ਫਰੀਦਕੋਟ – ਬਹਿਬਲ ਕਲਾਂ ਗੋਲੀਕਾਂਡ ਦੇ ਚੱਲ ਰਹੇ ਕੇਸ ਸਰਕਾਰ ਬਨਾਮ ਚਰਨਜੀਤ ਸਿੰਘ ਦੀ ਅਗਲੀ ਸੁਣਵਾਈ 17 ਦਸੰਬਰ ਤਕ ਟਲ ਗਈ ਹੈ। ਇਸ ਕੇਸ ਵਿੱਚ ਵੱਖ-ਵੱਖ ਮੁਲਜ਼ਮਾਂ ਵਲੋਂ ਵੱਖਰੀਆਂ-ਵੱਖਰੀਆਂ ਦਰਖਾਸਤਾਂ ਬਾ ਅਦਾਲਤ ਹਰਬੰਸ ਸਿੰਘ ਲੇਖੀ ਐਡੀਸ਼ਨਲ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ਵਿੱਚ ਲਾਈਆਂ ਗਈਆਂ ਸਨ, ਜਿਨ੍ਹਾਂ ਦੀ ਅੱਜ ਅਦਾਲਤ ਵਿੱਚ ਬਹਿਸ ਹੋਈ, ਜਿਸ ਵਿੱਚ ਮੁਲਜਮ ਬਿਕਰਮਜੀਤ ਸਿੰਘ ਵੱਲੋਂ ਅਦਾਲਤ ਤੋਂ ਮੰਗ ਕੀਤੀ ਗਈ ਸੀ ਕਿ ਇਸ ਕੇਸ ਨੂੰ ਆਰਜ਼ੀ ਤੌਰ ’ਤੇ ਉਦੋਂ ਤਕ ਬੰਦ ਕੀਤਾ ਜਾਵੇ, ਜਦੋਂ ਤਕ ਐੱਸਆਈਟੀ ਇਸ ਕੇਸ ਦੀ ਜਾਂਚ ਪੂਰੀ ਨਹੀਂ ਕਰਦੀ ਅਤੇ ਇਸੇ ਕੇਸ ਵਿੱਚ ਹੀ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਵਲੋਂ ਦਰਖਾਸਤ ਲਾ ਕੇ ਅਦਾਲਤ ਤੋਂ ਮੰਗ ਕੀਤੀ ਗਈ ਸੀ ਕਿ ਪੁਲਿਸ ਬਹਿਬਲ ਕਲਾਂ ਵਿਖੇ ਹੋਈ ਘਟਨਾ ਵਿੱਚ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮ ਅਤੇ ਨੁਕਸਾਨੀ ਗਈ ਪਬਲਿਕ ਪ੍ਰਾਪਰਟੀ ਦੀ ਵੀ ਜਾਂਚ ਕਰੇ। ਇਸੇ ਹੀ ਕੇਸ ਵਿੱਚ ਮੁਲਜ਼ਮ ਚਰਨਜੀਤ ਸਿੰਘ ਵੱਲੋਂ ਇੱਕ ਹੋਰ ਦਰਖਾਸਤ ਲਾ ਕੇ ਅਦਾਲਤ ਤੋਂ ਮੰਗ ਕੀਤੀ ਗਈ ਸੀ ਕਿ ਸਾਰੇ ਮੁਲਜ਼ਮਾਂ ਖਿਲਾਫ ਸਾਂਝਾ ਚਾਰਜ ਲਾਇਆ ਜਾਵੇ।ਪਿਛਲੀ ਤਾਰੀਕ ’ਤੇ ਸਰਕਾਰੀ ਧਿਰ ਵੱਲੋਂ ਉਕਤ ਦਰਖਾਸਤਾਂ ਦਾ ਜਵਾਬ ਦੇਣ ਲਈ ਅਤੇ ਉਹਨਾਂ ਦਰਖਾਸਤਾਂ ’ਤੇ ਬਹਿਸ ਕਰਨ ਦਾ ਅਦਾਲਤ ਤੋਂ ਸਮਾਂ ਮੰਗਿਆ ਸੀ, ਜਿਸ ਸਬੰਧੀ ਅੱਜ ਸਰਕਾਰੀ ਧਿਰ ਵਲੋਂ ਸਾਰੀਆਂ ਦਰਖਾਸਤਾਂ ਦਾ ਅਦਾਲਤ ਵਿੱਚ ਜਵਾਬ ਪੇਸ਼ ਕੀਤਾ ਗਿਆ ਅਤੇ ਸਾਰੀਆਂ ਦਰਖਾਸਤਾਂ ’ਤੇ ਅਦਾਲਤ ਵੱਲੋਂ ਸਰਕਾਰੀ ਧਿਰ ਅਤੇ ਮੁਲਜ਼ਮ ਧਿਰ ਦੇ ਵਕੀਲਾਂ ਤੋਂ ਬਹਿਸ ਸੁਣੀ ਗਈ। ਅਦਾਲਤ ਵੱਲੋਂ ਸਾਰੀਆਂ ਦਰਖਾਸਤਾਂ ਫੈਸਲਾ ਹੁਣ ਅਦਾਲਤ ਵੱਲੋਂ 17 ਦਸੰਬਰ ਨੂੰ ਕੀਤਾ ਜਾਵੇਗਾ। ਇੱਥੇ ਇਹ ਵੀ ਦੱਸਣਾ ਬਣਦਾ ਹੈੈ ਕਿ ਇਸ ਕੇਸ ਵਿੱਚ ਸਾਬਕਾ ਡੀਜੀਪੀ. ਸੁਮੇਧ ਸੈਣੀ ਨੂੰ ਹਾਈਕੋਰਟ ਆਫ ਪੰਜਾਬ ਅਤੇ ਹਰਿਆਣਾ ਵੱਲੋਂ ਫਰੀਦਕੋਟ ਅਦਾਲਤ ਵਿੱਚ ਪੇਸ਼ ਹੋਣ ਦੀ ਛੋਟ ਦੇ ਦਿੱਤੀ ਗਈ ਸੀ।