
ਇਸ ਸੰਸਾਰ ਵਿੱਚ ਪਰਮਾਤਮਾ ਨੇ ਜਿਸ ਜੀਵ ਨੂੰ ਪੈਦਾ ਕੀਤਾ ਹੈ, ਉਸਨੂੰ ਕਿਸੇ ਖਾਸ ਮਕਸਦ ਅਧੀਨ ਪੈਦਾ ਕੀਤਾ ਹੈ। ਇਸ ਦੁਨੀਆਂ ਨੂੰ ਖੂਬਸੂਰਤ ਬਣਾਉਣ ਵਿੱਚ ਹਰ ਪਸ਼ੂ, ਪੰਛੀ, ਪੇੜ ਪੌਦੇ, ਮਨੁੱਖ ਹਰ ਇੱਕ ਦਾ ਆਪਣਾ ਯੋਗਦਾਨ ਹੈ। ਜੇਕਰ ਸਾਰੇ ਜੀਵਾਂ ਦੀ ਗੱਲ ਨਾ ਕਰਕੇ ਕੇਵਲ ਮਨੁੱਖ ਦੀ ਅਹਿਮੀਅਤ ਦੀ ਗੱਲ ਕੀਤੀ ਜਾਵੇ ਤਾਂ ਹਰ ਮਨੁੱਖ ਦਾ ਆਪਣਾ ਇੱਕ ਸਥਾਨ ਹੈ। ਦੁਨੀਆਂ ਵਿੱਚ ਵੱਸਦੇ ਲੱਖਾਂ ਕਰੋੜਾਂ ਲੋਕਾਂ ਵਿੱਚ ਹਰ ਕੋਈ ਕਿਸੇ ਨਾ ਕਿਸੇ ਲਈ ਖਾਸ ਹੈ, ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ। ਇੱਕ ਪਿਤਾ ਇੱਕ ਇਨਸਾਨ ਦੇ ਰੂਪ ਵਿੱਚ ਕਿਸੇ ਲਈ ਅਹਿਮ ਭਾਵੇਂ ਨਾ ਹੋਵੇ ਪਰ ਉਸਦੇ ਬੱਚਿਆਂ ਲਈ ਉਹ ਸਭ ਤੋਂ ਖਾਸ ਹੋਵੇਗਾ। ਇਸੇ ਤਰ੍ਹਾਂ ਇੱਕ ਔਰਤ ਭਾਵੇਂ ਕਿਸੇ ਘਰ ਸਫਾਈ ਕਰਨ ਦਾ ਕੰਮ ਕਿਉਂ ਨਾ ਕਰਦੀ ਹੋਵੇ ਪਰ ਉਸਦੇ ਬੱਚਿਆਂ ਲਈ ਉਹ ਦੁਨੀਆਂ ਦੀ ਸਭ ਤੋਂ ਖੂਬਸੂਰਤ ਔਰਤ ਹੈ। ਥੋੜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਹਰ ਇੱਕ ਇਨਸਾਨ ਦਾ ਆਪਣਾ ਆਪਣਾ ਅਸਤਿਤਵ ਹੈ। ਪਰ ਕਈ ਵਾਰ ਹਲਾਤ ਅਜਿਹੇ ਬਣ ਜਾਂਦੇ ਹਨ ਕਿ ਅਸੀਂ ਆਪਣੇ ਆਪ ਦੀ ਅਹਿਮੀਅਤ ਭੁੱਲ ਜਾਂਦੇ ਹਾਂ, ਕਈ ਵਾਰ ਅਸੀਂ ਆਪਣੇ ਨਾਲ ਜੁੜੇ ਹੋਏ ਲੋਕਾਂ ਨੂੰ ਏਨੀ ਅਹਿਮੀਅਤ ਦੇਣ ਲੱਗਦੇ ਹਾਂ ਕਿ ਆਪਣੇ ਆਪ ਨੂੰ ਤਵੱਜੋਂ ਦੇਣਾ ਭੁੱਲ ਜਾਂਦੇ ਹਾਂ। ਜਦੋਂ ਸਾਨੂੰ ਸਾਹਮਣੇ ਵਾਲੇ ਮਨੁੱਖਾਂ ਤੋਂ ਉਸੇ ਤਰ੍ਹਾਂ ਦਾ ਪਿਆਰ, ਸਤਿਕਾਰ ਜਾਂ ਅਹਿਮੀਅਤ ਨਹੀਂ ਮਿਲਦੀ ਤਾਂ ਅਸੀਂ ਉਦਾਸ ਹੁੰਦੇ ਹਾਂ। ਜਿਸ ਨਾਲ ਅਸੀਂ ਆਪਣੇ ਸਵੈਂ ਮਾਣ ਨੂੰ ਸੱਟ ਪੁੰਹਚਾਉਂਦੇ ਹਾਂ ਅਤੇ ਨਾਲ ਦੀ ਨਾਲ ਹੀਣ ਭਾਵਨਾ ਦੇ ਸ਼ਿਕਾਰ ਹੁੰਦੇ ਹਾਂ। ਇਸ ਸੰਸਾਰ ਵਿੱਚ ਹਰ ਕੰਮ, ਵਿਵਹਾਰ ਦੀ ਇੱਕ ਹੱਦ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦੀ ਕਿਰਿਆ ਜਦ ਹੱਦੋਂ ਵੱਧ ਹੋ ਜਾਂਦੀ ਹੈ ਤਾਂ ਉਸਦੇ ਨਕਾਰਾਤਮਕ ਨਤੀਜੇ ਆਉਣੇ ਸ਼ੁਰੂ ਹੋ ਜਾਂਦੇ ਹਨ। ਸੋ ਲੋਕਾਂ ਨੂੰ ਤਵੱਜੋਂ ਦਿੰਦੇ ਦਿੰਦੇ ਆਪਣੀ ਹੋਂਦ ਨੂੰ ਠੇਸ ਨਾ ਪੁੰਹਚਾਓ ।
