ਨਵੀਂ ਦਿੱਲੀ – ਦਿੱਲੀ-ਐਨਸੀਆਰ ਵਿਚ ਹਵਾ ਪ੍ਰਦੂਸ਼ਣ ਇਕ ਸਿਹਤ ਐਮਰਜੈਂਸੀ ਬਣ ਗਿਆ ਹੈ। ਸਾਹ ਲੈਣ ਵਿਚ ਤਕਲੀਫ਼, ਅੱਖਾਂ ਵਿਚ ਜਲਨ, ਗਲੇ ਵਿਚ ਖਰਾਸ਼ ਤੇ ਖੰਘ ਵਰਗੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਇਸ ਦੌਰਾਨ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਧਦੇ ਪ੍ਰਦੂਸ਼ਣ ਤੇ ਹਵਾ ਗੁਣਵੱਤਾ ਸੂਚਕਾਂਕ ਨੂੰ ਰੋਕਣ ਲਈ ਕਈ ਵੱਡੇ ਅਤੇ ਅਹਿਮ ਫੈਸਲੇ ਲਏ ਹਨ। ਕੁਝ ਹੱਦ ਤਕ ਇਸ ਦਾ ਅਸਰ ਐਤਵਾਰ ਤੋਂ ਹੀ ਪੈਣ ਲੱਗਾ ਹੈ। ਇਸ ਤੋਂ ਇਲਾਵਾ ਸੋਮਵਾਰ ਤੋਂ ਕਿਹੜੇ-ਕਿਹੜੇ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨਿਚਰਵਾਰ ਨੂੰ ਇਕ ਅਹਿਮ ਬੈਠਕ ਤੋਂ ਬਾਅਦ ਐਲਾਨ ਕੀਤਾ ਹੈ ਕਿ ਸਕੂਲ ਅਗਲੇ ਇਕ ਹਫ਼ਤੇ ਤਕ ਪਹਿਲੀ ਤੋਂ 12ਵੀਂ ਜਮਾਤ ਤਕ ਬੰਦ ਰਹਿਣਗੇ। ਅਗਲੇ ਹਫਤੇ ਸਿਰਫ ਸਕੂਲ ਹੀ ਨਹੀਂ ਕਾਲਜ ਤੇ ਵਿਦਿਅਕ ਅਦਾਰੇ ਵੀ ਬੰਦ ਰਹਿਣਗੇ। ਇਸ ਦੇ ਨਾਲ ਹੀ ਸਕੂਲਾਂ ਦੀਆਂ ਕਲਾਸਾਂ ਪਹਿਲਾਂ ਵਾਂਗ ਘਰ-ਘਰ ਆਨਲਾਈਨ ਚੱਲਦੀਆਂ ਰਹਿਣਗੀਆਂ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਬੱਚਿਆਂ ਨੂੰ ਸਭ ਤੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿੱਲੀ ਦੇ ਹਸਪਤਾਲਾਂ ਤਕ ਪਹੁੰਚਣ ਵਾਲੇ ਹਵਾ ਪ੍ਰਦੂਸ਼ਣ ਦੇ ਸ਼ਿਕਾਰ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ ਹੈ।ਹਵਾ ਪ੍ਰਦੂਸ਼ਣ ਦੀ ਸਥਿਤੀ ਦੇ ਮੱਦੇਨਜ਼ਰ ਆਉਣ ਵਾਲੇ ਸ਼ਨਿਚਰਵਾਰ-ਐਤਵਾਰ ਨੂੰ ਫੈਸਲਾ ਕੀਤਾ ਜਾਵੇਗਾ ਕਿ 22 ਨਵੰਬਰ ਤੋਂ ਸਕੂਲ ਖੋਲ੍ਹੇ ਜਾਣੇ ਹਨ ਜਾਂ ਨਹੀਂ? ਦੱਸ ਦੇਈਏ ਕਿ ਡੇਢ ਸਾਲ ਬਾਅਦ ਦਿੱਲੀ ‘ਚ ਸੋਮਵਾਰ ਤੋਂ ਪਹਿਲੀ ਤੋਂ 12ਵੀਂ ਜਮਾਤ ਤਕ ਸਕੂਲ ਖੋਲ੍ਹੇ ਜਾਣੇ ਸਨ ਪਰ ਇਸ ਤੋਂ ਪਹਿਲਾਂ ਹਵਾ ਪ੍ਰਦੂਸ਼ਣ ਕਾਰਨ ਸਕੂਲਾਂ ਨੂੰ ਬੰਦ ਕਰਨਾ ਪਿਆ ਹੈ। ਦਰਅਸਲ 1 ਨਵੰਬਰ ਤੋਂ ਸਾਰੇ ਸਰਕਾਰੀ ਸਕੂਲ ਖੁੱਲ੍ਹ ਗਏ ਸਨ ਪਰ ਦੀਵਾਲੀ, ਛਠ ਆਦਿ ਦੀਆਂ ਛੁੱਟੀਆਂ ਕਾਰਨ ਪ੍ਰਾਈਵੇਟ ਸਕੂਲਾਂ ਵਿੱਚ 15 ਨਵੰਬਰ ਤੋਂ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ।
previous post