ਕੁਦਰਤ ਦਾ ਇਕ ਅਸੂਲ ਹੈ, ਜਦੋਂ ਵੀ ਸੰਸਾਰ ਵਿੱਚ ਕੂੜ ਅਤੇ ਪਾਪ ਦਾ ਪਸਾਰਾ ਸਭ ਪਾਸੇ ਫੈਲ ਜਾਂਦਾ ਹੈ ਅਤੇ ਅਣਮਨੁੱਖੀ ਵਰਤਾਰੇ ਵੱਧ ਜਾਂਦੇ ਹਨ, ਉਸ ਵੇਲੇ ਅਕਾਲ ਪੁਰਖ ਸਮੁੱਚੀ ਕਾਇਨਾਤ ਦੀ ਭਲਾਈ ਲਈ ਕਿਸੇ ਅਵਤਾਰੀ ਪੁਰਸ਼ ਨੂੰ ਇਸ ਮਾਤ ਲੋਕ ਵਿੱਚ ਭੇਜਦਾ ਹੈ
ਸੁਣੀ ਪੁਕਾਰਿ ਦਾਤਾਰ ਪ੍ਰਭ
ਗੁਰੁ ਨਾਨਕ ਜਗ ਮਾਹਿ ਪਠਾਇਆ॥
(ਭਾਈ ਗੁਰਦਾਸ ਜੀ)
ਇਸੇ ਤਰ੍ਹਾਂ ਹੀ ਧਰਮ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਨੇ ਗੁਰੂ ਨਾਨਕ ਦੇਵ ਜੀ ਨੂੰ ਇਸ ਮਾਤ ਲੋਕ ਵਿਚ ਭੇਜਣਾ ਕੀਤਾ।
ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧੁ ਜਗਿ ਚਾਨਣੁ ਹੋਆ
ਜਿਓੁ ਕਰਿ ਸੂਰਜੁ ਨਿਕਲਿਆ
ਤਾਰੇ ਛਪੇ ਅੰਧੇਰੁ ਪਲੋਆ।
(ਭਾਈ ਗੁਰਦਾਸ ਜੀ)
ਜਿਵੇਂ ਜਿਵੇਂ ਗੁਰੂ ਨਾਨਕ ਦੇਵ ਜੀ ਦੀ ਦੁਨਿਆਵੀ ਉਮਰ ਵਡੇਰੀ ਹੁੰਦੀ ਗਈ ਉਵੇਂ ਉਵੇਂ ਹੀ ਗੁਰੂ ਸਾਹਿਬ ਦੇ ਪ੍ਰਚਾਰ-ਪ੍ਰਸਾਰ ਦਾ ਦਾਇਰਾ ਵੀ ਫੈਲਦਾ ਗਿਆ। ਗੁਰੂ ਨਾਨਕ ਦੇਵ ਜੀ ਦੇ ਗਿਆਨ ਪ੍ਰਚਾਰ ਸਦਕਾ ਅਗਿਆਨਤਾ ਦੀ ਧੁੰਧ ਖਤਮ ਹੁੰਦੀ ਗਈ ਅਤੇ ਗਿਆਨੀ ਰੂਪੀ ਚਾਨਣ ਹਰ ਪਾਸੇ ਫੈਲਦਾ ਗਿਆ। ਮਾਨੋ ਜਿਵੇਂ ਸੂਰਜ ਨਿਕਲਣ ਨਾਲ ਤਾਰੇ ਛਿਪ ਜਾਂਦੇ ਹਨ ਅਤੇ ਹਨ੍ਹੇਰਾ ਖਤਮ ਹੋ ਜਾਂਦਾ ਹੈ।
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥
(ਅੰਗ : 1408)
ਗੁਰੂ ਨਾਨਕ ਦੇਵ ਜੀ ਦਾ ਜੀਵਨ ਇਹੋ ਜਿਹਾ ਸੀ ਕਿ ਉਨ੍ਹਾਂ ਨੇ ਪਹਿਲਾਂ ਆਪ ਕਿਰਤ ਕੀਤੀ ਫੇਰ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ‘ਕਿਰਤ ਕਰੋ’। ਪਹਿਲਾਂ ਆਪ ਨਾਮ ਜਪਿਆ ਫੇਰ ਉਪਦੇਸ਼ ਦਿੱਤਾ ਕਿ ‘ਨਾਮ ਜਪੋ’। ਗੁਰੂ ਸਾਹਿਬ ਨੇ ਪਹਿਲਾਂ ਆਪ ਵੰਡ ਕੇ ਛਕਿਆ ਫੇਰ ਉਪਦੇਸ਼ ਦਿੱਤਾ ਕਿ ‘ਵੰਡ ਛਕੋ’।
ਸਬਦੁ ਗੁਰੂ ਸੁਰਤਿ ਧੁਨਿ ਚੇਲਾ (ਅੰਗ : 943)
ਗੁਰੂ ਨਾਨਕ ਦੇਵ ਜੀ ਨੇ ਅਖੌਤੀ ਫੋਕਟ ਕਰਮ-ਕਾਂਡਾਂ ਅਤੇ ਵਹਿਮਾਂ ਭਰਮਾਂ ਦਾ ਡੱਟ ਕੇ ਵਿਰੋਧ ਕੀਤਾ, ਜਿਵੇਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿਚਲੀ ਹਰਿਦੁਆਰ ਦੀ ਘਟਨਾ ਵਾਲੀ ਸਾਖੀ ਸਾਨੂੰ ਦੱਸਦੀ ਹੈ ਕਿ ਕਿਵੇਂ ਉਥੋਂ ਦੇ ਲੋਕ ਚੜ੍ਹਦੇ ਸੂਰਜ ਨੂੰ ਪਾਣੀ ਚੜ੍ਹਾ ਰਹੇ ਸਨ। ਤਾਂ ਗੁਰੂ ਸਾਹਿਬ ਨੇ ਕਰਤਾਰਪੁਰ ਸਾਹਿਬ ਵੱਲ ਨੂੰ ਮੂੰਹ ਕਰਕੇ ਪਾਣੀ ਚੜ੍ਹਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਵੱਲੋਂ ਇਸ ਬਾਰੇ ਪੁੱਛੇ ਜਾਣ ਤੇ ਆਪਣੇ ਤਕਰਸ਼ੀਲ ਵਿਚਾਰਾਂ ਨਾਲ ਉਨ੍ਹਾਂ ਨੂੰ ਨਿਰ-ਉੱਤਰ ਕੀਤਾ। ਇਵੇਂ ਹੀ ਜਗਨ ਨਾਥ ਪੁਰੀ ਵਿਖੇ ਪਰਮਾਤਮਾ ਦੀ ਆਰਤੀ ਕਰਨ ਵਾਲੀ ਘਟਨਾ।
ਗੁਰੂ ਨਾਨਕ ਦੇਵ ਜੀ ਇੱਕ ਬਹੁਤ ਹੀ ਤਜ਼ਰਬੇਕਾਰ ਵਿਗਿਆਨੀ ਸੋਚ ਦੇ ਮਾਲਕ ਸਨ। ਉਨ੍ਹਾਂ ਨੇ ਗੁਰਬਾਣੀ ਵਿੱਚ ਸ਼ਬਦ
ਅਰਬਦ ਨਰਬਦ ਧੁੰਧੂਕਾਰਾ ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
(ਅੰਗ 1035)
ਉਚਾਰਨ ਕਰਕੇ ਸਾਨੂੰ ਬੜੇ ਹੀ ਸਰਲ ਅਤੇ ਸੁਖੈਨ ਤਰੀਕੇ ਨਾਲ ਇਸ ਬ੍ਰਹਿਮੰਡ ਦੀ ਉਤਪਤੀ ਬਾਰੇ ਵਿਸਥਾਰ ਪੂਰਵਕ ਸਮਝਾਇਆ। ਜਪੁਜੀ ਸਾਹਿਬ ਦੀ 22ਵੀਂ ਪਾਉੜੀ
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥
ਰਾਹੀਂ ਸਾਨੂੰ ਪਾਤਾਲ, ਅਕਾਸ਼ ਤੇ ਹੋਰ ਬ੍ਰਹਿਮੰਡੀ ਗਿ੍ਰਹਾਂ ਬਾਰੇ ਗਿਆਨ ਦਰਸਾਉਣਾ ਕੀਤਾ ਹੈ।
ਅੱਜ ਅਸੀਂ ਭਾਵੇਂ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ ਮਨ੍ਹਾ ਰਹੇ ਹਾਂ। ਪਰ ਕਈ ਵਾਰੀ ਲੱਗਦਾ ਹੈ ਕਿ ਹਾਲਾਤ ਅੱਜ ਵੀ ਉਵੇਂ ਹੀ ਬਣੇ ਹੋਏ ਹਨ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਤਿਲੰਗ ਰਾਗ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਹੈ :
ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ। (ਅੰਗ : 722)
ਉਪਰੋਕਤ ਸ਼ਬਦ ਹੂ-ਬਹੂ ਅਜੋਕੇ ਹਾਲਾਤਾਂ ਦਾ ਚਿਤਰਣ ਦਰਸਾਉਦਾ ਹੈ ਅਤੇ ਅੱਜ ਲੋੜ ਹੈ ਸੰਤ-ਸਿਪਾਹੀ, ਕ੍ਰਾਂਤੀਕਾਰੀ ਜੁਝਾਰੂ ਬਾਬੇ ਦੀ ਜੋ ਬਾਬਰ ਨੂੰ ਜਾਬਰ ਕਹਿ ਕੇ ਉਸ ਨੂੰ ਸਹੀ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰੇ।
ਗੁਰੂ ਨਾਨਕ ਦੇਵ ਜੀ ਦੇ ਕਿਹੜੇ ਕਿਹੜੇ ਗੁਣਾਂ ਦਾ ਵਰਣਨ ਕਰੀਏ। ਸਾਡੀ ਨਾ ਤਾਂ ਸੋਚ ਅਤੇ ਨਾ ਹੀ ਸਾਡੀ ਕਲਮ ਦੀ ਇੰਨੀ ਪਹੁੰਚ ਹੈ ਕਿ ਅਸੀਂ ਆਪਣੀ ਤੁੱਛ ਬੁੱਧੀ ਨਾਲ ਗੁਰੂ ਸਾਹਿਬ ਦੇ ਗੁਣਾਂ ਦਾ ਵਰਨਣ ਕਰ ਸਕੀਏ :
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ
ਤੂ ਸਾਹਿਬ ਗੁਣੀ ਨਿਧਾਨਾ॥
ਤੁਮਰੀ ਮਹਿਮਾ ਬਰਨਿ ਨ ਸਾਕਉ।
ਤੂ ਠਾਕੁਰ ਉਚ ਭਗਵਾਨਾ॥ (ਅੰਗ : 735)
ਹਾਂ, ਅਸੀ ਅਰਦਾਸ ਕਰ ਸਕਦੇ ਹਾਂ ਕਿ ਗੁਰੂ ਸਾਹਿਬ ਸਾਡੇ ਤੇ ਮਿਹਰ ਕਰਨ, ਉਹਨਾਂ ਨੇ ਸੰਸਾਰ ਦੀ ਸਮੁੱਚੀ ਮਨੁੱਖਤਾ ਨੂੰ ਜੋ ਉਪਦੇਸ਼ ਦਿੱਤੇ ਹਨ, ਉਹ ਸਾਡੇ ਹਿਰਦਿਆਂ ਅੰਦਰ ਵੀ ਵੱਸ ਜਾਣ ਤਾਂ ਕਿ ਅਸੀਂ ਉਨ੍ਹਾਂ ਸਿੱਖਿਆ ਦੇ ਧਾਰਨੀ ਬਣ ਸਕੀਏ ਅਤੇ ਆਪਣਾ ਮਾਤ ਲੋਕ ਵਿੱਚ ਆਉਣਾ ਸਫਲ ਕਰ ਸਕੀਏ। ਸ਼ਾਇਦ ਇਹ ਹੀ ਸਹੀ ਮਾਇਨੇ ਵਿਚ ਗੁਰਪੁਰਬ ਮਨਾਉਣ ਦਾ ਤਰੀਕਾ ਹੋ ਸਕਦਾ ਹੈ।
ਭੁੱਲ ਚੁੱਕ ਦੀ ਖ਼ਿਮਾਂ !
– ਪਿ੍ਤਪਾਲ ਸਿੰਘ, ਜਲੰਧਰ