ਵਾਸ਼ਿੰਗਟਨ – ਕੋਵਿਡ-19 ਮਹਾਮਾਰੀ ਕਾਰਨ ਦੁਨੀਆ ਭਰ ’ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਸੋਮਵਾਰ ਨੂੰ 50 ਲੱਖ ਪਾਰ ਕਰ ਗਈ। ਦੋ ਸਾਲ ਤੋਂ ਵੀ ਘੱਟ ਸਮੇਂ ਅੰਦਰ ਇਸ ਮਹਾਮਾਰੀ ਨੇ ਗ਼ਰੀਬ ਹੀ ਨਹੀਂ, ਬਲਕਿ ਸੰਪੰਨ ਦੇਸ਼ਾਂ ਨੂੰ ਵੀ ਵੱਡਾ ਝਟਕਾ ਦਿੱਤਾ ਹੈ। ਅਮਰੀਕਾ, ਯੂਰਪੀ ਸੰਘ, ਬ੍ਰਿਟੇਨ ਤੇ ਬ੍ਰਾਜ਼ੀਲ ਉੱਚ ਆਮਦਨ ਵਾਲੇ ਦੇਸ਼ ਹਨ ਤੇ ਇਨ੍ਹਾਂ ’ਚ ਦੁਨੀਆ ਦੀ ਆਬਾਦੀ ਦਾ ਅੱਠਵਾਂ ਹਿੱਸਾ ਰਹਿੰਦਾ ਹੈ। ਪਰ ਕੋਵਿਡ ਨਾਲ ਹੋਣ ਵਾਲੀਆਂ ਕੁਲ ਮੌਤਾਂ ’ਚੋਂ ਅੱਧੀਆਂ ਇਨ੍ਹਾਂ ਦੇਸ਼ਾਂ ’ਚ ਹੋਈਆਂ ਹਨ। ਅਮਰੀਕਾ ’ਚ ਸਭ ਤੋਂ ਵਧ ਕਰੀਬ 7.40 ਲੱਖ ਲੋਕਾਂ ਨੇ ਜਾਨ ਗੁਆਈ ਹੈ। ਮ੍ਰਿਤਕਾਂ ਦੇ ਅੰਕਡ਼ੇ ਜੌਨ ਹਾਪਕਿੰਸ ਯੂਨੀਵਰਸਿਟੀ ਨੇ ਇਕੱਠੇ ਕੀਤੇ ਹਨ। ਪੀਸ ਰਿਸਰਚ ਇੰਸਟੀਚਿਊਟ ਓਸਲੋ ਮੁਤਾਬਕ, ਸਾਲ 1950 ਤੋਂ ਲੈ ਕੇ ਹੁਣ ਤਕ ਹੋਈ ਜੰਗ ’ਚ ਕਰੀਬ ਇੰਨੇ ਹੀ ਲੋਕਾਂ ਦੀ ਮੌਤ ਹੋਈ ਹੈ, ਜਿੰਨੇ ਇਸ ਮਹਾਮਾਰੀ ਨਾਲ ਮਰੇ ਹਨ। ਇਹ ਹਾਰਟ ਅਟੈਕ ਤੇ ਬ੍ਰੇਨ ਹੈਮਰੇਜ ਤੋਂ ਬਾਅਦ ਮੌਤ ਦੀ ਤੀਜੀ ਵੱਡੀ ਵਜ੍ਹਾ ਹੈ। ਰਾਜਧਾਨੀ ਬੀਜਿੰਗ ’ਚ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਦੇਸ਼ ਦੇ ਦੂਜੇ ਹਿੱਸਿਆਂ ’ਚ ਘੁੰਮਣ ਗਏ ਲੋਕਾਂ ਨੂੰ ਫਿਲਹਾਲ ਉੱਥੇ ਹੀ ਰੁਕਣ ਲਈ ਕਿਹਾ ਹੈ। ਜੋ ਲੋਕ ਸੰਵੇਦਨਸ਼ੀਲ ਇਲਾਕਿਆਂ ਤੋਂ ਘੁੰਮ ਕੇ ਪਰਤ ਰਹੇ ਹਨ, ਉਨ੍ਹਾਂ ਤੋਂ ਯਾਤਰਾ ਦਾ ਵਿਸਥਾਰਤ ਵੇਰਵਾ ਮੰਗਿਆ ਗਿਆ ਹੈ ਤੇ ਕੁਆਰੰਟਾਈਨ ਦੀ ਹਦਾਇਤ ਦਿੱਤੀ ਗਈ ਹੈ। ਸ਼ੰਘਾਈ ਦੇ ਡਿਜ਼ਨੀਲੈਂਡ ਪਾਰਕ ’ਚ ਕੋਰੋਨਾ ਦਾ ਸਿਰਫ਼ ਇਕ ਮਾਮਲਾ ਪਾਏ ਜਾਣ ਤੋਂ ਬਾਅਦ ਪੂਰੇ ਇਲਾਕੇ ’ਚ ਲਾਕਡਾਊਨ ਲਗਾ ਦਿੱਤਾ ਗਿਆ।ਏਐੱਨਆਈ ਨੇ ਸਮਾ ਟੀਵੀ ਦੇ ਹਵਾਲੇ ਨਾਲ ਦੱਸਿਆ, ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਿਹਤ ਮਾਮਲਿਆਂ ਦੇ ਵਿਸ਼ੇਸ਼ ਸਲਾਹਕਾਰ ਡਾ. ਫੈਜ਼ਲ ਸੁਲਤਾਨ ਨੇ ਕਿਹਾ ਕਿ ਲੱਖਾਂ ਲੋਕਾਂ ਦਾ ਟੀਕਾਕਰਨ ਹਾਲੇ ਵੀ ਬਾਕੀ ਹੈ। ਜੇਕਰ ਟੀਕਾਕਰਨ ਦੀ ਰਫ਼ਤਾਰ ਨਹੀਂ ਵਧਾਈ ਗਈ ਤਾਂ ਪਾਕਿਸਤਾਨ ’ਚ ਕੋਰੋਨਾ ਦੀ ਪੰਜਵੀਂ ਲਹਿਰ ਵੀ ਆ ਸਕਦੀ ਹੈ।