Punjab

ਮਨੀਸ਼ ਤਿਵਾੜੀ ਦਾ ਰਾਵਤ ਤੇ ਸਿੱਧੂ ‘ਤੇ ਨਿਸ਼ਾਨਾ, 40 ਸਾਲਾਂ ‘ਚ ਅਜਿਹੀ ਅਰਾਜਕਤਾ ਨਹੀਂ ਦੇਖੀ

ਚੰਡੀਗੜ੍ਹ – ਕਾਂਗਰਸ ‘ਚ ਚੱਲ ਰਹੇ ਕਾਟੋ-ਕਲੇਸ਼ ਵਿਚਾਲੇ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ਤੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਸਾਧਿਆ ਹੈ। ਮਨੀਸ਼ ਤਿਵਾੜੀ ਨੇ ਆਪਣੇ ਟਵਿੱਟਰ ‘ਤੇ ਲਿਖਿਆ ਕਿ 40 ਸਾਲਾਂ ‘ਚ ਮੈਂ ਅਜਿਹੀ ਅਰਾਜਕਤਾ ਕਦੇ ਨਹੀਂ ਦੇਖੀ। ਦੂਜੇ ਪਾਸੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨੇ ਵੀ ਟਵਿੱਟਰ ‘ਤੇ ਲਿਖਿਆ ਕਿ ਸਾਨੂੰ ਅਸਲ ਮੁੱਦਿਆਂ ‘ਤੇ ਵਾਪਸ ਆਉਣਾ ਚਾਹੀਦਾ ਹੈ। ਅਸੀਂ ਵਿੱਤੀ ਐਮਰਜੈਂਸੀ ਦਾ ਮੁਕਾਬਲਾ ਕਿਵੇਂ ਕਰਾਂਗੇ, ਜੋ ਕਿ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੈ।

ਦੋਵਾਂ ਨੇਤਾਵਾਂ ਦੇ ਟਵੀਟ ਨੂੰ ਕਾਂਗਰਸ ‘ਚ ਚੱਲ ਰਹੇ ਕਲੇਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਕਿਉਂਕਿ ਕਾਂਗਰਸ 2022 ਦੀਆਂ ਚੋਣਾਂ ਸਬੰਧੀ ਸਾਰਾ ਕਸੂਰ ਕੈਪਟਨ ਅਮਰਿੰਦਰ ਸਿੰਘ ਦਾ ਕੱਢਣ ‘ਚ ਲੱਗੀ ਹੋਈ ਹੈ। ਇਸੇ ਕ੍ਰਮ ‘ਚ ਡਿਪਟੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੈਪਟਨ ਦੀ ਮਹਿਲਾ ਦੋਸਤ ਅਰੂਸਾ ਆਲਮ ਬਾਰੇ ਕਾਫੀ ਟਿੱਪਣੀਆਂ ਕਰ ਰਹੇ ਹਨ।

ਉਧਰ, ਕੈਪਟਨ ਤੇ ਹਰੀਸ਼ ਰਾਵਤ ਟਵਿੱਟਰ ‘ਤੇ ਲਗਾਤਾਰ ਇਕ-ਦੂਜੇ ‘ਤੇ ਹਮਲੇ ਕਰ ਰਹੇ ਹਨ। ਕੈਪਟਨ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਮਨੀਸ਼ ਤਿਵਾੜੀ ਨੇ ਸਾਬਕਾ ਇੰਚਾਰਜ ਹਰੀਸ਼ ਰਾਵਤ ਤੇ ਨਵਜੋਤ ਸਿੰਘ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਮੈਂ 40 ਸਾਲਾਂ ‘ਚ ਕਾਂਗਰਸ ‘ਚ ਅਜਿਹੀ ਅਰਾਜਕਤਾ ਕਦੇ ਨਹੀਂ ਦੇਖੀ। ਪੰਜਾਬ ਕਾਂਗਰਸ ਪ੍ਰਧਾਨ ਤੇ ਉਨ੍ਹਾਂ ਦੇ ਸਹਿਯੋਗੀ ਹਾਈ ਕਮਾਨ ਦੀ ਖੁੱਲ੍ਹੀ ਹੁਕਮ-ਅਦੂਲੀ ਕਰ ਰਹੇ ਹਨ, ਬੱਚਿਆਂ ਵਾਂਗ ਇਕ-ਦੂਜੇ ਨਾਲ ਜਨਤਕ ਤੌਰ ‘ਤੇ ਝਗੜਾ ਕਰ ਰਹੇ ਹਨ। ਇਕ-ਦੂਜੇ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰ ਰਹੇ ਹਨ। ਕੀ ਅਸੀਂ ਸੋਚਦੇ ਹਾਂ ਕਿ ਪੰਜਾਬ ਦੇ ਲੋਕ ਇਸ ‘ਤਮਾਸ਼ੇ’ ਤੋਂ ਨਫ਼ਰਤ ਨਹੀਂ ਕਰਦੇ? ਬੇਅਦਬੀ, ਨਸ਼ਾ, ਬਿਜਲੀ ਤੇ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮੁੱਦੇ ਕਿੱਥੇ ਹਨ? ਇਨ੍ਹਾਂ ਮੁੱਦਿਆਂ ਨੰੂ ਲੈ ਕੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕਾਂਗਰਸ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਬਗ਼ਾਵਤ ਸ਼ੁਰੂ ਕੀਤੀ ਸੀ। ਇਸ ਬਗ਼ਾਵਤ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਪਰ ਮਨੀਸ਼ ਤਿਵਾੜੀ ਨੇ ਇਸ ਮੁੱਦੇ ਨੂੰ ਮੁੜ ਤੋਂ ਉਠਾ ਕੇ ਦੱਸਿਆ ਹੈ ਕਿ ਇਹ ਮੁੱਦੇ ਹੁਣ ਵੀ ਉੱਥੇ ਖੜਵੇ ਹਨ। ਦੂਜੇ ਪਾਸੇ, 13 ਸੂਤਰੀ ਏਜੰਡੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਫ਼ਸਲੀ ਵਿਭਿੰਨਤਾ ਜ਼ਰੀਏ ਅੰਬਾਨੀ ਨੂੰ ਪੰਜਾਬ ‘ਚ ਐਂਟਰੀ ਦਿਵਾਉਣ ਬਾਰੇ ਆਲੋਚਨਾ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਕਿ ਹੁਣ ਸਾਨੂੰ ਅਸਲ ਮੁੱਦਿਆਂ ‘ਤੇ ਵਾਪਸ ਆਉਣਾ ਚਾਹੀਦਾ ਹੈ ਕਿਉਂਕਿ ਕਾਂਗਰਸ ਦੇ ਮੰਤਰੀ ਪਿਛਲੇ ਦੋ ਦਿਨਾਂ ਤੋਂ ਕੈਪਟਨ ਦੀ ਮਹਿਲਾ ਦੋਸਤ ਆਰੂਸਾ ਆਲਮ ਬਾਰੇ ਲਗਾਤਾਰ ਹਮਲੇ ਕਰ ਰਹੇ ਹਨ। ਸਿੱਧੂ ਨੇ ਲਿਖਿਆ ਕਿ ਅਸੀਂ ਵਿੱਤੀ ਐਮਰਜੈਂਸੀ ਦਾ ਮੁਕਾਬਲਾ ਕਿਵੇਂ ਕਰਾਂਗੇ, ਜੋ ਸਾਡੇ ਲਈ ਵੱਡੀ ਚੁਣੌਤੀ ਹੈ। ਮੈਂ ਅਸਲੀ ਮੁੱਦਿਆਂ ‘ਤੇ ਡਟਿਆ ਰਹਾਂਗਾ। ਮਤਲਬੀ ਲੋਕਾਂ ਨੂੰ ਦੂਰ ਕਰੋ ਤੇ ਸਿਰਫ ਉਸ ਰਸਤੇ ‘ਤੇ ਧਿਆਨ ਦਿਓ ਜੋ ਪੰਜਾਬ ਨੂੰ ਜਿੱਤ ਵੱਲ ਲੈ ਜਾਣ। ਸੂਬੇ ਦੇ ਸਾਧਨਾਂ ਨੂੰ ਨਿੱਜੀ ਜੇਬਾਂ ‘ਚ ਜਾਣ ਤੋਂ ਕੌਣ ਰੋਕੇਗਾ? ਸਿੱਧੂ ਵੱਲੋਂ ਵਿੱਤੀ ਐਮਰਜੈਂਸੀ ਦਾ ਮੁੱਦਾ ਚੁੱਕੇ ਜਾਣ ਨੂੰ ਸਰਕਾਰ ਵੱਲੋਂ ਮੁਫ਼ਤ ‘ਚ ਚੀਜ਼ਾਂ ਦੇਣ ਨਾਲ ਜੋੜ ਦੇਖਿਆ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਕਾਇਆ ਬਿਜਲੀ ਬਿੱਲ ਮਾਫ਼ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਸਰਕਾਰ 1200 ਕਰੋੜ ਰੁਪਏ ਦਾ ਵਿੱਤੀ ਬੋਝ ਚੁੱਕੇਗੀ। ਸਿੱਧੂ ਸ਼ੁਰੂ ਤੋਂ ਹੀ ਸਸਤੀ ਬਿਜਲੀ ਦਾ ਮੁੱਦਾ ਉਠਾ ਰਹੇ ਹਨ ਜਦੋਂਕਿ ਉਨ੍ਹਾਂ ਦੇ ਮੁੱਖ ਮੰਤਰੀ ਨਾਲ ਸਬੰਧ ਚੰਗੇ ਨਹੀਂ ਹਨ।

Related posts

“ਯੁੱਧ ਨਸ਼ਿਆਂ ਵਿਰੁੱਧ” ਦੇ 128ਵੇਂ ਦਿਨ 110 ਨਸ਼ਾ ਤਸਕਰ ਗ੍ਰਿਫ਼ਤਾਰ !

admin

ਨਹਿਰਾਂ/ਦਰਿਆਵਾਂ ’ਚ ਨਹਾਉਣ ’ਤੇ 3 ਸਤੰਬਰ ਤੱਕ ਦੀ ਪਾਬੰਦੀ !

admin

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin