ਪਟਿਆਲਾ – ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦਿਆਂ ਉਨਾਂ ਨੂੰ ਰਾਹਾਂ ਵਿਚ ਕੰਢੇ ਬੀਜਣ ਵਾਲੇ ਤੇ ਹੁਣੇ ਹੇਠਲੇ ਪੱਧਰ ’ਤੇ ਪੁੱਜਣ ਵਾਲੇ ਸਖ਼ਸ਼ ਕਰਾਰ ਦਿੱਤਾ ਹੈ। ਅੱਜ ਇਥੇ ਕੇਂਦਰੀ ਜੇਲ੍ਹ ਵਿਖੇ ਖੇਡ ਸਮਾਗਮ ਵਿਚ ਪੁੱਜੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਵੱਖਰੀ ਪਾਰਟੀ ਬਣਾਏ ਜਾਣ ਅਤੇ ਹਾਈ ਕੋਰਟ ’ਚ ਨਸ਼ਿਆਂ ਦੇ ਮਾਮਲੇ ’ਚ ਰਿਪੋਰਟ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ’ਚ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਬੀਜੇ ਹੋਏ ਕੰਡੇ ਉਹ ਚੁਗ ਰਹੇ ਹਨ, ਕਿਉਂਕਿ ਕੈਪਟਨ ਸਰਕਾਰ ਨੇ ਸਾਢੇ ਚਾਰ ਸਾਲ ਇਸ ਰਿਪੋਰਟ ਨੂੰ ਲਿਫ਼ਾਫੇ ’ਚ ਬੰਦ ਕਰੀ ਰੱਖਿਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਇਸ ਮਾਮਲੇ ਦੀ ਸੁਣਵਾਈ ਹੈ ਅਤੇ ਪੰਜਾਬ ਸਰਕਾਰ ਜਲਦ ਹੀ ਇਸ ਨੂੰ ਲੋਕਾਂ ਦੇ ਸਾਹਮਣੇ ਰੱਖੇਗੀ।ਰੰਧਾਵਾ ਨੇ ਹੋਰ ਕਿਹਾ ਕਿ ਅਫ਼ਸੋਸ ਹੈ ਕਿ ਕੈਪਟਨ, ਖ਼ੁਦ ਕਾਂਗਰਸ ਪ੍ਰਧਾਨ ਹੁੰਦਿਆਂ ਕਦੇ ਪਾਰਟੀ ਦਫ਼ਤਰ ਨਹੀਂ ਗਏ ਤੇ ਮੁੱਖ ਮੰਤਰੀ ਹੁੰਦਿਆਂ ਘਰੋਂ ਨਹੀਂ ਨਿਕਲੇ ਤੇ ਹੁਣ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਅਸਲੀਅਤ ਕੀ ਹੈ, ਜਿਸ ਲਈ ਉਹ ਅੱਜ ਬਹੁਤੇ ਹੇਠਲੇ ਪੱਧਰ ’ਤੇ ਪੁੱਜ ਗਏ ਹਨ।ਇਸ ਤੋਂ ਬਾਅਦ ਕੇਂਦਰੀ ਜੇਲ੍ਹ ਦੇ ਬੰਦੀਆਂ ਨੂੰ ਸੰਬੋਧਨ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਫ਼ਖਰ ਹੈ ਕਿ ਉਹ ਰਾਜ ਦੀਆਂ ਜੇਲ੍ਹਾਂ ’ਚ ਕੁਝ ਸੁਧਾਰ ਕਰ ਸਕੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਜੇਲ੍ਹ ਸੁਧਾਰਾਂ ’ਚ ਪੰਜਾਬ ਬਾਕੀ ਰਾਜਾਂ ਦੀਆਂ ਜੇਲ੍ਹਾਂ ਤੋਂ ਅੱਗੇ ਜਾਵੇਗਾ। ਉਨ੍ਹਾਂ ਕਿਹਾ ਕਿ ਗੁਨਾਹ ਕਰਨ ਵਾਲੇ ਬੰਦੀਆਂ ਦੇ ਬੱਚਿਆਂ ਤੇ ਘਰ ਦੇ ਜੀਆਂ ਦਾ ਕੋਈ ਕਸੂਰ ਨਹੀਂ ਹੁੰਦਾ। ਇਸ ਲਈ ਬੰਦੀ ਆਪਣੇ ਪਰਿਵਾਰਕ ਜੀਆਂ ਦਾ ਧਿਆਨ ਕਰ ਕੇ ਚੰਗੇ ਨਾਗਰਿਕ ਬਣਨ।