ਬਠਿੰਡਾ – ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਤੋਂ ਬਾਅਦ ਹੁਣ ਰਾਮਪੁਰਾ ਫੂਲ ਹਲਕੇ ਦੇ ਵਿਧਾਇਕ ਤੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਲਾਹ ਦਿੱਤੀ ਹੈ ਕਿ ਉਹ ਕਾਂਗਰਸ ਨੂੰ ਕਮਜ਼ੋਰ ਕਰਨ ਲਈ ਕੁਝ ਸਮਾਂ ਪਹਿਲਾਂ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਤੋਂ ਬਚ ਕੇ ਰਹਿਣ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਵਿਚ ਪਾਰਟੀ ਅੰਦਰ ਵੱਡੀ ਗੜਬੜ ਹੋ ਚੁੱਕੀ ਹੈ, ਜੇਕਰ ਮੁੱਖ ਮੰਤਰੀ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ।ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਲਏ ਬਿਨਾਂ ਕਿਹਾ ਕਿ ਕਈ ਪਾਰਟੀਆਂ ਛੱਡ ਕੇ ਕਾਂਗਰਸ ਵਿਚ ਆਏ ਸ਼ਾਇਰੋ ਸ਼ਾਇਰੀ ਵਾਲੇ ਨਵੇਂ ਪ੍ਰਹੁਣੇ ਟਕਸਾਲੀ ਕਾਂਗਰਸੀਆਂ ਦੇ ਸਿਰ ’ਤੇ ਬੈਠਾ ਦਿੱਤੇ ਹਨ ਜਿਸ ਕਾਰਨ ਉਨ੍ਹਾਂ ਨੂੰ ਵੱਡਾ ਦੁੱਖ ਲੱਗਾ ਹੈ। ਕਾਂਗੜ ਨੇ ਕਿਹਾ ਕਿ ਪਾਰਟੀ ਨੇ ਗੰਦ ਦਾ ਢੇਰ ਲਗਾ ਦਿੱਤਾ, ਪਰ ਉਹ ਖਰ੍ਹੇ ਸੋਨੇ ਵਾਂਗ ਇਸ ਵਿੱਚੋਂ ਨਿਖਰ ਕੇ ਬਾਹਰ ਆਉਣਗੇ। ਉਨ੍ਹਾਂ ਕਿਹਾ ਕਿ ਇਕ ਯੋਜਨਾ ਤਹਿਤ ਕਾਂਗਰਸ ਪਾਰਟੀ ਨੂੰ ਤੋੜਨ ਲਈ ਇਸ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਤੋਂ ਮੁੱਖ ਮੰਤਰੀ ਨੂੰ ਸੁਚੇਤ ਹੋਣਾ ਚਾਹੀਦਾ ਹੈ। ਅਜਿਹੇ ਆਗੂਆਂ ਨੂੰ ਨਾਂ ਪਾਰਟੀ ਨਾਲ ਪਿਆਰ ਹੈ ਅਤੇ ਨਾਂ ਹੀ ਉਨ੍ਹਾਂ ਦਾ ਕੋਈ ਲੈਣਾ ਦੇਣਾ ਹੈ। ਅਜਿਹਾ ਮਾਲਵਾ ਖੇਤਰ ਦਾ ਇਕ ਮੰਤਰੀ ਹੈ ਜਿਸਨੇ ਪਹਿਲਾਂ ਸ਼ਹੀਦਾਂ ਦੀ ਮਿੱਟੀ ਹਿੱਕ ਨਾਲ ਲਾ ਕੇ ਆਪਣੇ ਪੁੱਤਰ ਦੀ ਸੌਂਹ ਚੁੱਕੀ ਤੇ ਉਸ ਸੌਂਹ ਤੋਂ ਭੱਜ ਗਿਆ, ਜਿਸ ਕੋਲੋ ਪਾਰਟੀ ਤੇ ਪੰਜਾਬ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ। ਕਾਂਗੜ ਨੇ ਕਿਹਾ ਕਿ ਪਾਰਟੀ ਲਈ ਉਨ੍ਹਾਂ ਘਰ ਬਰਬਾਦ ਕਰ ਲਿਆ ਤੇ ਪਰਿਵਾਰ ਦਾ ਨੁਕਸਾਨ ਕਰਵਾ ਲਿਆ, ਪਰ ਹੁਣ ਕਾਂਗਰਸ ਪਾਰਟੀ ਉਨ੍ਹਾਂ ਨੂੰ ਅੱਖੋ ਪਰੋਖੇ ਕਰ ਰਹੀ ਹੈ ਜਿਸਦਾ ਬਹੁਤ ਦਰਦ ਹੁੰਦਾ ਹੈ। ਉਨ੍ਹਾਂ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ 20 20 ਸਾਲ ਕਾਂਗਰਸ ਪਾਰਟੀ ਲਈ ਨਿਰਸਵਾਰਥ ਸੇਵਾ ਕਰਨ ਵਾਲੇ ਟਕਸਾਲੀ ਕਾਂਗਰਸੀਆਂ ਨੂੰ ਅੱਖ ਪਰੋਖੇ ਕਰਕੇ ਹੋਰਨਾਂ ਪਾਰਟੀਆਂ ’ਚੋਂ ਆਏ ਲੀੜਰ ਸਾਡਾ ਹੀ ਸਾਹ ਬੰਦ ਕਰ ਰਹੇ ਹਨ ਅਤੇ ਜਲੀਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸਮੇਤ ਟਕਸਾਲੀ ਕਾਂਗਰਸੀਆਂ ਵਿਚ ਕਿਹੜਾ ਨੁਕਸ ਹੈ ਕਿ ਸਾਡੇ ਸਿਰ ’ਤੇ ਬਾਹਰੋ ਆਏ ਲੋਕ ਬੈਠਾ ਦਿੱਤੇ ਗਏ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਵਿਚ ਪਾਰਟੀ ਅੰਦਰ ਧੂਣੀ ਧੁਖ ਰਹੀ ਹੈ ਅਤੇ ਇਹ ਆਉਣ ਵਾਲੇ ਦਿਨਾਂ ਵਿਚ ਅੱਗ ਬਣ ਸਕਦੀ ਹੈ। ਵਿਧਾਇਕ ਨੇ ਕਿਹਾ ਕਿ ਜੇਕਰ ਪਾਣੀ ਹੇਠਾਂ ਅੱਗ ਬਾਲੋਗੇ ਤਾਂ ਇਹ ਉੁਬਲੇਗਾ ਹੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜਿਹੜੇ ਨਵੇਂ ਸਜੇ ਕਾਂਗਰਸੀ ਤੁਹਾਡੇ ਆਸੇ ਪਾਸੇ ਫਿਰਦੇ ਹਨ ਉਨ੍ਹਾਂ ਦੇ ਪੱਲੇ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਪਰਛਾਵੇਂ ਹੇਠ ਹਨ੍ਹੇਰਾ ਹੁੰਦਾ ਹੈ ਇਸ ਲਈ ਉਨ੍ਹਾਂ ਨੂੰ ਪਾਰਟੀ ਦਾ ਨੁਕਸਾਨ ਕਰਨ ਵਾਲੇ ਲੋਕਾਂ ਦੀ ਪਛਾਣ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਲਏ ਬਿਨਾਂ ਕਿਹਾ ਕਿ ਸ਼ਾਇਰੋ ਸ਼ਾਇਰੀ ਨਾਲ ਕੁੱਝ ਨਹੀਂ ਹੋਣਾ, ਸਗੋਂ ਪਾਰਟੀ ਲਈ ਵਫਾਦਾਰੀ ਦੀ ਜਰੂਰਤ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਗੜ੍ਹ ਰਹੇ ਰਾਮੁਪਰਾ ਫੂਲ ਹਲਕੇ ਤੋਂ ਉਨ੍ਹਾਂ ਤਿੰਨ ਵਾਰ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈ ਪਰ ਅੱਜ ਬੜੇ ਭਰੇ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਉਨ੍ਹਾਂ ਨੂੰ ਅਣਗੌਿਲਆਂ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਸਿਰ ’ਤੇ ਬੈਠਾ ਦਿੱਤਾ ਗਿਆ ਜਿਹੜੇ ਪਾਰਟੀ ਲਈ ਵਫ਼ਾਦਰ ਨਹੀਂ ਹਨ। ਕਾਂਗੜ ਨੇ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਹਨ ਅਤੇ ਪਾਰਟੀ ਵਿਚ ਹੀ ਰਹਿਣਗੇ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਕਾਂਗੜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤੀ ਨਜ਼ਦੀਕੀਆਂ ਵਿਚ ਰਹੇ ਹਨ। ਚੰਨੀ ਦੇ ਮੁੱਖ ਮੰਤਰੀ ਬਨਣ ਸਮੇਂ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਗਿਆ ਸੀ।
previous post