ਦੀਨਾਨਗਰ – ਸੂਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਦੋਸ਼ ਲਾਏ ਹਨ ਕਿ ਨਸ਼ੇ ਦੇ ਮਾਮਲੇ ਵਿਚ ਸੂਬੇ ਨੂੰ ਬਦਨਾਮ ਕਰਨ ਵਾਲੀ ਕੇਂਦਰ ਸਰਕਾਰ ਨਸ਼ੇ ਦੇ ਵੱਡੇ ਮਗਰਮੱਛਾਂ ਦੀ ਸਰਪ੍ਰਸਤੀ ਕਰ ਰਹੀ ਹੈ। ਉਹ ਦੀਨਾਨਗਰ ਵਿਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਹਨ।
ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਬੀਐੱਸਐੱਫ ਦੇ ਅਧਿਕਾਰ ਖੇਤਰ ਵਿਚ ਵਾਧਾ ਕਰਨ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਕੇਂਦਰ ਬੀਐੱਸਐੱਫ ਨੂੰ 50 ਕਿਲੋਮੀਟਰ ਤਕ ਕਾਰਵਾਈ ਦੀਆਂ ਸ਼ਕਤੀਆਂ ਦੇਣ ਦੀ ਬਜਾਏ ਸਰਹੱਦ ‘ਤੇ ਪੁਖ਼ਤਾ ਪ੍ਰਬੰਧ ਕਰੇ ਤਾਂ ਕਿ ਡਰੋਨਾਂ ਜਾਂ ਹੋਰਨਾਂ ਤਰੀਕਿਆਂ ਨਾਲ ਨਸ਼ਾ ਜਾਂ ਹਥਿਆਰ ਭਾਰਤ ਵਿਚ ਦਾਖ਼ਲ ਨਾ ਹੋ ਸਕਣ। ਉਨ੍ਹਾਂ ਨੇ ਆਖਿਆ ਕਿ ਪੰਜਾਬੀਆਂ ਨੂੰ ਕਿਸੇ ਕੋਲੋਂ ਦੇਸ਼ਭਗਤੀ ਦੇ ਸਰਟੀਫਿਕੇਟ ਦੀ ਲੋੜ ਨਹੀਂ ਕਿਉਂਕਿ ਸਰਹੱਦੀ ਖੇਤਰ ਦੇ ਲੋਕਾਂ ਵਿਚ ਦੇਸ਼ਭਗਤੀ ਦੀ ਭਾਵਨਾ ਹੋਰਨਾਂ ਨਾਲੋਂ ਵੱਧ ਹੈ।
ਪੰਜਾਬ ਨੇ ਆਪਣੇ ਪਿੰਡਾਂ ਤੇ ਪਹਿਲਾਂ 1947 ਫਿਰ 1965 ਤੇ ਫਿਰ 1971 ਦਾ ਸੰਤਾਪ ਹੰਢਾਇਆ ਹੈ। ਪਾਕਿਸਤਾਨ ਨਾਲ ਲੜਾਈ ਦਾ ਸਭ ਤੋਂ ਵੱਧ ਨੁਕਸਾਨ, ਪੰਜਾਬ ਨੂੰ ਹੀ ਹੁੰਦਾ ਹੈ। ਉਨ੍ਹਾਂ ਨੇ ਜੱਲਿ੍ਹਆਂਵਾਲਾ ਬਾਗ ਦੇ ਨਵੀਨੀਕਰਨ ਦੇ ਨਾਂ ਤੇ ਕੇਂਦਰ ਤੇ ਭਾਰਤ ਦੀ ਵਿਰਾਸਤ ਤੇ ਇਤਿਹਾਸ ਨਾਲ ਛੇੜਛਾੜ ਕਰਨ ਦੇ ਦੋਸ਼ ਲਾਏ ਅਤੇ ਕਿਹਾ ਕਿ ਕੇਂਦਰ, ਨਵੀਨੀਕਰਨ ਦੇ ਬਹਾਨੇ ਦੇਸ਼ ਦੇ ਇਤਿਹਾਸ ਨੂੰ ਨਸ਼ਟ ਕਰ ਰਿਹਾ ਹੈ।