Australia & New Zealand

ਨਿਊਜ਼ੀਲੈਂਡ ਦੀ ‘ਹਾਈ ਰਿਸਕ ਸੂਚੀ’ ਚੋਂ ਭਾਰਤ ਬਾਹਰ

ਆਕਲੈਂਡ – ਨਿਊਜ਼ੀਲੈਂਡ ਨੇ ਭਾਰਤ-ਪਾਕਿਸਤਾਨ ਸਮੇਤ 5 ਦੇਸ਼ਾਂ ਨੂੰ ਕੋਵਿਡ-19 ਵਾਲੀ ‘ਹਾਈ ਰਿਕਸ ਸੂਚੀ’ ਚੋਂ ਬਾਹਰ ਕੱਢ ਦਿੱਤਾ ਹੈ। ਜਿਸ ਨਾਲ ਪੰਜਾਬ ਤੋਂ ਆਉਣ ਵਾਲੇ ਨਿਊਜ਼ੀਲੈਂਡ ਦੇ ਪੱਕੇ ਵਸਨੀਕਾਂ ਨੂੰ ਸੁਖ ਦਾ ਸਾਹ ਆ ਗਿਆ ਹੈ, ਜਿਨ੍ਹਾਂ ਨੇ ਵੈਕਸੀਨ ਦੇ ਦੋ-ਦੋ ਟੀਕੇ ਲਵਾਏ ਹੋਏ ਹਨ। ਅਗਲੇ ਮਹੀਨੇ ਤੋਂ ਭਾਰਤ ਤੋਂ ਆਉਣ ਵਾਲੇ ਅਜਿਹੇ ਲੋਕਾਂ ਵਾਸਤੇ ਦੁਬਈ ਜਾਂ ਕਿਸੇ ਹੋਰ ਤੀਜੇ ਦੇਸ਼ `ਚ 14 ਦਿਨ ਗੁਜ਼ਾਰ ਕੇ ਆਉਣ ਦੀ ਜ਼ਰੂਰੀ ਸ਼ਰਤ ਦਾ ਝੰਜਟ ਮੁੱਕ ਜਾਵੇਗਾ।ਨਿਊਜ਼ੀਲੈਂਡ ਸਰਕਾਰ ਵੱਲੋਂ ਅੱਜ ਕੀਤੇ ਗਏ ਐਲਾਨ ਅਨੁਸਾਰ ਦੇਸ਼ ਦੇ ਬਾਰਡਰ ਨੂੰ ਪੜ੍ਹਾਅਵਾਰ ਖੋਲ੍ਹਿਆ ਜਾਵੇਗਾ, ਜਿਸ ਵਾਸਤੇ ਉਹੀ ਲੋਕ ਯੋਗ ਹੋਣਗੇ, ਜਿਨ੍ਹਾਂ ਨੇ ਵੈਕਸੀਨ ਦੇ ਦੋ-ਦੋ ਟੀਕੇ ਲਵਾਏ ਹੋਣਗੇ। ਜਿਸ ਦੇ ਤਹਿਤ ਪੱਕੇ ਵਸਨੀਕਾਂ ਤੋਂ ਇਲਾਵਾ ਯੋਗ ਵੀਜ਼ੇ ਵਾਲੇ ਲੋਕਾਂ ਨੂੰ ਖੁੱਲ੍ਹ ਮਿਲੇਗੀ। ਪਹਿਲੇ ਪੜਾਅ `ਚ ਅਗਲੇ ਸਾਲ 16 ਜਨਵਰੀ ਤੋਂ ਆਸਟਰੇਲੀਆ ਤੋਂ ਆਉਣ ਵਾਲਿਆਂ ਨੂੰ 14 ਦਿਨ ਦੀ ਐਮਆਈਕਿਊ (ਮੈਨੇਜਡ ਆਈਸੋਲੇਸ਼ਨ ਅਤੇ ਕੁਵੌਰਨਟੀਨ) `ਚ ਨਹੀਂ ਰਹਿਣਾ ਪਵੇਗਾ ਸਗੋਂ ਉਹ ਆਪਣੇ ਘਰ `ਚ ਹੀ ਸੱਤ ਦਿਨ ਇਕਾਂਤਵਾਸ ਕੱਟ ਸਕਣਗੇ।ਇਸੇ ਤਰ੍ਹਾਂ ਦੂਜੇ ਪੜ੍ਹਾਅ `ਚ 16 ਫ਼ਰਵਰੀ ਤੋਂ ਆਸਟਰੇਲੀਆ ਤੋਂ ਇਲਾਵਾ ਹੋਰ ਦੇਸ਼ਾਂ (ਹਾਈ ਰਿਸਕ ਵਾਲੇ ਦੇਸ਼ਾਂ ਨੂੰ ਛੱਡ ਕੇ) ਤੋਂ ਵੀ ਆਉਣ ਵਾਲਿਆਂ ਨੂੰ ਵੀ ਐਮਆਈਕਿਊ ਦੀ ਲੋੜ ਨਹੀਂ ਰਹੇਗੀ। ਅਜਿਹਾ ਹੋਣ ਨਾਲ ਪੰਜਾਬ `ਚ ਫਸੇ ਬੈਠੇ ਅਜਿਹੇ ਟੈਂਪਰੇਰੀ ਵੀਜ਼ੇ ਵਾਲਿਆਂ ਨੂੰ ਵੀ ਆਸ ਦੀ ਕਿਰਨ ਦਿਸ ਪਈ ਹੈ, ਜੋ ਪਿਛਲੇ ਸਾਲ ਮਾਰਚ ਤੋਂ ਪਹਿਲਾਂ ਨਿਊਜ਼ੀਲੈਂਡ ਤੋਂ ਪੰਜਾਬ ਆਪਣੇ ਪਰਿਵਾਰਾਂ ਨੂੰ ਮਿਲਣ ਗਏ ਸਨ ਪਰ ਪਿੱਛੋਂ ਬਾਰਡਰ ਬੰਦ ਹੋ ਜਾਣ ਕਰਕੇ ਪੌਣੇ ਦੋ ਸਾਲ ਤੋਂ ਫਸੇ ਬੈਠੇ ਹਨ। ਹਾਲਾਂਕਿ ਕਈ ਕੋਲ ਅਜੇ ਵੀ ਵੀਜ਼ੇ ਦੀ ਮਿਆਦ ਪਈ ਹੈ ਪਰ ਕਈਆਂ ਦੇ ਵੀਜ਼ੇ ਦੀ ਮਿਆਦ ਲੌਕਡਾਊਨ ਦੌਰਾਨ ਪੁੱਗ ਗਈ ਸੀ।