ਬ੍ਰਿਟਿਸ਼ – ਬ੍ਰਿਟੇਨ ਟੀਪੂ ਸੁਲਤਾਨ ਦੇ ਸੋਨੇ ਨਾਲ ਬਣੇ ਸਿੰਘਾਸਨ ਦਾ ਹਿੱਸਾ ਰਹੇ ਸੋਨੇ ਨਾਲ ਜੜੇ ਬਾਘ ਦੇ ਸਿਰ ਨੂੰ ਵੇਚਣ ਲਈ ਦੇਸ਼ ਦਾ ਕੋਈ ਖਰੀਦਦਾਰ ਲੱਭ ਰਿਹਾ ਹੈ। ਇਸੇ ਕਵਾਇਦ ‘ਚ ਸ਼ੁੱਕਰਵਾਰ ਨੂੰ ਇਸ ਨੂੰ ਅਸਥਾਈ ਰੂਪ ‘ਚ ਪਾਬੰਦੀਸ਼ੁਦਾ ਬਰਾਮਦ ਦੀ ਸੂਚੀ ‘ਚ ਰੱਖਿਆ ਗਿਆ ਹੈ। ਮੁਕੁਟ ਦੇ ਇਸ ਗਹਿਣੇ ਦੀ ਕੀਮਤ ਤਕਰੀਬਨ 15 ਲੱਖ ਪਾਉਂਡ ਹੈ ਤੇ ਬ੍ਰਿਟਿਸ਼ ਸਰਕਾਰ ਵੱਲੋਂ ਇਸ ਨੂੰ ਪਾਬੰਦੀਸ਼ੁਦਾ ਬਰਾਮਦ ਦੀ ਸੂਚੀ ਵਿਚ ਰੱਖਣ ਨਾਲ ਬ੍ਰਿਟੇਨ ਦੀ ਕਿਸੇ ਗੈਲਰੀ ਜਾਂ ਸੰਸਥਾ ਨੂੰ ਇਹ ਇਤਿਹਾਸਕ ਵਸਤੂ ਖਰੀਦਣ ਲਈ ਸਮਾਂ ਮਿਲ ਜਾਵੇਗਾ।
ਇਹ ਮੁਕੁਟ ਭਾਰਤ ‘ਚ18ਵੀਂ ਸਦੀ ‘ਚ ਮੈਸੂਰ ਦੇ ਸ਼ਾਸਕ ਰਹੇ ਟੀਪੂ ਸੁਲਤਾਨ ਦੇ ਸਿੰਘਾਸਨ ‘ਤੇ ਲੱਗੇ ਸੋਨੇ ਨਾਲ ਜੜੇ ਬਾਘ ਦੇ 8 ਸਿਰਾਂ ਵਿਚੋਂ ਇਕ ਹੈ। ਟੀਪੂ ਸੁਲਤਾਨ ਨੂੰ ‘ਮੈਸੂਰ ਦੇ ਸ਼ੇਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਬ੍ਰਿਟੇਨ ਦੇ ਕਲਾ ਮੰਤਰੀ ਲਾਰਡ ਸਟੀਫਨ ਪਾਰਕਿੰਸਨ ਨੇ ਕਿਹਾ, ‘ਇਹ ਚਮਕਦਾਰ ਮੁਕੁਟ ਟੀਪੂ ਸੁਲਤਾਨ ਦੇ ਸ਼ਾਸਨ ਦੀ ਕਹਾਣੀ ਦਿਖਾਉਂਦਾ ਹੈ ਤੇ ਸਾਨੂੰ ਆਪਣੇ ਸ਼ਾਹੀ ਇਤਿਹਾਸ ਵਿਚ ਲੈ ਜਾਂਦਾ ਹੈ। ਮੈਨੂੰ ਉਮੀਦ ਹੈ ਕਿ ਬ੍ਰਿਟੇਨ ਦਾ ਕੋਈ ਖਰੀਦਦਾਰ ਅੱਗੇ ਆਵੇਗਾ ਤਾਂ ਜੋ ਅਸੀਂ ਭਾਰਤ ਨਾਲ ਆਪਣੇ ਸਾਂਝੇ ਇਤਿਹਾਸ ‘ਚ ਇਸ ਮਹੱਤਵਪੂਰਨ ਮਿਆਦ ਬਾਰੇ ਹੋਰ ਜ਼ਿਆਦਾ ਜਾਣ ਸਕੀਏ।’