ਬਠਿੰਡਾ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਅੰਦਰ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਤਿੰਨ ਕਬੱਡੀ ਕੱਪ ਕਰਵਾਏ ਜਾਣਗੇ। ਉਨ੍ਹਾਂ ਅੱਜ ਬਠਿੰਡਾ ਵਿਚ ਸੂਬੇ ਦੇ ਕਬੱਡੀ ਖਿਡਾਰੀਆਂ ਨਾਲ ਮੀਟਿੰਗ ਦੌਰਾਨ ਕਬੱਡੀ ਨੂੰ ਲੈ ਕੇ ਕਈ ਅਹਿਮ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਕਬੱਡੀ ਨੂੰ ਦੇਸ਼ ਹੀ ਨਹੀਂ ਸਗੋਂ ਦੁਨੀਆਂ ਦੇ ਨਕਸ਼ੇ ’ਤੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਜਿਥੇ ਛੇ ਵਰਲਡ ਕੱਪ ਕਰਵਾਏ ਉਥੇ ਹੀ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਬੱਡੀ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਹੈ ਜਦੋਂ ਕਿ ਦੂਜੀਆਂ ਖੇਡਾਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਇਕ ਵਾਰ ਹੀ ਕਬੱਡੀ ਦੇ ਮੈਚ ਕਰਵਾਏ ਸਨ ਜਿਸ ਦੀ ਇਨਾਮੀ ਰਾਸ਼ੀ 25 ਲੱਖ ਰੁਪਏ ਕਬੱਡੀ ਖਿਡਾਰੀਆਂ ਨੂੰ ਅਜੇ ਤਕ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਲੋਕ ਕ੍ਰਿਕਟ ਨੂੰ ਭੁੱਲ ਕੇ ਕਬੱਡੀ ਨੂੰ ਤਰਜੀਹ ਦੇਣ ਲੱਗੇ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਦੇ ਬਾਅਦ ਸੂਬੇ ਅੰਦਰ ਤਿੰਨ ਕਬੱਡੀ ਕੱਪ ਕਰਵਾਏ ਜਾਣਗੇ ਜਿਨ੍ਹਾਂ ਵਿਚ ਪੰਜਾਬ ਕੱਪ ਲਈ ਇਨਾਮੀ ਰਾਸ਼ੀ ਇੱਕ ਕਰੋੜ ਰੁਪਏ, ਪੰਜਾਬੀ ਲੀਗ ਲਈ ਦੋ ਕਰੋੜ ਰੁਪਏ ਅਤੇ ਵਰਲਡ ਕਬੱਡੀ ਕੱਪ ਲਈ ਪੰਜ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਬੱਡੀ ਖਿਡਾਰੀਆਂ ਦਾ 25 ਲੱਖ ਰੁਪਏ ਦਾ ਬੀਮਾ ਕੀਤਾ ਜਾਵੇਗਾ।ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਦਿਆਂ ਹੀ ਕਬੱਡੀ ਖਿਡਾਰੀਆਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਏ ਕੈਟਾਗਿਰੀ ਦੇ ਸੇਵਾਮੁਕਤ ਹੋਣ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਕੋਚ ਰੱਖੇਗੀ। ਉਨ੍ਹਾਂ ਐਲਾਨ ਕੀਤਾ ਕਿ ਹਰ ਅਸੈਂਬਲੀ ਹਲਕੇ ਵਿਚ ਇਕ ਇਕ ਕਰੋੜ ਦੀ ਲਾਗਤ ਨਾਲ ਆਧੁਨਿਕ ਖੇਡ ਸਟੇਡੀਅਮ ਬਣਾਏ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸਿਓਂ ਹਟਾ ਕੇ ਖੇਡਾਂ ਵੱਲ ਲਗਾਇਆ ਜਾ ਸਕੇ। ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਸੂਬੇ ਅੰਦਰ ਖਿਡਾਰੀ ਪੈਦਾ ਕਰਨ ਲਈ ਸਪੋਰਟਸ ਸਕੂਲ ਖੋਲ੍ਹੇ ਸਨ ਪਰ ਕਾਂਗਰਸ ਸਰਕਾਰ ਨੇ ਆਉਂਦਿਆਂ ਹੀ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ।
previous post