ਤੀਜੇ ਪੜ੍ਹਾਅ `ਚ 30 ਅਪ੍ਰੈਲ ਤੋਂ ਦੁਨੀਆ ਦੇ ਕਿਸੇ ਵੀ ਦੇਸ਼ ਚੋਂ ਇੰਟਰਨੈਸ਼ਨਲ ਵਿਜ਼ਟਰ ਆ ਸਕਣਗੇ। ਹਾਲਾਂਕਿ ਕੋਵਿਡ-19 ਰਿਸਪੌਂਸ ਮਨਿਸਟਰ ਕਰਿਸ ਹਿਪਕਨਜ ਨੇ ਸਪੱਸ਼ਟ ਕੀਤਾ ਹੈ ਕਿ ਤਿੰਨ ਪੜਾਅ `ਚ ਖੁੱਲ੍ਹਣ ਵਾਲੇ ਨਿਊਜ਼ੀਲੈਂਡ ਦੇ ਕੌਮਾਂਤਰੀ ਬਾਰਡਰ ਦੇ ਨਿਯਮ ਕੋਵਿਡ-19 ਦੇ ਸ਼ੁਰੂ ਹੋਣ ਤੋਂ ਪਹਿਲਾਂ ਵਾਲੇ ਨਿਯਮਾਂ ਵਰਗੇ ਨਹੀਂ ਰਹਿਣਗੇ। ਭਾਵ ਸਖ਼ਤ ਰਹਿਣਗੇ।ਇਸ ਬਾਰੇ ਇਮੀਗਰੇਸ਼ਨ ਸਲਾਹਕਾਰ ਕੇਟੀ ਆਰਮਸਟਰੌਂਗ ਨੇ ਪ੍ਰਤੀਕਿਰਿਆ ਦਿੰਦਿਆਂ ਆਖਿਆ ਹੈ ਕਿ ਨਿਊਜ਼ੀਲੈਂਡ ਨੇ ਭਾਰਤ ਨੂੰ ਹਾਈ ਰਿਸਕ ਸੂਚੀ `ਚ ਰੱਖ ਕੇ ਅਨਿਆਂ ਕੀਤਾ ਸੀ ਕਿਉਂਕਿ ਕਈ ਦੇਸ਼ਾਂ ਨੇ ਬਹੁਤ ਪਹਿਲਾਂ ਜੌ ਭਾਰਤ ਨੂੰ ਹਾਈ ਰਿਸਕ ਸੂਚੀ ਚੋਂ ਬਾਹਰ ਕੱਢ ਦਿੱਤਾ ਸੀ। ਪਰ ਦੇਰੀ ਕਰਨ ਨਾਲ ਨਿਊਜ਼ੀਲੈਂਡ ਦੀ ਸਾਖ਼ ਨੂੰ ਧੱਬਾ ਲੱਗਾ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਸਰਕਾਰ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਵਿਦੇਸ਼ਾਂ ਚੋਂ ਆਉਣ ਵਾਲੇ ਜਿਆਦਾਤਰ ਵਰਕਰ ਭਾਰਤ ਚੋਂ ਹੀ ਆਉਂਦੇ ਹਨ।ਜਿ਼ਕਰਯੋਗ ਹੈ ਕਿ ਵਾਇਆ ਦੁਬਈ ਆਉਣ ਨਾਲ ਭਾਰਤ ਵਾਸੀਆਂ ਨੂੰ ਬਹੁਤ ਮੁਸ਼ਕਲ ਆਉਂਦੀ ਸੀ। ਇਸ ਬਾਬਤ ਪਿਛਲੇ ਦਿਨੀਂ ਭਾਰਤ ਦੇ ਵਿਦੇਸ਼ ਮੰਤਰੀ ਡਾ ਐਸ ਜੈ ਸ਼ੰਕਰ ਨੇ ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਾਨੱਈਆ ਮਾਹੁਟਾ ਨਾਲ ਗੱਲਬਾਤ ਵੀ ਕੀਤੀ ਸੀ ਅਤੇ ਹਾਈ ਰਿਸਕ ਸੂਚੀ ਵਾਲਾ ਮੁੱਦਾ ਵੀ ਵਿਚਾਰਿਆ ਗਿਆ ਸੀ।

Related posts

Saying Yes To International Students – And Economic Growth !

admin

Backing Cultural Festivals That Bring Victorians Together !

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin