International

ਟੀਕੇ ਦੀਆਂ ਦੋਵੇਂ ਡੋਜ਼ ਲੈਣ ਵਾਲੇ ਵੀ ਫੈਲਾਅ ਸਕਦੇ ਹਨ ਇਨਫੈਕਸ਼ਨ

ਲੰਡਨ – ਜੇਕਰ ਤੁਸੀਂ ਕੋਰੋਨਾ ਰੋਕੂ ਟੀਕਾ ਲਗਵਾ ਲਿਆ ਹੈ ਤਾਂ ਵੀ ਲਾਪਰਵਾਹ ਹੋਣ ਦੀ ਲੋਡ਼ ਨਹੀਂ ਹੈ, ਖ਼ਾਸ ਕਰਕੇ ਉਦੋਂ ਜਦੋਂ ਤੁਸੀਂ ਦਫ਼ਤਰ, ਕੰਮ ਵਾਲੀ ਥਾਂ ਜਾਂ ਕਿਸੇ ਬੰਦ ਜਗ੍ਹਾ ’ਤੇ ਕਈ ਲੋਕਾਂ ਨਾਲ ਜ਼ਿਆਦਾ ਸਮੇਂ ਤਕ ਰਹਿੰਦੇ ਹੋ। ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਸਕਦਾ ਹੈ ਅਤੇ ਉਨ੍ਹਾਂ ਜ਼ਰੀਏ ਦੂਜਿਆਂ ਨੂੰ ਵੀ ਇਨਫੈਕਟਿਡ ਕਰ ਸਕਦਾ ਹੈ।ਮੈਡੀਕਲ ਖੇਤਰ ਨਾਲ ਜੁਡ਼ੀ ਪੱਤ੍ਰਿਕਾ ਲੈਂਸੇਟ ਵਿਚ ਪ੍ਰਕਾਸ਼ਿਤ ਨਵੇਂ ਅਧਿਐਨ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ, ਅਧਿਐਨ ਮੁਤਾਬਕ, ਵੈਕਸੀਨ ਨਾ ਲੈਣ ਵਾਲਿਆਂ ਦੇ ਮੁਕਾਬਲੇ ਵਿਚ ਟੀਕਾਕਰਨ ਵਾਲੇ ਲੋਕਾਂ ਨਾਲ ਇਨਫੈਕਸ਼ਨ ਫੈਲਣ ਦੀ ਦਰ ਘੱਟ ਰਹਿੰਦੀ ਹੈ ਅਤੇ ਉਨ੍ਹਾਂ ਦੀ ਬਿਮਾਰੀ ਗੰਭੀਰ ਵੀ ਨਹੀਂ ਹੁੰਦੀ।ਇਸ ਅਧਿਐਨ ਦੇ ਨਤੀਜਿਆਂ ਨਾਲ ਉਨ੍ਹਾਂ ਸਵਾਲਾਂ ਦੇ ਜਵਾਬ ਵੀ ਮਿਲ ਰਹੇ ਹਨ, ਜਿਹਡ਼ੇ ਟੀਕਾ ਲਗਵਾਉਣ ਅਤੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਦੇ ਇਨਫੈਕਟਿਡ ਹੋਣ ’ਤੇ ਉੱਠ ਰਹੇ ਹਨ। ਬ੍ਰਿਟੇਨ ਦੇ ਇੰਪੀਰੀਅਲ ਕਾਲਜ ਲੰਡਨ ਵੱਲੋਂ ਕਰਵਾਏ ਗਏ ਅਧਿਐਨ ਮੁਤਾਬਕ ਟੀਕਾ ਲਗਵਾਉਣ ਵਾਲੇ ਅਤੇ ਟੀਕਾ ਨਾ ਲਗਵਾਉਣ ਵਾਲਿਆਂ ਵਿਚ ਇਨਫੈਕਸ਼ਨ ਦੇ ਸਮੇਂ ਵਾਇਰਸ ਦੀ ਮਾਤਰਾ ਲਗਪਗ ਬਰਾਬਰ ਹੁੰਦੀ ਹੈ। ਪਰ ਟੀਕਾ ਲੈਣ ਵਾਲੇ ਵਿਅਕਤੀ ਵਿਚ ਇਨਫੈਕਸ਼ਨ ਤੇਜ਼ੀ ਨਾਲ ਘੱਟ ਹੁੰਦਾ ਹੈ ਅਤੇ ਉਹ ਛੇਤੀ ਠੀਕ ਹੋ ਜਾਂਦਾ ਹੈ। ਇਸ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਕਿੰਨਾ ਅਹਿਮ ਹੈ। ਅਧਿਐਨ ਕਰਨ ਵਾਲੀ ਟੀਮ ਦੇ ਇੰਚਾਰਜ ਅਤੇ ਇੰਪੀਰੀਅਲ ਕਾਲਜ ਲੰਡਨ ਦੇ ਪ੍ਰੋਫੈਸਰ ਅਜੀਤ ਲਾਲਵਾਨੀ ਕਹਿੰਦੇ ਹਨ, ‘ਮਹਾਮਾਰੀ ਦੀ ਰੋਕਥਾਮ ਲਈ ਵੈਕਸੀਨ ਬਹੁਤ ਮਹੱਤਵਪੂਰਨ ਹੈ। ਜਿਵੇਂ ਅਸੀਂ ਜਾਣਦੇ ਹਾਂ ਕਿ ਵੈਕਸੀਨ ਕੋਰੋਨਾ ਇਨਫੈਕਸ਼ਨ ਕਾਰਨ ਗੰਭੀਰ ਬਿਮਾਰੀ ਅਤੇ ਮੌਤਾਂ ਨੂੰ ਰੋਕਦੀ ਹੈ।’ ਹਾਲਾਂਕਿ, ਲਾਲਵਾਨੀ ਨੇ ਇਹ ਵੀ ਕਿਹਾ ਕਿ ਅਧਿਐਨ ਵਿਚ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਕੋਰੋਨਾ ਤੋਂ ਸੁਰੱਖਿਆ ਲਈ ਸਿਰਫ਼ ਵੈਕਸੀਨ ਹੀ ਲੋਡ਼ੀਂਦੀ ਨਹੀਂ ਹੈ। ਇਹ ਜ਼ਰੂਰੀ ਹੈ ਕਿ ਹਾਲੇ ਤਕ ਜਿਨ੍ਹਾਂ ਲੋਕਾਂ ਨੂੰ ਟੀਕਾ ਨਹੀਂ ਲੱਗਾ ਹੈ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਟੀਕਾ ਲਾਇਆ ਜਾਵੇ ਤਾਂ ਕਿ ਉਨ੍ਹਾਂ ਨੂੰ ਇਨਫੈਕਟਿਡ ਹੋਣ ਤੋਂ ਬਚਾਇਆ ਜਾ ਸਕੇ। ਜ਼ਿਆਦਾ ਤੋਂ ਜ਼ਿਆਦਾ ਟੀਕਾਕਰਨ ਨਾਲ ਇਨਫੈਕਸ਼ਨ ਦੇ ਫੈਲਣ ਦੀ ਦਰ ਘੱਟ ਹੋਵੇਗੀ ਅਤੇ ਉਸ ਦੀ ਰਫ਼ਤਾਰ ਵੀ ਹੌਲੀ ਪਵੇਗੀ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin