ਵਾਸ਼ਿੰਗਟਨ – ਚੀਨ ਦੇ ਮਿਜ਼ਾਈਲ ਪ੍ਰੋਗਰਾਮ ਨੇ ਅਮਰੀਕਾ ਦੇ ਮੱਥੇ ’ਤੇ ਚਿੰਤਾ ਦੀ ਲਕੀਰ ਖਿੱਚ ਦਿੱਤੀ ਹੈ। ਅਮਰੀਕੀ ਫ਼ੌਜ ਦੇ ਇਕ ਸਿਖਰਲੇ ਅਧਿਕਾਰੀ ਨੇ ਕਿਹਾ ਹੈ ਕਿ ਚੀਨ ਹਾਈਪਰਸੋਨਿਕ ਤਕਨੀਕ ’ਚ ਖ਼ੁਦ ਨੂੰ ਏਨਾ ਵਿਕਸਤ ਕਰ ਚੁੱਕਾ ਹੈ ਕਿ ਉਹ ਇਕ ਦਿਨ ਅਮਰੀਕਾ ’ਤੇ ਅਚਾਨਕ ਪਰਮਾਣੂ ਹਮਲਾ ਕਰ ਸਕਦਾ ਹੈ।ਸੀਬੀਐੱਸ ਨਿਊਜ਼ ਨੂੰ ਦਿੱਤੀ ਇੰਟਰਵਿਊ ’ਚ ਅਮਰੀਕੀ ਰੱਖਿਆ ਬਲ ਦੇ ਉਪ ਮੁਖੀ ਜਨਰਲ ਜੌਹਨ ਹਾਇਟਨ ਨੇ ਕਿਹਾ, ਉਨ੍ਹਾਂ (ਚੀਨ) 27 ਜੁਲਾਈ ਨੂੰ ਇਕ ਲੰਬੀ ਦੂਰੀ ਦੀ ਹਾਈਪਰਸੋਨਿਕ ਮਿਜ਼ਾਈਲ ਦਾ ਤਜਰਬਾ ਕੀਤਾ ਸੀ। ਮਿਜ਼ਾਈਲ ਹਾਈਪਰਸੋਨਿਕ ਗਲਾਈਡ ਵਹੀਕਲ ਨਾਲ ਲਾਂਚ ਕੀਤੀ ਗਈ ਸੀ। ਮਿਜ਼ਾਈਲ ਨੇ ਦੁਨੀਆ ਦਾ ਚੱਕਰ ਲਾਇਆ ਅਤੇ ਵਾਪਸ ਚੀਨ ਪੁੱਜੀ। ਇਸ ਦੌਰਾਨ ਮਿਜ਼ਾਈਲ ਨੇ ਆਵਾਜ਼ ਤੋਂ ਪੰਜ ਗੁਣਾ ਤੇਜ਼ ਰਫ਼ਤਾਰ ਫੜੀ। ਦੱਸਣਯੋਗ ਹੈ ਕਿ ਚੀਨ ਦਾ ਕਹਿਣਾ ਹੈ ਕਿ ਉਸ ਨੇ ਮਿਜ਼ਾਈਲ ਨਹੀਂ ਬਲਕਿ ਪੁਲਾੜ ਯਾਨ ਦਾ ਪ੍ਰੀਖਣ ਕੀਤਾ ਸੀ।ਜਨਰਲ ਹਾਇਟਨ ਨੇ ਕਿਹਾ ਕਿ ਚੀਨੀ ਮਿਜ਼ਾਈਲ ਚੀਨ ਵਿਚ ਹੀ ਮੌਜੂਦ ਟੀਚੇ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਡਿੱਗੀ ਸੀ। ਆਵਾਜ਼ ਤੋਂ ਪੰਜ ਗੁਣਾ ਤੇਜ਼ ਰਫ਼ਤਾਰ ਹੋਣ ਕਾਰਨ ਇਹ ਰਡਾਰ ਦੀ ਸਮਰੱਥਾ ਤੋਂ ਦੂਰ ਰਹੀ। ਉਨ੍ਹਾਂ ਕਿਹਾ ਕਿ ਮਿਜ਼ਾਈਲ ਸਿੰਗਲ ਇਸਤੇਮਾਲ ਵਾਲੀ ਹੋ ਸਕਦੀ ਹੈ।ਫ਼ੌਜੀ ਅਧਿਕਾਰੀ ਨੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਚੀਨ ਨੇ ਸੈਂਕੜੇ ਹਾਈਪਰਸੋਨਿਕ ਮਿਜ਼ਾਈਲ ਪ੍ਰੀਖਣ ਕੀਤੇ, ਜਦਕਿ ਇਸ ਦੌਰਾਨ ਅਮਰੀਕਾ ਨੇ ਸਿਰਫ਼ ਨੌਂ ਪ੍ਰੀਖਣ ਹੀ ਕੀਤੇ। ਚੀਨ ਮੱਧਮ ਦੂਰੀ ਦੇ ਹਾਈਪਰਸੋਨਿਕ ਹਥਿਆਰ ਨੂੰ ਪਹਿਲਾਂ ਹੀ ਤਾਇਨਾਤ ਕਰ ਚੁੱਕਾ ਹੈ, ਜਦਕਿ ਅਮਰੀਕਾ ਨੂੰ ਇਸ ਕੰਮ ਵਿਚ ਕੁਝ ਹੋਰ ਸਾਲ ਲੱਗਣਗੇ।
previous post