ਚੰਡੀਗੜ੍ਹ – ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਥਾਂ ਹਰੀਸ਼ ਚੌਧਰੀ ਨੂੰ ਪੰਜਾਬ ਅਤੇ ਚੰਡੀਗੜ੍ਹ ਕਾਂਗਰਸ ਦਾ ਇੰਚਾਰਜ ਲਗਾ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਮਾਮਲਿਆਂ ਦਾ ਇੰਚਾਰਜ ਬਦਲਣ ਦਾ ਫ਼ੈਸਲਾ ਪਹਿਲਾਂ ਹੀ ਕਰ ਲਿਆ ਸੀ। ਯਾਦ ਰਹੇ ਕਿ ਹਰੀਸ਼ ਚੌਧਰੀ ਪਹਿਲਾਂ ਵੀ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਹਿ ਚੁੱਕੇ ਹਨ ਤੇ ਉਨ੍ਹਾਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਸਬੰਧ ਸੁਖਾਵੇਂ ਦੱਸੇ ਜਾਂਦੇ ਹਨ। ਇਹੀ ਨਹੀਂ ਹਰੀਸ਼ ਚੌਧਰੀ ਦੇ ਰਾਹੁਲ ਗਾਂਧੀ ਨਾਲ ਵੀ ਬਹੁਤ ਚੰਗੇ ਸਬੰਧ ਦੱਸੇ ਜਾਂਦੇ ਹਨ ਕਿਉਂਕਿ ਉਹ ਯੂਥ ਕਾਂਗਰਸ ਦੇ ਆਗੂ ਵਜੋਂ ਰਾਹੁਲ ਗਾਂਧੀ ਦੀ ਟੀਮ ਵਿਚ ਕੰਮ ਕਰ ਚੁੱਕੇ ਹਨ।ਪਿਛਲੇ ਮਹੀਨੇ ਕਾਂਗਰਸ ਵਿਧਾਇਕ ਦਲ ਦੀ ਹੋਣ ਵਾਲੀ ਮੀਟਿੰਗ ਵਿਚ ਪਾਰਟੀ ਹਾਈ ਕਮਾਂਡ ਵੱਲੋਂ ਭੇਜੇ ਗਏ ਪਾਰਟੀ ਦੇ ਸੀਨੀਅਰ ਆਗੂਆਂ ਅਜੈ ਮਾਕਨ, ਹਰੀਸ਼ ਰਾਵਤ ਦੇ ਨਾਲ ਹਰੀਸ਼ ਚੌਧਰੀ ਨੂੰ ਵੀ ਬਤੌਰ ਆਬਜ਼ਰਵਰ ਭੇਜਿਆ ਗਿਆ ਸੀ। ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪੈਦਾ ਹੋਏ ਕਲੇਸ਼ ਨੂੰ ਸਮੇਟਣ ਲਈ ਹਰੀਸ਼ ਚੌਧਰੀ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ। ਖਾਸ ਕਰਕੇ ਅਨੁਸੂਚਿਤ ਜਾਤੀ ਵਰਗ ਵਿਚੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਸੌਂਪ ਕੇ ਸੂਬੇ ਦੇ ਰਾਜਸੀ ਸਮੀਕਰਨ ਬਦਲਣ ਅਤੇ ਰਾਜਸੀ ਪਾਰਟੀਆਂ ਕੋਲੋਂ ਮੁੱਦਾ ਖੋਹਣ ਲਈ ਹਰੀਸ਼ ਚੌਧਰੀ ਦੀ ਅਹਿਮ ਭੂਮਿਕਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ‘ਚ ਪਏ ਕਾਟੋ ਕਲੇਸ਼ ਕਾਰਨ ਰਾਵਤ ਉੱਤਰਾਖੰਡ ਵੱਲੇ ਧਿਆਨ ਨਹੀਂ ਦੇ ਪਾ ਰਹੇ ਸਨ। ਉੱਤਰਾਖੰਡ ‘ਚ ਰਾਵਤ ਪਾਰਟੀ ਦਾ ਪ੍ਰਮੁੱਖ ਚਿਹਰਾ ਹਨ। ਅਜਿਹੇ ਵਿਚ ਉਨ੍ਹਾਂ ਜਨਤਕ ਰੂਪ ‘ਚ ਕਾਂਗਰਸ ਹਾਈ ਕਮਾਨ ਨੂੰ ਇੰਚਾਰਜ ਅਹੁਦੇ ਤੋਂ ਮੁਕਤੀ ਦੇਣ ਦੀ ਅਪੀਲ ਕੀਤੀ ਸੀ।