ਨਵੀਂ ਦਿੱਲੀ – ਰੋਹਿਤ ਸ਼ਰਮਾ ਟੀ-20 ਤੋਂ ਬਾਅਦ ਹੁਣ ਭਾਰਤੀ ਵਨ ਡੇ ਟੀਮ ਦੇ ਕਪਤਾਨ ਵੀ ਹੋਣਗੇ। ਬੀਸੀਸੀਆਈ ਨੇ ਰੋਹਿਤ ਨੂੰ ਵਨ ਡੇ ਕਪਤਾਨ ਬਣਾਉਣ ਦਾ ਫ਼ੈਸਲਾ ਲੈ ਲਿਆ ਹੈ। ਜਲਦ ਹੀ ਇਸ ਦਾ ਅਧਿਕਾਰਕ ਐਲਾਨ ਕਰ ਦਿੱਤਾ ਜਾਵੇਗਾ। ਵਿਰਾਟ ਨੇ ਬੀਸੀਸੀਆਈ ਤੋਂ ਸੰਕੇਤ ਮਿਲਣ ਤੋਂ ਬਾਅਦ ਟੀ-20 ਵਿਸ਼ਵ ਕੱਪ ਤੋਂ ਬਾਅਦ ਇਸ ਫਾਰਮੈਟ ਦੀ ਕਪਤਾਨੀ ਛੱਡ ਦਿੱਤੀ ਸੀ ਪਰ ਉਹ ਵਨ ਡੇ ਦੀ ਕਪਤਾਨੀ ਖ਼ੁਦ ਛੱਡਣ ਨੂੰ ਤਿਆਰ ਨਹੀਂ ਸਨ। ਇਸੇ ਕਾਰਨ ਦੱਖਣੀ ਅਫਰੀਕਾ ਲਈ ਜਾਣ ਵਾਲੀ ਭਾਰਤੀ ਟੀਮ ਦੇ ਐਲਾਨ ‘ਚ ਦੇਰੀ ਹੋ ਰਹੀ ਸੀ। ਦੱਖਣੀ ਅਫਰੀਕਾ ਲਈ ਨਾ ਹੀ ਸੋਮਵਾਰ ਤੇ ਨਾ ਹੀ ਮੰਗਲਵਾਰ ਨੂੰ ਟੀਮ ਐਲਾਨੀ ਜਾ ਸਕੀ। ਬੀਸੀਸੀਆਈ ਦੇ ਸੂਤਰ ਨੇ ਕਿਹਾ ਕਿ ਫ਼ੈਸਲਾ ਹੋ ਗਿਆ ਹੈ। ਰੋਹਿਤ ਹੀ ਦੱਖਣੀ ਅਫਰੀਕਾ ਵਿਚ ਤਿੰਨ ਵਨ ਡੇ ਦੀ ਸੀਰੀਜ਼ ਵਿਚ ਟੀਮ ਦੇ ਕਪਤਾਨ ਹੋਣਗੇ। ਇਸ ‘ਤੇ ਜਲਦ ਹੀ ਫ਼ੈਸਲਾ ਹੋ ਸਕਦਾ ਹੈ। ਚੋਣਕਾਰਾਂ ਨੇ ਇਸ ‘ਤੇ ਫ਼ੈਸਲਾ ਲੈ ਕੇ ਬੀਸੀਸੀਆਈ ਨੂੰ ਦੱਸ ਦਿੱਤਾ ਹੈ। ਬੀਸੀਸੀਆਈ ਦੇ ਅਹੁਦੇਦਾਰ ਵੀ ਇਸ ਨਾਲ ਸਹਿਮਤ ਹਨ ਕਿ ਚਿੱਟੀ ਗੇਂਦ ਦੀ ਕ੍ਰਿਕਟ ਮਤਲਬ ਕਿ ਵਨ ਡੇ ਤੇ ਟੀ-20 ਦਾ ਇਕ ਹੀ ਕਪਤਾਨ ਹੋਣਾ ਚਾਹੀਦਾ ਹੈ।