Punjab

2 ਰੋਜ਼ਾ ‘6ਵਾਂ ਖ਼ਾਲਸਾ ਕਾਲਜ ਯੂਥ ਫੈਸਟੀਵਲ–2021’ ਯਾਦਗਾਰੀ ਹੋ ਨਿੱਬੜਿਆ

ਅੰਮ੍ਰਿਤਸਰ – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ 12 ਨਵੰਬਰ ਤੋਂ ਸ਼ੁਰੂ ਹੋਏ 2 ਰੋਜ਼ਾ ‘6ਵਾਂ ਖ਼ਾਲਸਾ ਕਾਲਜਜ਼ ਯੂਥ ਫੈਸਟੀਵਲ-2021’ ਆਪਣੀਆਂ ਮਿੱਠੀਆਂ ਯਾਦਾਂ ਦੀ ਖ਼ੁਸ਼ਬੂ ਬਿਖੇਰਦਿਆਂ ਹੋਇਆ ਅੱਜ ਸੰਪੰਨ ਹੋ ਗਿਆ। ਇਸ ਮੌਕੇ ਉਚੇਚੇ ਤੌਰ ’ਤੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਨ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਲਈ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨੂੰ ਜਿੱਥੇ ਅਜਿਹੇ ਪ੍ਰੋਗਰਾਮਾਂ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ, ਉਥੇ ਉਨ੍ਹਾਂ ਨੂੰ ਵਿੱਦਿਅਕ ਖੇਤਰ ’ਚ ਸ਼ਲਾਘਾਯੋਗ ਉਪਲਬੱਧੀਆਂ ਹਾਸਲ ਕਰਨ ਲਈ ਹੱਲ੍ਹਾਸ਼ੇਰੀ ਦਿੱਤੀ। ਉਨ੍ਹਾਂ ਕਿਹਾ ਕਿ ਮੰਚ ’ਤੇ ਮੁਕਾਬਲੇਬਾਜ਼ੀ ਬੱਚਿਆਂ ਨੂੰ ਆਪਣੀ ਕਾਬਲੀਅਤ ’ਚ ਨਿਖਾਰ ਲਿਆਉਣ ਲਈ ਮੌਕਾ ਪ੍ਰਦਾਨ ਕਰਦੀ ਹੈ।

12 ਨਵੰਬਰ ਤੋਂ ਕੌਂਸਲ ਦੇ ਜੁਆਇੰਟ ਸਕੱਤਰ ਸ: ਸਰਦੂਲ ਸਿੰਘ ਮੰਨਨ ਦੁਆਰਾ ਸ਼ਮ੍ਹਾ ਰੌਸ਼ਨ ਕਰਕੇ ਅਗਾਜ਼ ਕੀਤੇ ਗਏ ਇਸ ਫੈਸਟੀਵਲ ਦੇ ਅਖ਼ੀਰਲੇ ਦਿਨ ਮੇਜ਼ਬਾਨ ਖ਼ਾਲਸਾ ਕਾਲਜ ਫ਼ਾਰ ਵੂਮੈਨ ਨੇ ਓਵਰ ਆਲ ਟਰਾਫ਼ੀ ’ਤੇ ਕਬਜ਼ਾ ਕਰਦਿਆਂ ਆਪਣੇ ਸਿਰ ਤਾਜ਼ ਸਜਾਇਆ। ਜਦ ਕਿ ਖ਼ਾਲਸਾ ਕਾਲਜ ਫ਼ਸਟ ਰਨਰਅੱਪ ਅਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਸੈਕਿੰਡ ਰਨਰਅੱਪ ਰਿਹਾ। ਖ਼ਾਲਸਾ ਕਾਲਜ   ਮੈਨੇਜ਼ਮੈਂਟ ਅਧੀਨ ਚਲ ਰਹੇ 13 ਕਾਲਜਾਂ ਤੋਂ ਸੈਂਕੜੇ ਵਿਦਿਆਰਥੀਆਂ ਨੇ ਫੈਸਟੀਵਲ ’ਚ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਨ੍ਹਾਂ ਨੂੰ ਸ: ਛੀਨਾ ਨੇ ਕੌਂਸਲ ਦੇ ਮੀਤ ਪ੍ਰਧਾਨ ਸ: ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਸ: ਮੰਨਨ ਨਾਲ ਮਿਲ ਕੇ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ।

2 ਰੋਜ਼ਾ ਫੈਸਟੀਵਲ ਦੌਰਾਨ ਵਿਦਿਆਰਥੀਆਂ ਨੇ ਸ਼ਬਦ ਗਾਇਨ, ਭਜਨ, ਕਵੀਸ਼ਰੀ, ਗੀਤ-ਗਜ਼ਲ, ਫੋਕ ਸੋਗ, ਫੈਂਸੀ ਡਰੈੱਸ (ਪੰਜਾਬੀ ਪਹਿਰਾਵਾ), ਮਮਿਕਰੀ, ਮੋਨੋ ਐਕਟਿੰਗ, ਸਕਿੱਟ, ਰੰਗੋਲੀ, ਮਹਿੰਦੀ, ਫੁਲਕਾਰੀ, ਡਿਬੇਟ, ਕੁਇਜ਼, ਪੇਟਿੰਗ, ਪੋਸਟਰ ਮੇਕਿੰਗ, ਕਾਰਟੂਨਿੰਗ, ਕਾਲਜ, ਕਲੇਅ ਮਾਡÇਲੰਗ ਅਤੇ ਸਕਿੱਟ ਦੀ ਪੇਸ਼ਕਾਰੀ ਦਿੱਤੀ ਅਤੇ ਅਖ਼ਰੀਲੇ ਦਿਨ ਭੰਗੜਾ, ਗਿੱਧਾ, ਰਿਜ਼ਨਲ ਡਾਂਸ, ਕੁਇੱਜ਼ ਫਾਈਨਲ ਅਤੇ ਐਕਸ਼ਨ ਸਾਂਗ ਆਦਿ ’ਚ ਵਿਦਿਆਰਥੀਆਂ ਆਪਣੇ ਕਲਾ ਦਾ ਮੁਜ਼ਾਹਰਾ ਕੀਤਾ। 2 ਰੋਜ਼ਾ ਪ੍ਰੋਗਰਾਮ ਦੌਰਾਨ ਅੱਜ ਜੱਜ ਸਾਹਿਬਾਨਾਂ ਦੀ ਭੂਮਿਕਾ ਸੁਖਵਿੰਦਰ ਸਿੰਘ ਸਾਗਰ, ਸਤਿੰਦਰ ਪੁਖਰਾਜ, ਮਧੂ ਸੇਠੀ, ਸ੍ਰੀ ਅਤੁਲ ਮਹਿਰਾ, ਮੋਨਿਕਾ ਸਲਾਰੀਆ, ਜੀਨਿਆ ਮਹਿਰਾ, ਮਾਨਸੀ, ਡਾ. ਹਰਿੰਦਰ ਕੌਰ ਸੋਹਲ, ਡਾ. ਪਰਮਜੀਤ ਕੌਰ, ਸ਼ਰਦ ਮਨੋਚਾ, ਅਰਵਿੰਦਰ ਸਿੰਘ ਭੱਟੀ, ਡਾ. ਜਗਦੀਸ਼ ਸਚਦੇਵਾ, ਮੀਨੂੰ ਸ਼ਰਮਾ, ਡਾ. ਰਿੰਮੀ ਅਗਰਵਾਲ, ਲਾਤਿਕਾ ਅਰੋੜਾ, ਲਵਪ੍ਰੀਤ ਕੌਰ, ਰਾਜਬੀਰ ਸਿੰਘ ਅਤੇ ਹਰਜੀਤ ਸਿੰਘ ਆਦਿ ਵੱਲੋਂ ਨਿਭਾਈ ਗਈ।

ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਮੁਕਾਬਲੇ ਬਹੁਤ ਹੀ ਦਿਲਚਸਪ ਸਨ ਕਿਉਂਕਿ ਸਮੂਹ ਖ਼ਾਲਸਾ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਆਪਣਾ ਸੰਪੂਰਨ ਹੁਨਰ ਦਾ ਮੁਜ਼ਾਹਰਾ ਕੀਤਾ ਹੈ, ਇਸ ਲਈ ਇਹ ਮੁਕਾਬਲਾ ਇਕ ਤਰ੍ਹਾਂ ਨਾਲ ਚੈਂਪੀਅਨਸ ਦਾ ਮੁਕਾਬਲਾ ਬਣ ਕੇ ਰਹਿ ਗਿਆ ਹੈ। ਉਨ੍ਹਾਂ ਮੈਨੇਜ਼ਮੈਂਟ ਦੁਆਰਾ ਹਰੇਕ ਸਾਲ ਉਲੀਕੇ ਗਏ ‘ਯੂਥ ਫੈਸਟੀਵਲ’ ਸਬੰਧੀ ਧੰਨਵਾਦ ਕੀਤਾ।

ਇਸ ਮੌਕੇ ਕੌਂਸਲ ਦੇ ਮੈਂਬਰ ਸ: ਦਵਿੰਦਰ ਸਿੰਘ ਛੀਨਾ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰ: ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਡਾਇਰੈਕਟਰ ਡਾ. ਮੰਜ਼ੂ ਬਾਲਾ, ਪ੍ਰਿੰਸੀਪਲ ਡਾ. ਆਰ. ਕੇ. ਧਵਨ, ਪ੍ਰਿੰਸੀਪਲ ਨਾਨਕ ਸਿੰਘ, ਪ੍ਰਿੰਸੀਪਲ ਡਾ. ਹਰਭਜਨ ਸਿੰਘ, ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ, ਪ੍ਰਿੰਸੀਪਲ ਕਮਲਜੀਤ ਕੌਰ ਤੋਂ ਇਲਾਵਾ ਕਾਲਜਾਂ ਦਾ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin