ਚੰਡੀਗੜ੍ਹ – ਬਠਿੰਡਾ ਥਰਮਲ ਪਲਾਂਟ ਦੀ ਯੂਨੀਅਨ ਦੇ ਆਗੂ ਗੁਰਸੇਵਕ ਸਿੰਘ ਦਾ ਤਬਾਦਲਾ ਕਰਵਾਉਣਾ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਉੱਚ ਅਦਾਲਤ ਵਿਚ ਮਹਿੰਗਾ ਪੈ ਗਿਆ। ਹਾਈ ਕੋਰਟ ਦੀ ਸਖ਼ਤੀ ਪਿੱਛੋਂ ਮਨਪ੍ਰੀਤ ਦੀ ਸਿਫ਼ਾਰਸ਼ ‘ਤੇ ਯੂਨੀਅਨ ਆਗੂ ਦੇ ਬਠਿੰਡਾ ਤੋਂ ਰੋਪੜ ਕੀਤੇ ਗਏ ਤਬਾਦਲੇ ਦੇ ਹੁਕਮ ਸ਼ੁੱਕਰਵਾਰ ਨੂੰ ਸਰਕਾਰ ਨੇ ਵਾਪਸ ਲੈ ਲਏ ਹਨ। ਇਸ ਬਾਰੇ ਹਾਈ ਕੋਰਟ ਵਿਚ ਜਾਣਕਾਰੀ ਦੇ ਦਿੱਤੀ ਗਈ ਹੈ।ਇਸ ਪਟੀਸ਼ਨ ‘ਤੇ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਸੂਬੇ ਦੇ ਐਡਵੋਕੇਟ ਜਨਰਲ ਡੀਐੱਸ ਪਟਵਾਲੀਆ ਨੇ ਹਾਈ ਕੋਰਟ ਨੂੰ ਦੱਸਿਆ ਕਿ ਯੂਨੀਅਨ ਆਗੂ ਦੇ ਤਬਾਦਲੇ ਦੇ ਹੁਕਮ ਹੁਣ ਸਰਕਾਰ ਵਾਪਸ ਲੈ ਲਏ ਹਨ। ਗੁਰਸੇਵਕ ਨੇ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿਚ ਪਟੀਸ਼ਨ ਪਾਈ ਸੀ ਤੇ ਕਿਹਾ ਸੀ ਕਿ ਸਰਕਾਰ ਨੇ ਜਦੋਂ ਬਠਿੰਡਾ ਦੇ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ ਤਾਂ ਉਹ ਤੇ ਉਨ੍ਹਾਂ ਦੀ ਯੂਨੀਅਨ ਦੇ ਲੋਕ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਸਨ।ਇਸ ਕਾਰਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੀਐੱਸਪੀਐੱਲ ਦੇ ਸੀਐੱਮਡੀ ਨੂੰ 26 ਅਕਤੂਬਰ ਨੂੰ ਚਿੱਠੀ ਲਿਖ ਕੇ ਗੁਰਸੇਵਕ ਦਾ ਤਬਾਦਲਾ ਬਠਿੰਡਾ ਤੋਂ ਬਾਹਰ ਕਰਨ ਨੂੰ ਕਿਹਾ। ਇਸ ਪਿੱਛੋਂ ਉਨ੍ਹਾਂ ਨੂੰ 3 ਨਵੰਬਰ ਨੂੰ ਬਠਿੰਡਾ ਤੋਂ ਰੋਪੜ ਟਰਾਂਸਫਰ ਕਰ ਦਿੱਤਾ ਗਿਆ। ਆਪਣੀ ਬਦਲੀ ਦੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਉਨ੍ਹਾਂ ਨੇ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਸੀ। ਦੱਸਿਆ ਗਿਆ ਹੈ ਕਿ ਮੁੱਦਈ ਨੇ 30 ਅਪ੍ਰੈਲ ਨੂੰ ਸੇਵਾ ਮੁਕਤ ਹੋਣਾ ਹੈ ਤੇ ਨੀਤੀ ਮੁਤਾਬਕ ਜਿਸ ਮੁਲਾਜ਼ਮ ਦੀ ਸੇਵਾ ਮੁਕਤੀ ਵਿਚ ਸਾਲ ਤੋਂ ਘੱਟ ਦਾ ਸਮਾਂ ਰਹਿੰਦਾ ਹੋਵੇ, ਉਹਦੀ ਬਦਲੀ ਨਹੀਂ ਕੀਤੀ ਜਾ ਸਕਦੀ ਹੁੰਦੀ।