਗਣ ਵਾਲੇ ਕਿਸਾਨਾਂ ‘ਤੇ ਮਜਦੂਰਾਂ ਨੂੰ ਗ੍ਰਹਿ ਰਾਜ ਵਜੀਰ ਦੇ ਸਹਿਜਾਦੇ ਵਲੋਂ ਸਰਕਾਰੀ ਤਾਕਤ ਦੇ ਨਸ਼ੇ ‘ਚ ਅਸਲੇ ਨਾਲ ਲੇਸ ਹੋ ਕੇ ਗੱਡੀਆਂ ਹੇਠ ਦਰੜਿਆ ਗਿਆ।
ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਲੋਕਾਂ ਦੀਆਂ ਵੋਟਾਂ ਲੈ ਕੇ ਬਨਣ ਵਾਲੀ ਸਰਕਾਰ ਕੁਰਸੀਆਂ ‘ਤੇ ਬੈਠਦੇ ਸਾਰ ਹੀ ਆਮ ਲੋਕਾਂ ਦੀਆਂ ਜਰੂਰੀ ਲੋੜਾਂ ਨੂੰ ਹੀ ਭੁੱਲ ਤਾਨਾਸ਼ਾਹ ਰਵਈਆ ਅਪਣਾ ਕੇ ਕਿਸੇ ਦੁਸ਼ਮਣ ਦੇਸ਼ ਦੀ ਸਰਹੱਦ ਨਾਲ ਲਗਦੇ ਇਲਾਕੇ ਦੇ ਲੋਕ ਸਮਝ ਰਹੀ ਹੈ।ਸ਼ਾਂਤਮਈ ਤਰੀਕਿਆਂ ਨਾਲ ਰੋਸ ਜਾਹਰ ਕਰਦੇ ਦੇਸ਼ ਦੇ ਕਿਸਾਨ, ਮਜਦੂਰ, ਮੁਲਾਜਮ, ਛੋਟੇ ਵਪਾਰੀਆਂ, ਕਲਾਕਾਰਾਂ ਆਦਿ ਨੂੰ ਦੁਸ਼ਮਣ ਦੇਸ਼ ਦੇ ਵਸਨੀਕ ਸਮਝ ਕੇ ਰਸਤਿਆਂ ਵਿੱਚ ਲੋਹੇ ਦੇ ਵੱਡੇ ਵੱਡੇ ਜੰਗਲੇ ਖੜ੍ਹੇ ਕਰਕੇ ਅਤੇ ਵੱਡੇ ਵੱਡੇ ਸੀਮਿੰਟ ਦੇ ਬਣੇ ਥਮੜੇ ਸੜਕਾਂ ‘ਤੇ ਸੁੱਟ ਕੇ ਅਤੇ ਲੋਹੇ ਦੀਆਂ ਕਿਲਾਂ ਗੱਡ ਕੇ ਰੋਕਾਂ ਲਾਉਣ ਦੇ ਨਾਲ ਪਾਣੀ ਦੀਆਂ ਬੁਛਾੜਾਂ ਮਾਰਨ ਤੋਂ ਇਲਾਵਾ ਅਥਰੂ ਗੈਸ ਦੀਆਂ ਤੋਪਾਂ ਰਾਹੀ ਅੰਨ੍ਹੇ ਕਰਕੇ ਉਪਰੋਂ ਡਾਗਾਂ ਵਰ੍ਹਾਈਆਂ ਜਾ ਰਹੀਆਂ ਹਨ।ਇੱਥੋਂ ਤੱਕ ਕਿ ਸੜਕਾਂ ‘ਤੇ ਬਹੁਤ ਵੱਡੇ ਵੱਡੇ ਮਿੱਟੀ ਦੇ ਢੇਰ ਲਾਏ ਗਏ ਅਤੇ ਸੜਕਾਂ ਵਿੱਚ ਬਹੁਤ ਵੱਡੇ ਵੱਡੇ ਟੋਏ ਪੁੱਟੇ ਗਏ।ਕੀ ਇਹ ਕਿਸੇ ਗੈਰ ਦੇਸ਼ ਦੇ ਨਾਗਰਿਕ ਹਨ?ਬਹੁਤ ਦੁੱਖ ਵਾਲੀ ਅਤੇ ਸ਼ਰਮ ਵਾਲੀ ਗੱਲ ਹੈ ਕਿ ਜਿਸ ਭਾਰਤ ਦੇਸ਼ ਦੇ ਲੋਕਤੰਤਰ ਵਾਰੇ ਦੁਨੀਆਂ ਵਿੱਚ ਕਿਹਾ ਜਾਂਦਾ ਸੀ ਕਿ “ਭਾਰਤ ਵਰਸ਼ ਲੋਕਤੰਤਰ ਦੀ ਮਾਂ ਹੈ’ ਅੱਜ ਉਸੇ ਦੇਸ਼ ਦੇ ਗ੍ਰਹਿ ਰਾਜ ਮੰਤਰੀ ਦੇਸ਼ ਦੇ ਆਮ ਨਾਗਰਿਕਾਂ ਨੂੰ ਕਹਿ ਰਿਹਾ ਹੈ ਕਿ “ ਮੈਂ ਐਮ ਐਲ ਏ,ਐਮ ਪੀ, ਮੰਤਰੀ ਤੋਂ ਇਲਾਵਾ ਹੋਰ ਵੀ ਕਈ ਕੁੱਝ ਹਾਂ।ਤੁਹਾਨੂੰ ਸਾਰਿਆਂ ਨੂੰ ਮੇਰੇ ਵਾਰੇ ਪਤਾ ਹੋਵੇਗਾ ਕਿ ਮੈਂ ਕੀ ਚੀਜ ਹਾਂ।ਜੇ ਮੈਂ ਆਪਣੀ ਆਈ ;ਤੇ ਆ ਗਿਆ ਤਾਂ ਲਖੀਮਪੁਰ ਖੇੜੀ ਤੋਂ ਇਲਾਵਾ ਪੂਰੇ ਉੱਤਰ ਪ੍ਰਦੇਸ਼ ਤੋਂ ਬਾਹਰ ਕੱਢ ਦੇਵਾਂਗਾ।ਉਸ ਤੋਂ ਬਾਅਦ ਬਹੁਤ ਹੀ ਵੱਡੀ ਅਤੇ ਘਟੀਆਂ ਹਰਕਤ ਨਾਲ ਗੱਡੀ ਵਿੱਚੋਂ ਜਾ ਰਿਹਾ ਆਮ ਲੋਕਾਂ ਨੂੰ ਚਿੜਾਉਣ ਲਈ ‘ਤੇ ਸ਼ਾਂਤਮਈ ਰੋਸ ਕਰਦੇ ਲੋਕਾਂ ਨੂੰ ਨੀਵਾਂ ਵਿਖਾਉਣ ਲਈ ਅਪਣੇ ਹੱਥ ਦੀ ਮੁੱਠੀ ਬੰਦ ਕਰਕੇ ਵਾਰ ਵਾਰ ਆਪਣੇ ਅੰਗੂਠੇ ਨੂੰ ਉੱਪਰ ਥੱਲੇ ਕਰਕੇ ਠੇਗਾਂ ਵਿਖਾ ਰਿਹਾ ਹੈ।ਦੂਜੇ ਪਾਸੇ ਸ਼ਾਂਤਮਈ ਰੋਸ ਖਤਮ ਕਰਕੇ ਘਰਾਂ ਨੂੰ ਵਾਪਿਸ ਜਾ ਰਹੇ ਕਿਸਾਨ ਮਜਦੂਰਾਂ ਦੇ ਪਿਛਲੇ ਪਾਸਿਓਂ ਰਿਵਾਲਵਰਾਂ ਅਤੇ ਅਸਲੇ ਨਾਲ ਲੇਸ ਗੁੰਡਿਆਂ ਨਾਲ ਭਰੀਆਂ ਤਿੰਨ ਚਾਰ ਗੱਡੀਆਂ ਦੇ ਕਾਫਲੇ ਨੂੰ ਅੱਸੀ ਨੱਬੇ ਦੀ ਹਾਈ ਸਮੀਡ ਕਰਕੇ ਅਜੇ ਮਿਸ਼ਰਾ ਗ੍ਰਹਿ ਰਾਜ ਮੰਤਰੀ ਭਾਰਤ ਸਰਕਾਰ ਦਾ ਬੇਟਾ ਬਿਨਾ ਕਿਸੇ ਭੈਅ ਖੌਫ ਤੋਂ ਗੱਡੀਆਂ ਹੇਠ ਦਰੜਦਾ ਹੋਇਆਂ ਗੋਲੀਆਂ ਚਲਾਉਂਦਾ ਹੋਇਆਂ ਸ਼ਰੇਆਮ ਸਰਕਾਰ ‘ਤੇ ਪੁਲੀਸ ਦੀ ਪੁਸ਼ਪ ਪਨਾਹੀ ਅਤੇ ਛੱਤਰ ਸ਼ਾਇਆ ਹੇਠ ਸੁਰਖਿਅਤ ਨਿਕਲ ਗਿਆ।ਇਹ ਸਾਰਾ ਕਾਰਾ ਕੈਮਰਿਆਂ ਵਿੱਚ ਕੈਦ ਹੋ ਗਿਆ ਪਰ ਸਰਕਾਰ ਵਲੋਂ ਇਨ੍ਹਾਂ ਅਪਰਾਧੀਆਂ ਖਿਲਾਫ ਫੋਰੀ ਤੌਰ ‘ਤੇ ਕੋਈ ਕਾਰਵਾਈ ਵਾਲਾ ਐਕਸ਼ਨ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ ਨਹੀਂ ਹੋਇਆ।ਇਸ ਗੱਲ ਤੋਂ ਲਗਦਾ ਹੈ ਕਿ ਜਿਸ ਦੇਸ਼ ਨੂੰ ਅਜਾਦ ਕਰਵਾਉਣ ਲਈ ਆਮ ਲੋਕਾਂ ਨੇ ਬਹੁਤ ਸਾਰੇ ਖੂਨ ਨਾਲ ਸਿੰਜਿਆਂ ਸੀ ਵਿੱਚ ਦੋਹਰੀ ਕਿਸਮ ਦੇ ਦੋ ਕਨੂੰਨ ਹਨ।ਲਗਦੈ ਕਿ ਆਮ ਲੋਕਾਂ ਲਈ ਕਨੂੰਨ ਸੱਖਤ ਤੋਂ ਵੀ ਸੱਖਤ ਅਤੇ ਵੱਖਰਾ ਹੈ।ਜਿਨ੍ਹਾਂ ਨੂੰ ਤੀਹ ਪੈਂਤੀ ਸਾਲ ਤੱਕ ਵੀ ਇਨਸਾਫ ਲੈਣ ਲਈ ਧੱਕੇ ਖਾਣੇ ਪੈਂਦੇ ਹਨ।ਦੂਜੇ ਬੰਨੇ ਗੁੰਡਾ ਕਿਸਮ ਦੇ ਸਿਆਸੀ ਲੋਕਾਂ ਅਤੇ ਉਨ੍ਹਾਂ ਦੇ ਪ੍ਰੀਵਾਰਾਂ ਵਾਸਤੇ ਉਨ੍ਹਾਂ ਨੂੰ ਬਚਾਉਣ ਵਾਲਾ ਸਜਾ ਨਾ ਹੋਣ ਦੇਣ ਵਾਲਾ ਅਤੇ ਪੁਲੀਸ ਅਫਸਰਾਂ ਵਲੋਂ ਇਨ੍ਹਾਂ ਦੀ ਆਓ ਭਗਤ ਕਰਨ ਵਾਲਾ ਅਤੇ ਰੋਟੀ ਚਾਹ ਕੌਫੀ ਦੀ ਸੇਵਾ ਦੇਣ ਵਾਲਾ ਕਨੂੰਨ ਹੋਰ ਹੈ।ਆਮ ਲੋਕਾਂ ਨੂੰ ਘੰਟਿਆਂ ਵਿੱਚ ਹੀ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਹੋ ਜਾਂਦੀ ਹੈ।ਦੂਜੇ ਬੰਨੇ ਇਨ੍ਹਾਂ ਸਿਆਸੀ ਲੋਕਾਂ ਨੂੰ ਸੁਰਖਿਆ ਕਬਚ ਦੇਣ ਦੇ ਪੂਰੇ ਮੌਕੇ ਦਿੱਤੇ ਜਾਂਦੇ ਹਨ।
ਹਰਿਆਣਾ ਦਾ ਮੁੱਖ ਮੰਤਰੀ ਸ਼ਰੇਆਮ ਕਹਿ ਰਿਹਾ ਹੈ ਕਿ ਡੰਡੇ ਸੋਟੇ ਲੱਠਾਂ ਲਾਠੀਆਂ ਨਾਲ ਲੈਸ ਹੋ ਕੇ ਇਨ੍ਹਾਂ ਆਮ ਲੋਕਾਂ ਨੂੰ ਸਿੱਧੇ ਕਰੋ ਇਸ ਤਰ੍ਹਾਂ ਤੁਸੀਂ ਵੱਡੇ ਨੇਤਾ ਬਣ ਜਾਓਗੇ।ਇਨ੍ਹਾਂ ਦੋਵਾਂ ਅਜੇ ਮਿਸ਼ਰਾ ਰਾਜ ਗ੍ਰਹਿ ਮੰਤਰੀ ਅਤੇ ਇਸ ਮੁੱਖ ਮੰਤਰੀ ਖੱਟੜ ਹਰਿਆਣਾ ਖਿਲਾਫ ਨੈਤਿਕਤਾ ਦੇ ਅਧਾਰ ‘ਤੇ ਨਾ ਹੀ ਉਨ੍ਹਾਂ ਦੀ ਆਪਣੀ ਪਾਰਟੀ ਨੇ ਕੋਈ ਐਕਸ਼ਨ ਲਿਆ ਅਤੇ ਨਾ ਹੀ ਕਿਸੇ ਸਰਕਾਰ ਨੇ ਕੋਈ ਐਕਸ਼ਨ ਲੈ ਕੇ ਆਪਣਾ ਫਰਜ ਨਿਭਾਇਆ।ਇਸ ਤੋਂ ਇਲਾਵਾ ਲੋਕਾਂ ਵਲੋਂ ਕੀਤੇ ਜਾਂਦੇ ਵਿਰੋਧ ਕਾਰਨ ਉਨ੍ਹਾਂ ਆਪ ਦੀ ਜਮੀਰ ਵੀ ਸੁੱਤੀ ਹੋਈ ਹੈ।ਇੰਝ ਜਾਪ ਰਿਹਾ ਭਾਰਤ ਵਿੱਚ ਲੋਕਰਾਜ ਲੋਕਤੰਤਰ ਨਾਮ ਦੀ ਕੋਈ ਚੀਜ ਹੈ ਹੀ ਨਹੀ।ਲੋਕਤੰਤਰ ਖਤਮ ਹੋ ਗਿਆ ਹੈ।ਲੱਗ ਰਿਹੈ ਕਿ ਹੁਣ ਨਾਦਰਸ਼ਾਹੀ ਅਤੇ ਗੁੰਡਾਤੰਤਰ ਦਾ ਰਾਜ ਚੱਲ ਰਿਹਾ ਹੈ।ਲੋਕਰਾਜ ਦਾ ਮਤਲਵ ਸੀ ਲੋਕਾਂ ਵਲੋਂ ਲੋਕਾਂ ਦੁਆਰਾ ਲੋਕਾਂ ਲਈ ਬਣਾਇਆ ਗਿਆ ਰਾਜਸੀ ਸਿਸਟਮ।ਇੱਥੇ ਲੋਕ ਸਰਕਾਰ ਬਣਾਉਂਦੇ ਅਤੇ ਚੁਣਦੇ ਜਰੂਰ ਹਨ ਪਰ ਸਰਕਾਰ ਹੋਂਦ ਵਿੱਚ ਆਉਣ ਬਾਅਦ ਉਨ੍ਹਾਂ ਆਮ ਲੋਕਾਂ ਲਈ ਨਹੀਂ ਸੱਭ ਕੁੱਝ ਆਪਣੇ ਲਈ ਅਤੇ ਆਪਣੇ ਖਾਸਮ ਖਾਸਾਂ ਲਈ ਹੀ ਕਰਨ ਵਾਲਾ ਸਿਸਟਮ ਬਣਾਉਂਦੀ ਹੈ।ਸਰਕਾਰ ਬਨਾਉਣ ਵਾਲਿਆਂ ਨੂੰ ਭੁਲਾ ਦਿੱਤਾ ਜਾਂਦਾ ਹੈ।ਜਦ ਕਿ ਦੁਨੀਆਂ ਦੇ ਹੋਰ ਦੂਜੇ ਦੇਸ਼ਾਂ ਵਿੱਚ ਜਿਸ ਵੀ ਪ੍ਰਧਾਨ-ਮੰਤਰੀ ਮੁੱਖ-ਮੰਤਰੀ ਜਾਂ ਮੰਤਰੀ ਖਿਲਾਫ ਕੋਈ ਭ੍ਰਿਸ਼ਟਾਚਾਰ ਦਾ ਇਲਜਾਮ ਲੱਗ ਜਾਵੇ ਉਹ ਆਪਣੀ ਨੈਤਿਕ ਜੁੰਮੇਵਾਰੀ ਸਮਝ ਕੇ ਉਸੇ ਵੇਲੇ ਆਪਣੇ ਆਹੁੱਦੇ ਤੋਂ ਅਸਤੀਫਾ ਦੇ ਕੇ ਪਾਸੇ ਹੋ ਜਾਂਦਾ ਹੈ।