ਜੈਪੁਰ – ਰਾਜਸਥਾਨ ਕਾਂਗਰਸ ’ਚ ਸੁਲ੍ਹਾ ਦੀ ਸ਼ੁਰੂਆਤ ਹੋਈ ਤਾਂ ਭਾਜਪਾ ’ਚ ਸਿਆਸੀ ਖਿੱਚੋਤਾਣ ਤੇਜ਼ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ‘ਦੇਵ ਦਰਸ਼ਨ ਯਾਤਰਾ’ ਦੇ ਬਹਾਨੇ ਸੂਬੇ ਵਿਚ ਸਿਆਸੀ ਰੂਪ ਨਾਲ ਮਹੱਤਵਪੂਰਨ ਮੰਨੇ ਜਾਣ ਵਾਲੇ ਛੇ ਜ਼ਿਲ੍ਹਿਆਂ ਵਿਚ ਜਾ ਕੇ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ। ਵਸੁੰਧਰਾ ਦੀ 23 ਤੋਂ 27 ਨਵੰਬਰ ਤਕ ਪੰਜ ਦਿਨਾਂ ਦੀ ਯਾਤਰਾ ਵਿਚ ਅੱਧਾ ਦਰਜਨ ਸੰਸਦ ਮੈਂਬਰ, ਵਿਧਾਇਕ, ਸਾਬਕਾ ਵਿਧਾਇਕ ਅਤੇ ਵਰਕਰ ਤਾਂ ਵੱਡੀ ਗਿਣਤੀ ਵਿਚ ਜੁਟੇ, ਪਰ ਸੰਗਠਨ ਦੇ ਅਹੁਦੇਦਾਰਾਂ ਨੇ ਦੂਰੀ ਬਣਾਏ ਰੱਖੀ। ਸੂਤਰਾਂ ਮੁਤਾਬਕ, ਸੂਬਾ ਲੀਡਰਸ਼ਿਪ ਨੇ ਸੰਗਠਨ ਦੇ ਜ਼ਿਲ੍ਹਾ ਤੇ ਮੰਡਲ ਅਹੁਦੇਦਾਰਾਂ ਨੂੰ ਵਸੁੰਧਰਾ ਦੀ ਯਾਤਰਾ ਤੋਂ ਦੂਰੀ ਬਣਾ ਕੇ ਰੱਖਣ ਦਾ ਸੰਦੇਸ਼ ਦਿੱਤਾ ਸੀ। ਹਾਲਾਂਕਿ, ਇਸ ਸੰਦੇਸ਼ ਦੇ ਬਾਵਜੂਦ ਕੁਝ ਨੇਤਾ ਵਸੁੰਧਰਾ ਨੂੰ ਚਿਹਰਾ ਦਿਖਾਉਣ ਪੁੱਜੇ, ਜਿਨ੍ਹਾਂ ਨੂੰ ਬਾਅਦ ਵਿਚ ਸੂਬਾ ਲੀਡਰਸ਼ਿਪ ਤੋਂ ਝਾੜਾਂ ਵੀ ਪਈਆਂ। ਪਿਛਲੇ ਤਿੰਨ ਸਾਲ ਤੋਂ ਪਾਰਟੀ ਲੀਡਰਸ਼ਿਪ ਨੇ ਵਸੁੰਧਰਾ ਨੂੰ ਸੂਬੇ ਦੇ ਸੰਗਠਨਾਤਮਕ ਫ਼ੈਸਲਿਆਂ ਤੋਂ ਦੂਰ ਰੱਖਿਆ ਹੈ। ਉਹ ਖ਼ੁਦ ਵੀ ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਤੇ ਸਥਾਨਕ ਲੋਕਲ ਬਾਡੀ ਦੀਆਂ ਚੋਣਾਂ ਦੀ ਮੁਹਿੰਮ ਤੋਂ ਦੂਰ ਹੀ ਰਹੀ। ਹੁਣ ਜਦੋਂ ਵਿਧਾਨ ਸਭਾ ਚੋਣਾਂ ਵਿਚ ਦੋ ਸਾਲ ਦਾ ਸਮਾਂ ਬਾਕੀ ਬਚਿਆ ਹੈ ਤਾਂ ਉਹ ਸਰਗਰਮ ਹੋ ਗਈ ਹੈ। ਉਨ੍ਹਾਂ ‘ਦੇਵ ਦਰਸ਼ਨ ਯਾਤਰਾ’ ਜ਼ਰੀਏ ਪਾਰਟੀ ਲੀਡਰਸ਼ਿਪ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਵਸੁੰਧਰਾ ਦੀ ਇਸ ਕੋਸ਼ਿਸ਼ ਦਾ ਪਾਰਟੀ ਲੀਡਰਸ਼ਿਪ ’ਤੇ ਕਿੰਨਾ ਅਸਰ ਹੋਇਆ ਹੈ, ਇਹ ਤਾਂ ਆਉਣ ਵਾਲੇ ਸਮੇਂ ਵਿਚ ਪਤਾ ਲੱਗੇਗਾ, ਪਰ ਉਨ੍ਹਾਂ ਆਪਣੇ ਸਮਰਥਕਾਂ ਨੂੰ ਇਕਜੁੱਟ ਤੇ ਸਰਗਰਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਵਸੁੰਧਰਾ ਨੇ ਆਪਣੀ ਯਾਤਰਾ 23 ਤਰੀਕ ਨੂੰ ਚਿਤੌੜਗੜ੍ਹ ਦੇ ਸਾਂਵਰੀਆ ਜੀ ਮੰਦਰ ਤੋਂ ਸ਼ੁਰੂ ਕੀਤੀ ਸੀ ਅਤੇ ਸਮਾਪਤੀ 27 ਨਵੰਬਰ ਨੂੰ ਅਜਮੇਰ ਦੇ ਸਲੇਮਾਬਾਦ ’ਚ ਕੀਤੀ। ਇਸ ਦੌਰਾਨ ਉਹ ਚਿਤੌੜਗੜ੍ਹ, ਬਾਂਸਵਾੜਾ, ਰਾਜਸਮੰਦ, ਉਦੈਪੁਰ, ਭੀਲਵਾੜਾ ਅਤੇ ਅਜਮੇਰ ਜ਼ਿਲ੍ਹਿਆਂ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਨਾਲ ਹੀ ਮਰਹੂਮ ਭਾਜਪਾ ਨੇਤਾਵਾਂ ਦੇ ਘਰਾਂ ’ਚ ਵੀ ਗਈ।