Articles

ਥਾਣੇਦਾਰ ਦੇ ਹਾਵ ਭਾਵ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਪੁਲਿਸ ਵਾਲਿਆਂ ਦੀ ਜ਼ਿੰਦਗੀ ਵਿੱਚ ਕਈ ਵਾਰ ਅਜੀਬ ਵਾਕਿਆਤ ਪੇਸ਼ ਆਉਂਦੇ ਹਨ। ਊਠ ‘ਤੇ ਚੜ੍ਹੇ ਨੂੰ ਕੁੱਤਾ ਵੱਢ ਜਾਣ ਵਾਲੀ ਗੱਲ ਹੋ ਜਾਂਦੀ ਹੈ। ਕਈ ਸਾਲ ਪਹਿਲਾਂ ਥਾਣੇਦਾਰ ਰਾਜਵਿੰਦਰ ਸਿੰਘ (ਨਾਮ ਬਦਲਿਆ ਹੋਇਆ) ਅੰਮ੍ਰਿਤਸਰ ਦੇ ਨਜ਼ਦੀਕ ਕਿਸੇ ਥਾਣੇ ਦਾ ਐੱਸ.ਐੱਚ.ਉ. ਲੱਗਾ ਹੋਇਆ ਸੀ। ਉਸ ਦਾ ਘਰ ਅੰਮ੍ਰਿਤਸਰ ਸੀ ਤੇ ਅਕਸਰ ਹੀ ਉਹ ਦੂਸਰੇ ਚੌਥੇ ਦਿਹਾੜੇ ਰਾਤ ਨੂੰ ਘਰ ਚਲਾ ਜਾਂਦਾ ਸੀ। ਥਾਣੇ ਵਿੱਚ ਲੱਗੇ ਅਫਸਰ ਨੂੰ ਕਈ ਪ੍ਰਕਾਰ ਦੀਆਂ ਸਹੂਲਤਾਂ ਪ੍ਰਾਪਤ ਹੋ ਜਾਂਦੀਆਂ ਹਨ। ਕਦੇ ਕੋਈ ਵਿਆਹ ਸ਼ਾਦੀ ਦੇ ਕਾਰਡ ਨਾਲ ਮਿਠਾਈ ਦਾ ਡੱਬਾ ਦੇ ਜਾਂਦਾ ਹੈ ਤੇ ਕਦੇ ਕੋਈ ਬਾਗਾਂ ਦਾ ਠੇਕੇਦਾਰ ਸੰਤਰਿਆਂ, ਕਿੰਨੂਆਂ ਜਾਂ ਅਮਰੂਦਾਂ ਦਾ ਤੋੜਾ (ਗੱਟਾ) ਥਾਣੇ ਪਹੁੰਚਾ ਦਿੰਦਾ ਹੈ। ਰਾਜਵਿੰਦਰ ਵੀ ਜਦੋਂ ਘਰ ਜਾਂਦਾ ਤਾਂ ਪੱਲਿਉਂ ਜਾਂ ਤੋਹਫੇ ਵਜੋਂ ਮਿਲੇ ਫਲ ਫਰੂਟ ਲੈ ਕੇ ਜਾਂਦਾ। ਬੱਚੇ ਵੀ ਉਡੀਕਦੇ ਰਹਿੰਦੇ ਕਿ ਭਾਪਾ ਜੀ ਕੁਝ ਨਾ ਕੁਝ ਲੈ ਕੇ ਹੀ ਆਉਣਗੇ। ਰਾਜਵਿੰਦਰ ਦੀ ਕੋਠੀ ਦੇ ਨਾਲ ਦੇ ਘਰ ਵਾਲੇ ਅਮਰੀਕਾ ਰਹਿੰਦੇ ਸਨ ਤੇ ਕੋਠੀ ਦੀ ਉੱਪਰਲੀ ਮੰਜ਼ਿਲ ਉਨ੍ਹਾਂ ਨੇ ਕਿਰਾਏ ‘ਤੇ ਦਿੱਤੀ ਹੋਈ ਸੀ। ਕਿਰਾਏਦਾਰ ਦੀ ਪਤਨੀ ਕਾਫੀ ਖੂਬਸੂਰਤ ਅਤੇ ਤੇਜ਼ ਤਰਾਰ ਕਿਸਮ ਦੀ ਸੀ। ਜਦੋਂ ਵੀ ਰਾਜਵਿੰਦਰ ਨੇ ਘਰ ਆਉਣਾ ਤਾਂ ਕਿਰਾਏਦਾਰ ਦਾ 6 – 7 ਸਾਲ ਦਾ ਮੁੰਡਾ ਗਲੀ ਵਿੱਚ ਖੇਡਦਾ ਹੋਇਆ ਮਿਲ ਜਾਣਾ ਜੋ ਕਾਫੀ ਲੀਚੜ ਕਿਸਮ ਦਾ ਜੀਵ ਸੀ। ਉਸ ਨੇ ਥਾਣੇਦਾਰ ਦੇ ਹੱਥਾਂ ਵਿੱਚ ਫੜ੍ਹੇ ਹੋਏ ਫਲਾਂ ਵਾਲੇ ਲਿਫਾਫੇ ਵੇਖ ਕੇ ਚੀਜ਼ੀ ਮੰਗ ਲੈਣੀ। ਰਾਜਵਿੰਦਰ ਨੇ ਵੀ ਉਸ ਨੂੰ ਕਦੇ ਨਿਰਾਸ਼ ਨਹੀਂ ਸੀ ਕੀਤਾ, ਕਦੇ ਕੇਲਾ ਤੇ ਕਦੇ ਸੇਬ ਉਸ ਦੀ ਤਲੀ ‘ਤੇ ਧਰ ਦੇਣਾ।
ਥੋੜ੍ਹੇ ਦਿਨਾਂ ਬਾਅਦ ਜਦੋਂ ਗੁਆਂਢਣ ਨੇ ਤਿਰਸ਼ੀ ਜਿਹੀ ਮੁਸਕਰਾਹਟ ਨਾਲ ਰਾਜਵਿੰਦਰ ਦਾ ਧੰਨਵਾਦ ਕੀਤਾ ਤਾਂ ਉਹ ਬਾਗੋ-ਬਾਗ ਹੋ ਗਿਆ। ਇੱਕ ਦੋ ਫਲਾਂ ਤੋਂ ਵਧਦੀ ਹੋਈ ਗੱਲ ਦਰਜ਼ਨਾਂ ਕੇਲੇ, ਦੋ ਚਾਰ ਕਿੱਲੋ ਸੇਬ ਅਤੇ ਬਰਫੀ ਦੇ ਡੱਬਿਆਂ ਤੱਕ ਪਹੁੰਚ ਗਈ। ਇਸ ਤੋਂ ਪਹਿਲਾਂ ਕਿ ਤੋਤਾ ਮੈਣਾ ਦੀ ਇਹ ਪ੍ਰੇਮ ਕਹਾਣੀ ਕਿਸੇ ਅੰਜ਼ਾਮ ਤੱਕ ਪਹੁੰਚਦੀ, ਰਾਜਵਿੰਦਰ ਦੀ ਚੰਗੀ ਭਲੀ ਚੱਲਦੀ ਥਾਣੇਦਾਰੀ ਨੂੰ ਹੀਰ ਦੇ ਚਾਚੇ ਕੈਦੋਂ ਵਰਗੇ ਕਿਸੇ ਚੰਦਰੇ ਦੀ ਭੈੜੀ ਨਜ਼ਰ ਲੱਗ ਗਈ। ਉਹ ਖਾਧੀ ਪੀਤੀ ਵਿੱਚ ਇਲਾਕੇ ਦੇ ਇੱਕ ਅਹਿਮ ਲੀਡਰ ਨੂੰ ਕਿਸੇ ਕੰਮ ਤੋਂ ਜਵਾਬ ਦੇ ਬੈਠਾ। ਬੱਸ ਅੱਧੇ ਪੌਣੇ ਘੰਟੇ ਵਿੱਚ ਹੀ ਉਸ ਦੀ ਬਦਲੀ ਪੁਲਿਸ ਲਾਈਨ ਦੀ ਕਰ ਦਿੱਤੀ ਗਈ। ਜਿਲ੍ਹੇ ਦਾ ਐਸ.ਐਸ.ਪੀ. ਉਸ ਤੋਂ ਪਹਿਲਾਂ ਹੀ ਖਾਰ ਖਾਈ ਬੈਠਾ ਸੀ, ਕਿਉਂਕਿ ਰਾਜਵਿੰਦਰ ਉਸ ਤੋਂ ਵੇਹਰ ਕੇ ਸਿਆਸੀ ਸ਼ਿਫਾਰਿਸ਼ ਨਾਲ ਐੱਸ.ਐੱਚ.ਉ. ਲੱਗਾ ਸੀ ਤੇ ਕਦੇ ਲੋਹੜੀ ਦਿਵਾਲੀ ਵੇਲੇ ਉਸ ਨੂੰ ਸਲਾਮ ਮਾਰਨ ਨਹੀਂ ਸੀ ਗਿਆ। ਪੁਲਿਸ ਲਾਈਨ ਵਿੱਚ ਕੋਈ ਕੰਮ ਤਾਂ ਹੁੰਦਾ ਨਹੀਂ, ਬੱਸ ਵਿਹਲੇ ਹੀ ਰਹਿਣਾ ਹੁੰਦਾ ਹੈ। ਕੁਝ ਦਿਨਾਂ ਬਾਅਦ ਰਾਜਵਿੰਦਰ ਫਿਰ ਸ਼ਰਾਬ ਦੇ ਲੋਰ ਵਿੱਚ ਕਿਸੇ ਸਾਹਮਣੇ ਪਾਡੀ ਮਾਰ ਬੈਠਾ ਕਿ ਲੀਡਰ ਨੇ ਮੇਰਾ ਕੀ ਵਿਗਾੜ ਲਿਆ ਆ, ਆਹ ਟੌਹਰ ਨਾਲ ਬੈਠੇ ਆਂ। ਜਦੋਂ ਜੀਅ ਕੀਤਾ ਦੁਬਾਰਾ ਐੱਸ.ਐੱਚ.ਉ ਲੱਗ ਜਾਵਾਂਗੇ। ਦੁਸ਼ਮਣਾਂ ਨੇ ਉਸ ਦੀ ਗੱਲ ਲੂਣ ਮਿਰਚ ਲਗਾ ਕੇ ਲੀਡਰ ਸਾਹਮਣੇ ਜਾ ਪਰੋਸੀ ਕਿ ਜ਼ਨਾਬ ਉਹ ਤਾਂ ਤੁਹਾਡੀ ਪ੍ਰਵਾਹ ਹੀ ਨਹੀਂ ਕਰ ਰਿਹਾ, ਕਹਿੰਦਾ ਮੈਂ ਤਾਂ ਮੌਜ਼ਾਂ ਕਰ ਰਿਹਾ ਹਾਂ।
ਲੀਡਰ ਨੇ ਉਸੇ ਵੇਲੇ ਐੱਸ.ਐੱਸ.ਪੀ. ਨੂੰ ਫੋਨ ਮਾਰਿਆ ਕਿ ਇਸ ਬਾਗੀ ਥਾਣੇਦਾਰ ਨੂੰ ਐਸਾ ਸਬਕ ਸਿਖਾਉ ਕਿ ਇਸ ਦਾ ਦਿਮਾਗ ਸੈਂਟਰ ਵਿੱਚ ਆ ਜਾਵੇ। ਬੱਸ ਅਗਲੇ ਦਿਨ ਤੋਂ ਰਾਜਵਿੰਦਰ ਦੇ ਬੁਰੇ ਦਿਨ ਸ਼ੁਰੂ ਹੋ ਗਏ। ਪੁਲਿਸ ਲਾਈਨ ਦੇ ਮੁੰਸ਼ੀ ਅਤੇ ਐਲ.ਉ. ਆਦਿ, ਐਸ.ਐਚ.ਉਆਂ ਨੂੰ ਪਹਿਲਾਂ ਹੀ ਚੰਗਾ ਨਹੀਂ ਸਮਝਦੇ। ਜੇ ਕੋਈ ਐਸ.ਐਚ.ਉ. ਪੋਸਟਿੰਗ ਸਮੇਂ ਇਨ੍ਹਾਂ ਨੂੰ ਗਾਹੇ ਬਗਾਹੇ ਦੋ ਚਾਰ ਬੋਤਲਾਂ ਭੇਜਦਾ ਰਹੇ ਤਾਂ ਉਸ ਦੀ ਪੁਲਿਸ ਲਾਈਨ ਦੀ ਪੋਸਟਿੰਗ ਚੰਗੀ ਕੱਟੀ ਜਾਂਦੀ ਹੈ। ਪਰ ਜੇ ਕੋਈ ਰਾਜਵਿੰਦਰ ਵਰਗਾ ਕਾਬੂ ਆ ਜਾਵੇ ਤਾਂ ਫਿਰ ਉਸ ਦੇ ਪੈਰ ਨਹੀਂ ਲੱਗਣ ਦਿੰਦੇ। ਰਾਜਵਿੰਦਰ ਨੂੰ ਵੀ ਸਭ ਤੋਂ ਔਖੀ ਮੰਨੀ ਜਾਂਦੀ ਪੇਸ਼ੀ ਡਿਊਟੀ ‘ਤੇ ਲਗਾ ਦਿੱਤਾ ਗਿਆ, ਅੱਜ ਲੁਧਿਆਣੇ ਤੇ ਕਲ੍ਹ ਨੂੰ ਫਿਰੋਜ਼ਪੁਰ। ਅਜੇ ਰਸਤੇ ਵਿੱਚ ਹੀ ਹੁੰਦਾ ਕਿ ਅਗਲੇ ਦਿਨ ਦੀ ਡਿਊਟੀ ਪੜ੍ਹਾ ਦਿੱਤੀ ਜਾਂਦੀ। ਤੜ੍ਹਕੇ ਉੱਠ ਕੇ ਜੇਲ੍ਹ ਵਿੱਚੋਂ ਬਦਮਾਸ਼ ਲੈ ਕੇ ਟਾਈਮ ਸਿਰ ਅਦਾਲਤ ਵਿੱਚ ਪੇਸ਼ ਕਰਨੇ ਪੈਂਦੇ। ਜੇ ਕਿਤੇ ਲੇਟ ਹੋ ਜਾਂਦਾ ਤਾਂ ਜੱਜ ਕੋਲੋਂ ਰੱਜ ਕੇ ਝਿੜ੍ਹਕਾਂ ਪੈਂਦੀਆਂ। ਅੱਗੇ ਬਦਮਾਸ਼ ਵੀ ਪੂਰੇ ਵਿਗੜੇ ਹੋਏ ਹੁੰਦੇ ਹਨ। ਰੰਗ ਬਿਰੰਗੇ ਮੁਕਤਸਰੀ ਕੁੜਤੇ ਪਜਾਮੇ ਪਹਿਨ ਕੇ ਗੁੱਗੂ ਗਿੱਲ ਦੀ ਤਰਾਂ ਆਕੜ ਆਕੜ ਕੇ ਤੁਰਦੇ ਹਨ। ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਬਦਮਾਸ਼ਾਂ ਨੂੰ ਹੱਥਕੜ੍ਹੀ ਨਹੀਂ ਲਗਾਈ ਜਾ ਸਕਦੀ। ਪਰ ਜੇ ਕੋਈ ਬਦਮਾਸ਼ ਹੱਥ ਛੁਡਾ ਕੇ ਭੱਜ ਜਾਵੇ ਤਾਂ ਪੁਲਿਸ ਵਾਲਿਆਂ ਨੂੰ ਨੌਕਰੀ ਤੋਂ ਹੱਥ ਜਰੂਰ ਧੋਣੇ ਪੈ ਸਕਦੇ ਹਨ।
ਨਿੱਤ ਦੀ ਡਿਊਟੀ ਦੇ ਝੰਬੇ ਰਾਜਵਿੰਦਰ ਨੂੰ ਇਸ਼ਕ ਮੁਸ਼ਕ ਭੁੱਲ ਗਿਆ। ਜਦੋਂ ਸੜੇ ਫੂਕੇ ਨੇ ਖਾਲੀ ਹੱਥ ਘਰ ਪਹੁੰਚਣਾ ਤਾਂ ਗੁਆਂਢਣ ਦੇ ਗਿੱਝੇ ਹੋਏ ਲੀਚੜ ਮੁੰਡੇ ਨੇ ਚੀਜ਼ੀ ਲੈਣ ਲਈ ਉਸ ਦੇ ਅੱਗੇ ਹੋ ਜਾਣਾ। ਕਈ ਵਾਰ ਤਾਂ ਐਨਾ ਗੁੱਸਾ ਚੜ੍ਹਨਾ ਕਿ ਉਸ ਦੇ ਦੋ ਚਾਰ ਥੱਪੜ ਜੜਨ ਨੂੰ ਦਿਲ ਕਰਨਾ। ਪਰ ਫਿਰ ਵਿਚਾਰੇ ਨੇ ਗੁਆਂਢਣ ਬਾਰੇ ਸੋਚ ਕੇ ਲਹੂ ਦਾ ਘੁੱਟ ਭਰ ਕੇ ਰਹਿ ਜਾਣਾ। ਪਰ ਰੱਬ ਨੂੰ ਅਜੇ ਰਾਜਵਿੰਦਰ ਦੀ ਹੋ ਰਹੀ ਦੁਰਦਸ਼ਾ ਨਾਲ ਸਬਰ ਨਹੀਂ ਸੀ ਆਇਆ। ਕੁਝ ਦਿਨਾਂ ਬਾਅਦ ਰਾਜਵਿੰਦਰ ਦੀ ਪਤਨੀ ਤੇ ਗੁਆਂਢਣ ਗਲੀ ਵਿੱਚ ਖੜੀਆਂ ਰੇਹੜੀ ਵਾਲੇ ਤੋਂ ਸਬਜ਼ੀ ਖਰੀਦ ਰਹੀਆਂ ਸਨ। ਗੁਆਂਢੀ ਹੋਣ ਕਾਰਨ ਦੋਵਾਂ ਵਿੱਚ ਕਾਫੀ ਸਹੇਲਪੁਣਾ ਹੋ ਗਿਆ ਸੀ। ਗੁਆਂਢਣ ਭੋਲੇ ਭਾਅ ਬੋਲੀ, “ਹੈਂ ਭੈਣ ਜੀ, ਅੱਜ ਕਲ੍ਹ ਭਾਜੀ ਪੁਲਿਸ ਲਾਈਨ ਵਿੱਚ ਲੱਗੇ ਹੋਏ ਨੇ?” ਥਾਣੇਦਾਰਨੀ ਨੂੰ ਸੁਣ ਕੇ ਠੂੰਹੇ ਲੜ ਗਏ। ਉਹ ਹੱਥ ਵਿੱਚ ਫੜ੍ਹੀ ਧਨੀਏ ਦੀ ਗੁੱਛੀ ਰੇਹੜ੍ਹੀ ‘ਤੇ ਸੁੱਟ ਕੇ ਬੋਲੀ, “ਤੈਨੂੰ ਕਿਵੇਂ ਪਤਾ ਲੱਗਾ ਕਿ ਉਹ ਕਿੱਥੇ ਲੱਗੇ ਹੋਏ ਨੇ?” ਆਉਣ ਵਾਲੀ ਪਰਲੋ ਤੋਂ ਅਣਜਾਣ ਗੁਆਂਢਣ ਨੇ ਸਾਰਾ ਭੇਤ ਖੋਲ੍ਹ ਦਿੱਤਾ, “ਭਾਜੀ ਦੇ ਹਾਵ ਭਾਵ ਤੋਂ। ਪਹਿਲਾਂ ਤਾਂ ਉਹ ਮੇਰੇ ਰਿੰਟੂ ਦੇ ਇੱਕ ਕੇਲਾ ਮੰਗਣ ‘ਤੇ ਕੇਲਿਆਂ ਸੇਬਾਂ ਦੇ ਲਿਫਾਫੇ ਫੜ੍ਹਾ ਦਿੰਦੇ ਸਨ, ਹੁਣ ਤੇ ਕਦੇ ਟੌਫੀ ਵੀ ਨਹੀਂ ਦਿੱਤੀ। ਮੈਨੂੰ ਕਿਸੇ ਨੇ ਦੱਸਿਆ ਸੀ ਕਿ ਪੁਲਿਸ ਲਾਈਨ ‘ਚ ਲੱਗਣ ‘ਤੇ ਪੁਲਿਸ ਵਾਲਿਆਂ ਦੇ ਹੱਥ ਪੱਲੇ ਕੁਝ ਨਹੀਂ ਰਹਿੰਦਾ।” ਥਾਣੇਦਾਰਨੀ ਸਕਿੰਟਾਂ ਵਿੱਚ ਸਾਰਾ ਮਾਜ਼ਰਾ ਸਮਝ ਗਈ ਕਿ ਇਥੇ ਤਾਂ ਉਸ ਦੇ ਨੱਕ ਥੱਲੇ ਹੋਰ ਹੀ ਗੇਮ ਚੱਲ ਰਹੀ ਹੈ। ਉਸ ਨੇ ਸਾਖਸ਼ਾਤ ਚੰਡੀ ਦਾ ਰੂਪ ਧਾਰ ਲਿਆ, “ਤੇਰਾ ਬੇੜਾ ਗਰਕ ਹੋ ਜਾਵੇ ਡੈਣੇ। ਤੇਰਾ ਖਸਮ ਮਰ ਗਿਆ ਜੋ ਤੂੰ ਮੇਰੇ ਵਾਲੇ ਦੇ ਹਾਵ ਭਾਵ ਵੇਖਦੀ ਫਿਰਦੀ ਐਂ। ਖੜ੍ਹ ਜਾ ਤੈਨੂੰ ਬਣਾਉਂਦੀ ਆਂ ਬੰਦੇ ਦੀ। ਦੇਨੀ ਆਂ ਤੈਨੂੰ ਬਦਾਮਾਂ ਦੀ ਬੋਰੀ।”
ਬਹੁਤ ਮੁਸ਼ਕਿਲ ਨਾਲ ਆਂਢ ਗੁਆਂਢ ਨੇ ਦੋਵਾਂ ਨੂੰ ਗੁੱਥਮ ਗੁੱਥਾ ਹੋਣ ਤੋਂ ਬਚਾਇਆ। ਰਾਤ ਨੂੰ ਜਦੋਂ ਰਾਜਵਿੰਦਰ ਹਾੜ੍ਹ ਦੇ ਮਹੀਨੇ ਦੀ ਗਰਮੀ ਕਾਰਨ ਪਸੀਨੇ ਨਾਲ ਪੱਥ ਪੱਥ ਹੋਇਆ ਘਰ ਪਹੁੰਚਿਆ ਤਾਂ ਸਾਰੇ ਘਰ ਦੀਆਂ ਬੱਤੀਆਂ ਬੰਦ ਸਨ। ਘਰ ਵਾਲੀ ਕੈਕਈ ਵਾਂਗ ਕੋਪ ਭਵਨ ਵਿੱਚ ਪਈ ਸੀ। ਨਾ ਪਤੀਲੇ ਵਿੱਚ ਸਬਜ਼ੀ ਤੇ ਨਾ ਛਿੱਕੂ ਵਿੱਚ ਰੋਟੀਆਂ। ਜਦੋਂ ਉਸ ਨੇ ਘਰ ਵਾਲੀ ਤੋਂ ਪਾਣੀ ਮੰਗਿਆ ਤਾਂ ਉਹ ਅੱਗੋਂ ਚਾਰੇ ਚੁੱਕ ਕੇ ਪਈ, “ਜਾ ਉਸ ਚੁੜੇਲ ਕੋੋਲੋਂ ਖਾ ਜਾ ਕੇ ਰੋਟੀਆਂ ਜਿਸ ਨੂੰ ਫਲਾਂ ਦੇ ਲਿਫਾਫੇ ਦਿੰਦਾ ਰਿਹਾ ਆਂ।” ਸਾਉਣ ਦੇ ਮਹੀਨੇ ਡਿੱਗੀ ਬਿਜਲੀ ਵਾਂਗ ਪਈ ਇਸ ਨਵੀਂ ਮੁਸੀਬਤ ਕਾਰਨ ਰਾਜਵਿੰਦਰ ਡੌਰ ਭੌਰ ਰਹਿ ਗਿਆ। ਉਸ ਦਾ ਕਲੇਜਾ ਮੂੰਹ ਨੂੰ ਆ ਗਿਆ ਤੇ ਜ਼ਿੰਦਗੀ ਦਾ ਪਹਿਲਾ ਦਿਲ ਦਾ ਦੌਰਾ ਪੈਣ ਦੇ ਲੱਛਣ ਦਿਖਾਈ ਦੇਣ ਲੱਗੇ। ਉਸ ਨੇ ਸੋਚਿਆ ਕਿ ਰੁੱਸੇ ਹੋਏ ਲੀਡਰ ਨੂੰ ਤਾਂ ਉਹ ਕਿਸੇ ਨਾ ਕਿਸੇ ਤਰਾਂ ਹੱਥ ਪੈਰ ਜੋੜ ਕੇ ਮਨਾ ਹੀ ਲੈਂਦਾ, ਪਰ ਇਸ ਗ੍ਰਹਿ ਮੰਤਰੀ ਦਾ ਕੀ ਕਰਾਂ? ਅਖੀਰ ਕਿਤੇ ਮਹੀਨੇ ਵੀਹ ਦਿਨ ਬਾਅਦ ਉਦੋਂ ਉਸ ਦੀ ਖਲਾਸੀ ਹੋਈ, ਜਦੋਂ ਕਿਰਾਏਦਾਰ ਕੇਲਾ ਕਾਂਡ ਤੋਂ ਹੋਈ ਬਦਨਾਮੀ ਕਾਰਨ ਘਰ ਖਾਲੀ ਕਰ ਕੇ ਚਲੇ ਗਏ।

Related posts

ਭਾਰਤ ਇੱਕ ਗਲੋਬਲ ਜਹਾਜ਼ ਨਿਰਮਾਣ ਕੇਂਦਰ ਬਣਨ ਦੇ ਲਈ ਤਿਆਰ

admin

ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸਿੱਖ ਪੰਥ ਦੇ ਨਾਂ ਸੰਦੇਸ਼ !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin