Punjab

ਇੰਡਸਟਰੀ ਨੂੰ ਸੀਐੱਮ ਚੰਨੀ ਵੱਲੋਂ ਦੀਵਾਲੀ ’ਤੇ ਤੋਹਫਿਆਂ ਦੇ ‘ਗੱਫੇ’

ਜਗਰਾਓਂ – ਪੰਜਾਬ ਦੀ ਸਹਿਕ ਰਹੀ ਇੰਡਸਟਰੀ ਨੂੰ ਪੈਰਾਂ ’ਤੇ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦੀਵਾਲੀ ’ਤੇ ਤੋਹਫਿਆਂ ਦੇ ‘ਗੱਫੇ’ ਦਿੰਦਿਆਂ ਵਾਹ-ਵਾਹ ਲੁੱਟੀ। ਮੁੱਲਾਂਪੁਰ ਦੇ ਕਿੰਗਸ ਵਿਲਾ ਰਿਜ਼ੋਰਟ ’ਚ ਕਰਵਾਏ ਗਏ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਅੱਜ ਦੂਜੇ ਦਿਨ ਮੁੱਖ ਮੰਤਰੀ ਨੇ ਪੁਰਾਣੀ ਇੰਡਸਟਰੀ ਤੇ ਨਵੀਂ ਇੰਡਸਟਰੀ ਲਈ ਰਿਆਇਤਾਂ ਦੀ ਝੜੀ ਲਾਉਂਦਿਆਂ ਦਾਅਵਾ ਕੀਤਾ ਕਿ ਅਗਲੇ 5 ਸਾਲਾਂ ਵਿਚ ਪੰਜਾਬ ’ਚ ਨਵੀਂ ਇੰਡਸਟਰੀ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਸੰਮੇਲਨ ’ਚ ਪੰਜਾਬ ਸਰਕਾਰ ਦੇ ਸੱਦੇ ’ਤੇ ਦੇਸ਼ ਭਰ ਦੇ 500 ਉਦਯੋਗਪਤੀਆਂ ਨੇ ਸ਼ਿਰਕਤ ਕੀਤੀ।ਇਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੰਡਸਟਰਲਿਸਟ ਭਵਿੱਖ ਹਨ ਤੇ ਇਨ੍ਹਾਂ ਦੇ ਭਵਿੱਖ ਨਾਲ ਅੱਜ ਪੰਜਾਬ ਦਾ ਭਵਿੱਖ ਜੁੜਿਆ ਹੋਇਆ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਸੀ, ਜਿਸ ਦੇ ਕਿਸਾਨ ਨੇ ਦੇਸ਼ ਭਰ ਦਾ ਢਿੱਡ ਭਰਦਿਆਂ ਅੰਨਦਾਤਾ ਦਾ ਖਿਤਾਬ ਹਾਸਲ ਕੀਤਾ ਪਰ ਅੱਜ ਖੇਤੀ ਵਿਚ ਹੋਰ ਅੱਗੇ ਵੱਧਣ ਦੇ ਰਸਤੇ ਨਜ਼ਰ ਨਹੀਂ ਆ ਰਹੇ। ਅਜਿਹੇ ਵਿਚ ਇੰਡਸਟਰੀ ਨੂੰ ਪ੍ਰਫੁਲਤ ਕਰਨਾ ਸਮੇਂ ਦੀ ਲੋੜ ਹੈ ਪਰ ਇਸ ਤੋਂ ਪਹਿਲਾਂ ਪੁਰਾਣੀ ਇੰਡਸਟਰੀ ਨੂੰ ਪੈਰਾਂ ’ਤੇ ਖੜ੍ਹਾ ਕਰਨਾ ਉਸ ਤੋਂ ਵੀ ਵੱਡੀ ਲੋੜ ਹੈ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਇੰਡਸਟਰੀ ਨੂੰ ਪ੍ਰਫੁਲਤ ਕਰਨ ਦੀ ਲੋੜ ਹੈ ਜਿਸ ਨੂੰ ਪੂਰੀ ਤਰ੍ਹਾਂ ਸਮਝਦਿਆਂ ਪੰਜਾਬ ਸਰਕਾਰ ਦਾ ਪੂਰਾ ਧਿਆਨ ਇੰਡਸਟਰੀ ’ਤੇ ਹੈ। ਨਵੀਂ ਇੰਡਸਟਰੀ ਤੋਂ ਪਹਿਲਾਂ ਪੁਰਾਣੀ ਇੰਡਸਟਰੀ ਨੂੰ ਤਕੜਾ ਕਰਨ ਨਾਲ ਨਵੀਂ ਇੰਡਸਟਰੀ ਵੀ ਪੰਜਾਬ ਵੱਲ ਨੂੰ ਭੱਜੀ ਆਵੇਗੀ। ਉਨ੍ਹਾਂ ਇਸ ਮੌਕੇ ਵਿਦੇਸ਼ ਭੱਜ ਰਹੀ ਨੌਜਵਾਨੀ ’ਤੇ ਕਿਹਾ ਕਿ ਜਦੋਂ ਕਿਸੇ ਨੂੰ ਆਪਣੇ ਘਰ, ਪਿੰਡ, ਸ਼ਹਿਰ, ਸੂਬੇ ਤੇ ਦੇਸ਼ ’ਚ ਭਵਿੱਖ ਨਜ਼ਰ ਨਹੀਂ ਆਵੇਗਾ ਤਾਂ ਉਸ ਦਾ ਬਾਹਰ ਭੱਜਣਾ ਜਾਇਜ਼ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਜਿਸ ਦੇ ਲਈ ਸਰਕਾਰ ਨੇ ਇੰਡਸਟਰੀ ਦੇ ਦੁੱਖ, ਦਰਦ, ਮੰਗਾਂ ਨੂੰ ਪਿਛਲੇ ਕੁਝ ਦਿਨਾਂ ’ਚ ਚੰਗੀ ਤਰ੍ਹਾਂ ਜਾਣ ਲਿਆ ਹੈ। ਇਸ ਤੋਂ ਬਾਅਦ ਅੱਜ ਇਸ ਸੰਮੇਲਨ ਰਾਹੀਂ ਉਹ ਐਲਾਨ ਕਰਦੇ ਹਨ ਕਿ ਸਾਲ 2014 ਤੋਂ ਪੰਜਾਬ ਦੀ ਇੰਡਸਟਰੀ ਦੇ 48 ਹਜ਼ਾਰ ਕੇਸਾਂ ’ਚੋਂ 40 ਹਜ਼ਾਰ ਕੇਸ ਖਤਮ ਕਰ ਰਹੇ ਹਨ। ਬਾਕੀ ਦੇ 8 ਹਜ਼ਾਰ ਕੇਸ ਜਿਨ੍ਹਾਂ ’ਚ ਰਕਮ ਬਹੁਤ ਜਿਆਦਾ ਹੈ ਉਹ ਉਸ ਰਕਮ ਦਾ ਸਿਰਫ 30 ਫ਼ੀਸਦੀ ਉਹ ਵੀ ਦੋ ਸਾਲਾਂ ਵਿਚ ਅਦਾ ਕਰਨ। ਇਹੀ ਨਹੀਂ ਹੁਣ ਕਿਸੇ ਵੀ ਵਪਾਰੀ ਨੂੰ ਵੈਟ ਦੇ ਕਿਸੇ ਵੀ ਮਾਮਲੇ ਵਿਚ ਪੇਸ਼ੀ ਲਈ ਦਫ਼ਤਰ ਨਹੀਂ ਜਾਣਾ ਪਵੇਗਾ, ਅੱਜ ਤੋਂ ਇਹ ਫੇਸਲੈਸ ਹੋਵੇਗੀ । ਅਜਿਹਾ ਹੋਣ ਨਾਲ ਇਹ ਵਿਭਾਗ ਵੀ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਮੁਕਤ ਹੋ ਜਾਵੇਗਾ। ਉਨ੍ਹਾਂ ਮੀਡੀਅਮ ਇੰਡਸਟਰੀ ਜਿਸ ਦੇ ਬਿਜਲੀ ਦੇ ਬਿੱਲ ਜ਼ਿਆਦਾ ਆਉਂਦੇ ਹਨ, ਲਈ ਵੀ ਆਪਣੇ ਰਿਆਇਤਾਂ ਦੇ ਪਟਾਰੇ ’ਚੋਂ 50 ਫੀਸਦੀ ਫਿਕਸ ਚਾਰਜਿਸ ਖਤਮ ਕਰਨ। ਇਸ ਦੇ ਨਾਲ ਹੀ ਇੰਸਟੀਚਿਊਸ਼ਨਲ ਟੈਕਸ ਬੰਦ ਕਰਨ, ਸੇਲ ਟੈਕਸ ਮਹਿਕਮੇ ਦੀਆਂ 14 ਮੋਬਾਈਲ ਸਕੈਡ ਟੀਮਾਂ ’ਚੋਂ 10 ਟੀਮਾਂ ਬੰਦ ਕਰਕੇ ਸਿਰਫ 4 ਟੀਮਾਂ ਚਲਾਉਣ ਦਾ ਐਲਾਨ ਕੀਤਾ। ਉਨ੍ਹਾਂ ਹਲਵਾਰਾ ਏਅਰਪੋਰਟ ਦਾ 15 ਨਵੰਬਰ ਤਕ ਨੀਂਹ ਪੱਥਰ ਰੱਖਣ ਤੇ 8 ਮਹੀਨਿਆਂ ਵਿਚ ਇਸ ਦਾ ਨਿਰਮਾਣ ਮੁਕੰਮਲ ਕਰਨ ਦਾ ਵੀ ਅਹਿਮ ਐਲਾਨ ਕੀਤਾ। ਇਸ ਮੌਕੇ ਉਪ ਮੁੱਖ ਮੰਤਰੀ ਓਪੀ ਸੋਨੀ, ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਕੈਬਨਿਟ ਮੰਤਰੀ ਰਾਜਾ ਸਿੰਘ ਵੜਿੰਗ, ਐੱਮਪੀ ਡਾ. ਅਮਰ ਸਿੰਘ ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਰਾਕੇਸ਼ ਪਾਂਡੇ, ਵਿਧਾਇਕ ਸੰਜੇ ਤਲਵਾੜ, ਵਿਧਾਇਕ ਲਖਵੀਰ ਸਿੰਘ ਲੱਖਾ, ਸੁਰਿੰਦਰ ਡਾਬਰ, ਅਮਰੀਕ ਸਿੰਘ ਢਿੱਲੋਂ, ਚੀਫ ਸਕੱਤਰ ਅਨੁਰਤ ਤਿਵਾੜੀ ਆਦਿ ਹਾਜ਼ਰ ਸਨ।

Related posts

“ਯੁੱਧ ਨਸ਼ਿਆਂ ਵਿਰੁੱਧ” ਦੇ 128ਵੇਂ ਦਿਨ 110 ਨਸ਼ਾ ਤਸਕਰ ਗ੍ਰਿਫ਼ਤਾਰ !

admin

ਨਹਿਰਾਂ/ਦਰਿਆਵਾਂ ’ਚ ਨਹਾਉਣ ’ਤੇ 3 ਸਤੰਬਰ ਤੱਕ ਦੀ ਪਾਬੰਦੀ !

admin

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin