ਨਵੀਂ ਦਿੱਲੀ – ਖਾਲਿਸਤਾਨੀ ਸੰਗਠਨਾਂ ‘ਤੇ ਨਕੇਲ ਕੱਸਣ ਲਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਇਕ ਟੀਮ ਕੈਨੇਡਾ ਪਹੁੰਚ ਗਈ ਹੈ। ਇਹ ਟੀਮ ਸਿੱਖ ਫਾਰ ਜਸਿਟਸ (SFJ) ਕੇਸ ਦੀ ਜਾਂਚ ਲਈ ਕੈਨੇਡਾ ਪਹੁੰਚੀ ਹੈ। ਜਾਣਕਾਰੀ ਮੁਤਾਬਕ NIA ਦੀ 3 ਮੈਂਬਰੀ ਟੀਮ ਕੈਨੇਡਾ ‘ਚ 4 ਦਿਨਾ ਦੌਰੇ ‘ਤੇ ਹੈ। IG ਲੈਵਲ ਦੇ ਅਧਿਕਾਰੀ ਦੀ ਅਗਵਾਈ ‘ਚ ਟੀਮ ਕੈਨੇਡਾ ਗਈ ਹੈ। ਦੱਸ ਦੇਈਏ ਕਿ SFJ ਸਮੇਤ ਦੂਸਰੇ ਖ਼ਾਲਿਸਤਾਨੀ ਸੰਗਠਨ ਤੇ ਉਨ੍ਹਾਂ ਨਾਲ ਜੁੜੀਆਂ NGO ਦੀ ਫਡਿੰਗ NIA ਦੀ ਰਡਾਰ ‘ਤੇ ਹੈ। NIA ਨੇ ਖ਼ਾਲਿਸਤਾਨੀ ਸੰਗਠਨ ਤੇ ਇਨ੍ਹਾਂ ਵੱਲੋਂ ਚਲਾਏ ਜਾਣ ਵਾਲੇ, ਜਾਂ ਫੰਡਿੰਗ ਪ੍ਰਾਪਤ ਕਰਨ ਵਾਲੇ NGO ਦੀ ਲਿਸਟ ਤਿਆਰ ਕੀਤੀ ਹੈ। ਹੁਣ ਇਨ੍ਹਾਂ ਦੀ ਜਾਂਚ ਲਈ ਟੀਮ ਕੈਨੇਡਾ ਗਈ ਹੈ।
ਖ਼ਾਲਿਸਤਾਨੀ ਸੰਗਠਨਾਂ ਦੇ ਵਿਦੇਸ਼ ਵਿਚ ਇਨ੍ਹਾਂ ਤਾਕਤਾਂ ਨਾਲ ਸੰਬੰਧ ਹਨ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਿੱਖ ਫਾਰ ਜਸਟਿਸ, ਬੱਬਰ ਖਾਲਸਾ ਇੰਟਰਨੈਸ਼ਨਲ, ਖ਼ਾਲਿਸਤਾਨ ਜ਼ਿੰਦਾਬਾਦ ਫੋਰਸ, ਖ਼ਾਲਿਸਤਾਨ ਟਾਈਗਰ ਫੋਰਸ ‘ਤੇ NIA ਦੀਆਂ ਨਜ਼ਰਾਂ ਹਨ, ਇਨ੍ਹਾਂ ‘ਤੇ ਸ਼ਿਕੰਜਾ ਕੱਸ ਕੇ ਇਨ੍ਹਾਂ ਨਾਲ ਜੁੜੀ ਵਿਦੇਸ਼ੀ ਫੰਡਿੰਗ ਨੂੰ ਖੰਗਾਲਿਆ ਜਾਵੇਗਾ। ਇਸ ਕੇਸ ਵਿਚ ਕੈਨੇਡਾ, UK, USA, ਆਸਟ੍ਰੇਲੀਆ, ਫਰਾਂਸ ਤੇ ਜਰਮਨੀ ਤੋਂ ਹੋਣ ਵਾਲੀ ਵਿਦੇਸ਼ੀ ਫੰਡਿੰਗ ਨੂੰ ਵੀ ਖੰਗਾਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਐੱਨਆਈਏ ਨੇ 15 ਦਸੰਬਰ 2020 ਨੂੰ ਆਈਪੀਸੀ ਦੀਆਂ ਕਈ ਧਾਰਾਵਾਂ ਸਮੇਤ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਤਹਿਤ ਇਕ ਮਾਮਲਾ ਦਰਜ ਕੀਤਾ ਸੀ। ਇਸ ਵਿਚ ਕਿਹਾ ਗਿਆ ਸੀ ਕਿ ਅਮਰੀਕਾ, ਬ੍ਰਿਟੇਨ, ਕੈਨੇਡਾ, ਜਰਮਨੀ ਤੇ ਹੋਰ ਦੇਸ਼ਾਂ ਵਿਚ ਜ਼ਮੀਨੀ ਪੱਧਰ ‘ਤੇ ਖ਼ਾਲਿਸਤਾਨੀ ਅਭਿਆਨ ਤੇਜ ਕਰਨ ਤੇ ਪ੍ਰਚਾਰ ਲਈ ਵੱਡੀ ਮਾਤਰਾ ‘ਚ ਧਨ ਇਕੱਤਰ ਕੀਤਾ ਜਾ ਰਿਹਾ ਹੈ।