ਹੁਣੇ ਹੀ ਕੁੱਝ ਕੁ ਦਿਨ ਪਹਿਲਾਂ ਅਸਟ੍ਰੇਲੀਆ ਦੀ ਸਟੇਟ (ਨਿਊ ਸਾਊਥ ਵੇਲਜ) ਦੇ ਮੁੱਖ-ਮੰਤਰੀ (ਪ੍ਰੀਮੀਅਰ) ੳੱਤੇ ਉਸ ਦੇ ਕਿਸੇ ਮੰਤਰੀ ਵਲੋਂ ਕੀਤੀ ਕੁਰਾਪਸ਼ਨ ਦੇ ਦੋਸ਼ ਲੱਗੇ ਸਨ।ਸੂਬੇ ਦੀ ਮੁੱਖ-ਮੰਤਰੀ ਨੇ ਆਪਣੀ ਨੈਤਿਕ ਜਿਮੇਂਵਾਰੀ ਸਮਝਦਿਆਂ ਹੋਇਆਂ ਉਸੇ ਵੇਲੇ ਆਪਣਾ ਅਸਤੀਫਾ ਦੇ ਕੇ ਸਰਕਾਰ ਤੋਂ ਵੱਖ ਹੋ ਗਈ।ਪਰ ਮੇਰੇ ਭਾਰਤ ਵਰਸ਼ ਵਿੱਚ ਕੋਰਟ ਕੇਸ ਹੋ ਜਾਣ ਤੋਂ ਬਾਅਦ ਵੀ ਕੁਰਸੀ ਨਾਲ ਚਿਪਕੇ ਰਹਿਣ ਦੀ ਲਾਲਸਾ ਖਤਮ ਨਹੀਂ ਹੁੰਦੀ।ਮੇਰੇ ਦੇਸ਼ ਭਾਰਤ ਦਾ ਤਾਂ ਹੁਣ ਉਹ ਉਪਰ ਵਾਲਾ ਹੀ ਬੇਲੀ ਹੈ।ਕਿਸੇ ਵੀ ਸਿਆਸੀ ਪਾਰਟੀ ਕੋਲੋਂ ਆਸ ਨਹੀਂ ਹੈ ਕਿ ਉਹ ਸੁਧਾਰ ਕਰ ਸਕਣਗੇ ਇਸ ਤੋਂ ਤਾਂ ਬਹਿਤਰ ਸੀ ਕਿ ਦੇਸ਼ ਨੂੰ ਅਜਾਦ ਕਰਵਾਇਆ ਹੀ ਨਾ ਜਾਂਦਾ ਤਾਂ ਵੱਧੀਆ ਸੀ।ਜਿਵੇਂ ਕਿ ਅਸਟ੍ਰੇਲੀਆ ਓਬਰਿਜਨਲ ਮੂਲਵਾਸੀਆਂ ਦਾ ਹੀ ਦੇਸ਼ ਸੀ।ਜਿਸ ਨੂੰ ਕਿ ਇੰਗਲੈਂਡ ਦੇ ਗੋਰੀ ਚਮੜੀ ਵਾਲੇ ਕੈਪਟਨ ਕੁੱਕ ਨੇ 1770 ਵਿੱਚ ਲੱਭਿਆ ਸੀ।ਪੂਰਨ ਤੌਰ ‘ਤੇ ਬ੍ਰਿਟਿਸ਼ ਗੋਰਿਆਂ ਨੇ ਇਸ ਦੇਸ਼ ‘ਤੇ 1788 ਵਿੱਚ ਆਪਣਾ ਝੰਡਾ ਗੱਡ ਕੇ ਇਸ ਦੇਸ਼ ਨੂੰ ਆਪਣੇ ਕਬਜੇ ਵਿੱਚ ਲਿਆ ਸੀ।ਇਸ 233 ਸਾਲਾਂ ਦੇ ਥੋੜੇ ਜਿਹੇ ਸਮੇਂ ਅੰਦਰ ਹੀ ਅਸਟ੍ਰੇਲੀਆ ਦੇਸ਼ ਨੂੰ ਬ੍ਰਿਟਿਸ਼ ਗੋਰਿਆਂ ਨੇ ਦੇਸ਼ ਦੇ ਨਾਗਰਿਕਾਂ ਦੇ ਸਹਿਯੋਗ ਨਾਲ ਦੁਨੀਆਂ ਦੀ ਪਹਿਲੀ ਕਤਾਰ ਵਿੱਚ ਰਹਿਣ ਵਾਲੇ ਦੇਸ਼ਾਂ ਦੀ ਲਿਸਟ ਵਿੱਚ ਦਰਜ ਕਰਵਾ ਲਿਆ ਹੈ।ਦੇਸ਼ ਦਾ ਸਰਕਾਰੀ ਫੈਡਰਲ ਢਾਂਚਾ ਏਨਾ ਵੱਧੀਆ ਹੈ ਕਿ ਬੇਸ਼ੱਕ ਸਾਰੇ ਰਾਜਾਂ ਦੀਆਂ ਸਰਕਾਰਾਂ ਪਾਸ ਆਪੋ-ਆਪਣੇ ਵੱਖੋ-ਵੱਖਰੇ ਅਧਿਕਾਰ ਵੀ ਹਨ।ਪਰ ਦੇਸ਼ ਦੀ ਅਖੰਡਤਾ ਅਤੇ ਹਰ ਨਾਗਰਿਕ ਦੀਆਂ ਜਰੂਰਤਾਂ ਦਾ ਪੂਰਾਂ ਖਿਆਲ ਰੱਖਿਆ ਜਾਂਦਾ ਹੈ।ਦੇਸ਼ ਦਾ ਖਜਾਨਾ ਭਰਿਆ ਰੱਖਣ ਲਈ ਵਿਤੀ ਸਿਸਟਮ ਦਰੁਸਤ ਰੱਖਣ ਲਈ ਹਰ ਇੱਕ ਕੰਮ ਕਰਨ ਵਾਲੇ ਕਾਮੇ ਦਾ ਟੈਕਸ ਕੱਟਿਆ ਜਾਂਦਾ ਹੈ।ਹਰ ਇੱਕ ਕੰਮ ਨਾ ਕਰਨ ਵਾਲੇ ਬੇਰੁਜਗਾਰ ਨੂੰ ਵੀ ਕੰਮ ਲਈ ਪ੍ਰੇਰਨ ਦੇ ਨਾਲ ਨਾਲ ਉਸ ਦੀ ਮਾਇਕ ਮਦਤ ਵੀ ਕੀਤੀ ਜਾਂਦੀ ਹੈ।ਜਦ ਕਿ ਸਾਡੇ ਮਹਾਨ ਭਾਰਤ ਵਿੱਚ ਜਿਨ੍ਹਾਂ ਨੂੰ ਟੈਕਸ ਦੇਣਾ ਚਾਹੀਦਾ ਹੈ ਉਹ ਦੇ ਹੀ ਨਹੀ ਰਹੇ।ਜਿਆਦਾਤਰ ਟੈਕਸ ਮੁਲਾਜਮ ਹੀ ਦੇ ਰਹੇ ਹਨ ਕਿਉਂ ਕਿ ਮੁਲਾਜਮਾਂ ਦੀ ਤਨਖਾਹ ਵਾਰੇ ਸਾਰਾ ਰਿਕਾਰਡ ਸਰਕਾਰ ਪਾਸ ਹੁੰਦਾ ਹੈ।ਕਈ ਵਾਰ ਇਹ ਵੀ ਟੈਕਸ ਨਾ ਦੇਣ ਦੇ ਰਾਹ ਲੱਭ ਲੈਂਦੇ ਹਨ।ਜਦ ਕਿ ਹਰ ਇੱਕ ਦਾ ਟੈਕਸ ਕਟਿਆ ਜਾਣਾ ਲਾਜਮੀ ਹੋਣਾ ਚਾਹੀਦਾ ਹੈ।ਜਿਸ ਨਾਲ ਦੇਸ਼ ਦੇ ਹਰ ਨਾਗਰਿਕ ਨੂੰ ਹਰ ਤਰ੍ਹਾਂ ਪੂਰੀਆਂ ਸਹੂਲਥਾਂ ਮਿਲਣ ਅਤੇ ਦੇਸ਼ ਦਾ ਸਰਵਪੱਖੀ ਵਿਕਾਸ ਹੋਵੇ।
ਪਰ ਮੇਰੇ ਭਾਰਤ ਮਹਾਨ ਵਿੱਚ ਨੈਤਿਕਤਾ ਨਾ ਹੋਣ ਕਰਕੇ ਖੁੱਦਗਰਜੀ ਪੈਦਾ ਹੋ ਕੇ ਪੈਸਾ ਪ੍ਰਧਾਨ ਬਣ ਗਿਆ ਹੈ ‘ਤੇ ਦੇਸ਼ ਪਿਆਰ ਭਾਵਨਾ ਖਤਮ ਹੋ ਰਹੀ ਹੈ।ਇਸੇ ਕਰਕੇ ਭ੍ਰਿਸ਼ਟਾਚਾਰ ਪਨਪ ਕੇ ਦੇਸ਼ ਦੀ ਸਦੀਆਂ ਤੋਂ ਚਲੀ ਆ ਰਹੀ ਮਹਾਨਤਾ ਨੂੰ ਢਾਹ ਲੱਗ ਕੇ ਦੁਨੀਆਂ ਵਿੱਚ ਬਦਨਾਮੀ ਦਾ ਕਾਰਨ ਬਣਦਾ ਜਾ ਰਿਹਾ ਹੈ।ਮੇਰੇ ਦੇਸ਼ ਦੇ ਬੁੱਧੀਜੀਵੀਓ ਉੱਠੋ ਜਾਗੋ ਹੰਭਲਾ ਮਾਰੋ ਦੇਸ਼ ਦੇ ਨਾਗਰਿਕਾਂ ਨੂੰ ਜਗਾਓ ਸੂਝਵਾਨ ਬਣਾਓ।ਆਪਣੇ ਸ਼ਹੀਦਾਂ ਦੀਆਂ ਕੀਤੀਆਂ ਕੀਮਤੀ ਕੁਰਬਾਨੀਆਂ ਯਾਦ ਕਰਾ ਕੇ ਉਨ੍ਹਾਂ ਵਲੋਂ ਸਿਰਜੇ ਗਏ ਸੁਪਨਿਆਂ ਵਾਰੇ ਜਾਣੂ ਕਰਵਾਓ।ਇਹ ਸਾਰਾ ਕੁੱਝ ਅਸੀਂ ਤਾਹੀਓਂ ਕਰ ਸਕਾਂਗੇ ਜੇ ਅਸੀਂ ਉਨ੍ਹਾਂ ਵਲੋਂ ਦੱਸੇ ਰਸਤਿਆਂ ‘ਤੇ ਚਲਾਂਗੇ ਅਤੇ ਫਰਜ ਪਛਾਣਾਗੇ।ਦੇਸ਼ ਦੀ ਸੱਤਾ ‘ਤੇ ਕਾਬਜ ਹੋਣ ਲਈ ਸਿਆਸੀ ਧਿਰਾਂ ਵਲੋਂ ਨਾਗਰਿਕਾਂ ਨੂੰ ਵੋਟਾਂ ਖਾਤਰ ਦਿੱਤੇ ਜਾਣ ਵਾਲੇ ਪੈਸੇ ਅਤੇ ਨਸ਼ਿਆਂ ਦੇ ਲਾਲਚ ਤਿਆਗ ਕੇ ਪੜ੍ਹੇ ਲਿਖੇ ਯੋਗ ਉਮੀਦਵਾਰ ਲੱਭੋ। ਜੋ ਸਮਾਜ ਅਤੇ ਦੇਸ਼ ਦਾ ਭਲਾ ਕਰਨ ਵਾਲੇ ਹੋਣ ਉਨ੍ਹਾਂ ਨੂੰ ਆਪਣੇ ਵੋਟ ਨਾਲ ਚੁਣ ਕੇ ਸ਼ਹੀਦਾਂ ਦੇ ਖਆਬਾਂ ਵਾਲਾ ਲੋਕਤੰਤਰ ਲਿਆਉਣ ਲਈ ਉਪਰਾਲਾ ਕਰੋ।ਲਾਲਚ ਵੱਸ ਹੋਕੇ ਗੱਲਤ ਬੰਦਿਆਂ ਨੂੰ ਵੋਟਾਂ ਪਾਕੇ ਭ੍ਰਿਸ਼ਟ ਸਰਕਾਰ ਨਾ ਬਣਾਓ।ਲੋਕਤੰਤਰ ਅਤੇ ਰਾਜਨੀਤਕ ਭ੍ਰਿਸ਼ਟਾਚਾਰ ਦੋਵੇਂ ਨਾਲੋ-ਨਾਲ ਨਹੀਂ ਚੱਲ ਸਕਦੇ।ਜੇ ਕਰ ਅਸੀਂ ਦੇਸ਼ ਵਾਸੀਆਂ ਨੇ ਇਨ੍ਹਾਂ ਨੂੰ ਇੱਕਠਿਆਂ ਚਲਦੇ ਰਹਿਣ ਦਿੱਤਾ ਤਾਂ ਇਨ੍ਹਾਂ ਵਿੱਚੋਂ ਇੱਕ ਦਾ ਨਸ਼ਟ ਹੋਣਾ ਜਰੂਰੀ ਹੈ।ਹੁਣ ਇਹ ਭਾਰਤ ਵਾਸੀਆਂ ਦੀ ਇੱਛਾ‘ਤੇ ਨਿਰਭਰ ਕਰਦਾ ਹੈ ਕਿ ਸਾਡੀ ਪਹਿਲੀ ਪਸੰਦ ਸਾਡੇ ਦੇਸ਼ ਖਾਤਰ ਸ਼ਹੀਦਾਂ ਦੇ ਸੁਪਨਿਆਂ ਵਾਲਾ ਲੋਕਤੰਤਰ ਬਨਾਉਣਾ ਹੈ ਜਾਂ ਇਹ ਭ੍ਰਿਸ਼ਟਾਚਾਰ ਵਾਲੇ ਗੁੰਡਾਗਰਦੀ ਕਰਨ ਵਾਲ਼ੇ ਦੇਸ਼ ਦੇ ਕੇਂਦਰੀ ਗ੍ਰਹਿ ਵਿਭਾਗ ਨਾਲ ਸਬੰਧ ਰੱਖਣ ਵਾਲੇ ਮੰਤਰੀ ਅਜੇ ਮਿਸ਼ਰਾ ਜੋ ਲੋਕਾਂ ਨੂੰ ਧਮਕਾ ਕੇ ਲੋਕਾਂ ਨੂੰ ਦੱਸ ਰਿਹਾ ਕਿ ਮੈਨੂੰ ਤੁਸੀਂ ਜਾਣਦੇ ਨਹੀਂ ਵਰਗੇ ਨੂੰ ਬਨਾਉਣਾ ਹੈ ? ਜਿਸ ਦਾ ਪੁੱਤਰ ਹਥਿਆਰਾਂ ਦੀਆਂ ਗੋਲੀਆਂ ਦੀ ਵਾਛੜ ਕਰਦਾ ਹੋਇਆ ਕਿਸਾਨਾਂ ‘ਤੇ ਮਜਦੂਰਾਂ ਨੂੰ ਪਿਛਲੇ ਪਾਸਿਓਂ ਗੱਡੀਆਂ ਹੇਠ ਦਰੜਦਾ ਹੋਇਆਂ ਗੁੰਡਾਗਰਦੀ ‘ਤੇ ਤਾਨਾਸ਼ਾਹੀ ਦੇ ਨਿਸ਼ਾਨ ਛੱਡਦਾ ਹੈ।ਇੱਕ ਸਟੇਟ ਦਾ ਮੁੱਖ-ਮੰਤਰੀ ਲਾਠੀਆਂ ਦੇ ਜੋਰ ਦੀਆਂ ਧਮਕੀਆਂ ਦਿੰਦਾ ਹੈ।ਹੁਣ ਇਹ ਭਾਰਤ ਦੇ ਨਾਗਰਿਕਾਂ ਦੀ ਇੱਛਾ ‘ਤੇ ਨਿਰਭਰ ਕਰਦਾ ਹੈ ਕਿ ਸਾਡੀ ਪਹਿਲੀ ਪਸੰਦ ਸਾਡੇ ਸ਼ਹੀਦਾਂ ਦੇ ਸੁਪਨਿਆਂ ਵਾਲਾ ਲੋਕਤੰਤਰ ਬਨਾਉਣਾ ਹੈ ਜਾਂ ਤਾਨਾਸ਼ਾਹੀ ਹੱਥਾਂ ਵਿੱਚ ਸੱਤਾ ਸੌਂਪ ਕੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਕਰਵਾਉਣਾ ਹੈ।ਨਿਹਚੈ ਹੀ ਸ਼ਹੀਦਾਂ ਦੇ ਸੁਪਨਿਆਂ ਦੇ ਖਿਲਾਫ ਭ੍ਰਿਸ਼ਟਾਚਾਰ ਨੂੰ ਸ਼ਹਿ ਦੇਣੀ ਸਾਡੀ ਪਹਿਲੀ ਪਸੰਧ ਨਹੀ ਹੋ ਸਦਕੀ।ਜਿਸ ਨੂੰ ਜੜੋਂ ਖਤਮ ਕਰਨ ਲਈ ਕਿਉਂ ਨਾ ਸਾਰੇ ਦੇਸ਼ ਵਾਸੀ ਮਿਲ ਕੇ ਇੱਕ ਮਹਾਂ ਅਭਿਆਨ ਚਲਾਈਏ ?ਜਿਸ ਨਾਲ ਅਸੀਂ ਸਾਰੇ ਦੇਸ਼ ਵਾਸੀ ਸੱਚ ਮੁੱਚ ਸ਼ਹੀਦ ਹੋਏ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪੋ-ਆਪਣਾ ਯੋਗਦਾਨ ਪਾ ਸਕੀਏ।