ਬਠਿੰਡਾ – ਬਠਿੰਡਾ ਵਿਚ ਸ਼ੁੱਕਰਵਾਰ ਨੂੰ ਭਾਜਪਾ ਦੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦੌਰੇ ਸਮੇਂ ਭਾਜਪਾ ਆਗੂਆਂ ਦਾ ਪੁਲਿਸ ਦੇ ਨਾਲ ਵਿਵਾਦ ਹੋ ਗਿਆ। ਇਸ ਤੋਂ ਬਾਅਦ ਭਾਜਪਾ ਆਗੂਆਂ ਨੇ ਐੱਸਐੱਸਪੀ ਦਫ਼ਤਰ ਦੇ ਅੱਗੇ ਧਰਨਾ ਲਾਉਣ ਦੀ ਯੋਜਨਾ ਵੀ ਬਣਾਈ ਪਰ ਐੱਸਐੱਸਪੀ ਦੇ ਪੁਲਿਸ ਲਾਈਨ ਵਿਚ ਬੈਠੇ ਹੋਣ ਤੋਂ ਬਾਅਦ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਪੁਲਿਸ ਲਾਈਨ ਵਿਚ ਪਹੁੰਚੇ, ਜਿੱਥੇ ਉਨਾਂ੍ਹ ਵੱਲੋਂ ਆਪਸ ‘ਚ ਮੀਟਿੰਗ ਕਰ ਕੇ ਮਾਮਲੇ ਨੂੰ ਸੁਲਝਾਇਆ ਗਿਆ। ਭਾਵੇਂ ਕਿ ਪੰਜਾਬ ਪ੍ਰਧਾਨ ਸ਼ਰਮਾ ਨੇ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਸਿਰਫ ਐੱਸਐੱਸਪੀ ਨੂੰ ਮਿਲਣ ਲਈ ਆਏ ਸਨ ਤਾਂ ਐੱਸਐੱਸਪੀ ਅਜੇ ਮਲੂਜਾ ਨੇ ਕਿਹਾ ਕਿ ਉਨਾਂ੍ਹ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ। ਇਸ ਦੌਰਾਨ ਡੀਸੀ ਅਰਵਿੰਦਪਾਲ ਸਿੰਘ ਸੰਧੂ ਵੀ ਮੌਜੂਦ ਰਹੇ। ਅਸਲ ਵਿਚ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਬਠਿੰਡਾ ਵਿਚ ਵਰਕਰਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਨ। ਸੂਤਰਾਂ ਅਨੁਸਾਰ ਦੁਪਹਿਰ ਸਮੇਂ ਜਦੋਂ ਉਹ ਕਿਸੇ ਹੋਟਲ ਵਿਚ ਖਾਣਾ ਖਾਣ ਲਈ ਗਏ ਤਾਂ ਉਥੇ ਪੁੱਜੇ ਪੁਲਿਸ ਪ੍ਰਸ਼ਾਸਨ ਨੇ ਭਾਜਪਾ ਆਗੂਆਂ ਨੂੰ ਸੂਚਨਾ ਦਿੱਤੀ ਕਿ ਕਿਸਾਨ ਵਿਰੋਧ ਕਰਨ ਲਈ ਆ ਰਹੇ ਹਨ। ਇਸ ਦੌਰਾਨ ਮੌਕੇ ‘ਤੇ ਤਾਇਨਾਤ ਇਕ ਪੁਲਿਸ ਅਧਿਕਾਰੀ ਨਾਲ ਜਦੋਂ ਭਾਜਪਾ ਆਗੂਆਂ ਨੇ ਉਸ ਦੀ ਸੁਰੱਖਿਆ ਨੂੰ ਲੈ ਕੇ ਗੱਲਬਾਤ ਕੀਤੀ ਤਾਂ ਉਹ ਬੁਰਾ ਭਲਾ ਬੋਲਣ ਲੱਗਾ, ਇਸਦੇ ਵਿਰੋਧ ‘ਚ ਰੋਸ ਵਿਚ ਆਏ ਭਾਜਪਾ ਆਗੂਆਂ ਨੇ ਐੱਸਐੱਸਪੀ ਦਫ਼ਤਰ ਦੇ ਅੱਗੇ ਧਰਨਾ ਲਾਉਣ ਦੀ ਯੋਜਨਾ ਬਣਾਈ, ਜਿਸ ਲਈ ਸਾਰੇ ਆਗੂ ਇਕੱਠੇ ਵੀ ਹੋਣ ਲੱਗੇ ਪਰ ਐੱਸਐੱਸਪੀ ਦੇ ਪੁਲਿਸ ਲਾਈਨ ਵਿਚ ਬੈਠੇ ਹੋਣ ਤੋਂ ਬਾਅਦ ਸਾਰੇ ਉਥੇ ਪਹੁੰਚੇ, ਜਿੱਥੇ ਮੀਟਿੰਗ ਕਰਕੇ ਮਾਮਲੇ ਨੂੰ ਸੁਲਝਾਇਆ ਗਿਆ, ਜਦੋਂ ਕਿ ਮੀਟਿੰਗ ਦੇ ਬਾਹਰ ਖੜ੍ਹੇ ਲੋਕਲ ਭਾਜਪਾ ਦੇ ਆਗੂਆਂ ਨੇ ਦੋਸ਼ ਲਾਇਆ ਕਿ ਉਹ ਦੁਪਹਿਰ ਦੇ ਸਮੇਂ ਖਾਣਾ ਖਾਣ ਲਈ ਗਏ ਸਨ ਤਾਂ ਉੱਥੇ ਤਾਇਨਾਤ ਇਕ ਡੀਐੱਸਪੀ ਰੈਂਕ ਦੇ ਅਧਿਕਾਰੀ ਨੇ ਉਨਾਂ੍ਹ ਨਾਲ ਦੁਰਵਿਵਹਾਰ ਕੀਤਾ, ਜਦੋਂ ਕਿ ਇਸ ਤਰਾਂ੍ਹ ਅੱਜ ਤਕ ਨਹੀਂ ਹੋਇਆ। ਉਨਾਂ੍ਹ ਦੋਸ਼ ਲਾਇਆ ਕਿ ਉਹ ਸਭ ਕੁਝ ਪੁਲਿਸ ਵੱਲੋਂ ਕਾਂਗਰਸ ਦੀ ਸ਼ਹਿ ‘ਤੇ ਕੀਤਾ ਜਾ ਰਿਹਾ ਹੈ ਜਦੋਂਕਿ ਪੁਲਿਸ ਕਾਂਗਰਸ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਉਧਰ ਐੱਸਐੱਸਪੀ ਨਾਲ ਮੀਟਿੰਗ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਫਿਰ ਤੋਂ ਉਸ ਜਗ੍ਹਾ ‘ਤੇ ਮੀਟਿੰਗ ਕੀਤੀ ਗਈ।ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ 2022 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਵੱਲੋਂ ਸਾਰੀਆਂ 117 ਸੀਟਾਂ ‘ਤੇ ਚੋਣਾਂ ਲੜੀਆਂ ਜਾਣਗੀਆਂ, ਜਿਸ ਲਈ ਯੋਗ ਉਮੀਦਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪ੍ਰਧਾਨ ਅਸ਼ਵਨੀ ਸ਼ਰਮਾ ਸ਼ੁੱਕਰਵਾਰ ਨੂੰ ਬਠਿੰਡਾ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਨ। ਉਨਾਂ੍ਹ ਵੱਲੋਂ ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ ਤੇ ਮੌੜ ਹਲਕੇ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਉਨਾਂ੍ਹ ਦੱਸਿਆ ਕਿ ਉਹ ਲੰਘੇ ਇਕ ਹਫ਼ਤੇ ਤੋਂ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਜਾ ਕੇ ਲੋਕਾਂ ਨਾਲ ਸੰਪਰਕ ਬਣਾ ਰਹੇ ਹਨ, ਜਿਸ ਤਹਿਤ ਹੁਣ ਤਕ 23 ਹਲਕਿਆਂ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰ ਚੁੱਕੇ ਹਨ, ਜਿਸ ਦੇ ਚਲਦੇ ਹੁਣ ਬਠਿੰਡਾ ਵਿਚ ਮੀਟਿੰਗ ਕੀਤੀ ਗਈ ਹੈ। ਉਨਾਂ੍ਹ ਕਿਹਾ ਕਿ ਉਹ ਪੰਜਾਬ ਨੂੰ ਭਿ੍ਸ਼ਟਾਚਾਰ ਮੁਕਤ, ਨਸ਼ਾ ਮੁਕਤ ਕਰਨਾ ਚਾਹੁੰਦੇ ਹਨ। ਉਹ ਇਸ ਤਰਾਂ੍ਹ ਦੇ ਪੰਜਾਬ ਦਾ ਨਿਰਮਾਣ ਕਰਨਾ ਚਾਹੁੰਦੇ ਹਨ, ਜਿਸ ਵਿਚ ਕੋਈ ਵੀ ਬੇਰੁਜ਼ਗਾਰ ਨਾ ਰਹੇ। ਉਨਾਂ੍ਹ ਕੇਜਰੀਵਾਲ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿਚ ਵਧੀਆ ਸਕੂਲਾਂ ਦਾ ਨਿਰਮਾਣ ਕੀਤਾ ਜਾਵੇਗਾ ਪਰ ਕੇਜਰੀਵਾਲ ਪਹਿਲਾਂ ਇਹ ਸਪੱਸ਼ਟ ਕਰਨ ਕਿ ਦਿੱਲੀ ਵਿਚ ਚੱਲ ਰਹੇ ਕਿੰਨੇ ਸਕੂਲਾਂ ਵਿਚ ਪਿੰ੍ਸੀਪਲ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਜਦੋਂ ਕਿ ਸਕੂਲਾਂ ਵਿਚ ਠੇਕੇ ‘ਤੇ ਲੋਕਾਂ ਨੂੰ ਰੱਖ ਕੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨਾਂ੍ਹ ਕਿਹਾ ਕਿ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਵੀ ਕੇਵਲ ਐਲਾਨ ਹੀ ਕਰ ਰਹੇ ਹਨ ਪਰ ਲੋਕਾਂ ਨਾਲ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।